ਨਸ਼ਾ ਵੇਚਣ, ਮੋਟਰਸਾਈਕਲ, ਪਰਸ, ਪੈਸੇ ਅਤੇ ਸੋਨਾ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼, 4 ਕਾਬੂ

11/26/2020 3:07:28 PM

ਬਟਾਲਾ(ਬੇਰੀ): ਥਾਣਾ ਰੰਗੜ-ਨੰਗਲ ਦੀ ਪੁਲਸ ਨੇ ਮੇਲਿਆਂ 'ਚ ਗੱਡੀਆਂ ਰਾਹੀਂ ਨੌਜਵਾਨਾਂ ਨੂੰ ਨਸ਼ੇ ਵਾਲੇ ਪਦਾਰਥ ਵੇਚਣ ਦੇ ਨਾਲ-ਨਾਲ ਲੋਕਾਂ ਦੇ ਪਰਸ, ਮੋਟਰਸਾਈਕਲ ਪੈਸੇ ਅਤੇ ਸੋਨਾ ਚੋਰੀ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਰੰਗੜ-ਨੰਗਲ ਅਵਤਾਰ ਸਿੰਘ ਕੰਗ ਨੇ ਦੱਸਿਆ ਕਿ ਪੁਲਸ ਮੁਖੀ ਬਟਾਲਾ ਰਛਪਾਲ ਸਿੰਘ ਦੀਆਂ ਹਦਾਇਤਾਂ 'ਤੇ ਡੀ. ਐੱਸ. ਪੀ. ਸ੍ਰੀ ਹਰਗੋਬਿੰਦਪੁਰ ਲਖਬੀਰ ਸਿੰਘ ਸਿੱਧੂ ਦੇ ਆਦੇਸ਼ਾਂ 'ਤੇ ਉਨ੍ਹਾਂ ਦੀ ਅਗਵਾਈ ਹੇਠ ਏ. ਐੱਸ. ਆਈ. ਇਕਬਾਲ ਸਿੰਘ, ਏ. ਐੱਸ. ਆਈ. ਚੰਨਣ ਸਿੰਘ, ਏ. ਐੱਸ. ਆਈ. ਰਛਪਾਲ ਸਿੰਘ, ਏ. ਐੱਸ. ਆਈ. ਸੁਰਿੰਦਰ ਸਿੰਘ ਅਤੇ ਏ. ਐੱਸ. ਆਈ. ਹਰਪਿੰਦਰ ਸਿੰਘ ਅਤੇ ਡਰਾਈਵਰ ਏ. ਐੱਸ. ਆਈ. ਹਰਜਿੰਦਰ ਸਿੰਘ ਸਮੇਤ ਪੁਲਸ ਪਾਰਟੀ ਦੌਰਾਨੇ ਗਸ਼ਤ ਸ੍ਰੀ ਅਚਲ ਸਾਹਿਬ ਮੇਲੇ ਵਿਖੇ ਡਿਊਟੀ 'ਤੇ ਤਾਇਨਾਤ ਸਨ। 

ਇਹ ਵੀ ਪੜ੍ਹੋ : ਨਵ-ਵਿਆਹੁਤਾ ਨੇ ਥਾਣਾ ਮੁਖੀ 'ਤੇ ਲਾਏ ਜਬਰ-ਜ਼ਿਨਾਹ ਦੇ ਦੋਸ਼, ਅੱਗਿਓਂ ਥਾਣਾ ਮੁਖੀ ਨੇ ਕੀਤੇ ਹੈਰਾਨੀਜਨਕ ਖ਼ੁਲਾਸੇ

ਇਸੇ ਦੌਰਾਨ ਗੁਪਤਚਰ ਨੇ ਸੂਚਨਾ ਦਿੱਤੀ ਕਿ ਰਾਜ ਕੁਮਾਰ ਪੁੱਤਰ ਜਗੀਰ ਸਿੰਘ ਵਾਸੀ ਸੁਨਾਮ, ਗੁਰਮੀਤ ਸਿੰਘ ਮੀਤ ਪੁੱਤਰ ਕਾਲਾ ਸਿੰਘ ਵਾਸੀ ਹਰਿਆਓ, ਬਲਜੀਤ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਸਮੁੰਦਗੜ੍ਹ ਅਤੇ ਮਨਦੀਪ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਮੁਰਾਦਪੁਰਾ ਜ਼ਿਲਾ ਸੰਗਰੂਰ ਨੇ ਨੌਜਵਾਨਾਂ ਅਤੇ ਜਨਾਨੀਆਂ ਨਾਲ ਇਕ ਗਿਰੋਹ ਬਣਾਇਆ ਹੋਇਆ ਹੈ, ਜੋ ਵੱਡੇ ਮੇਲਿਆਂ 'ਚ ਜਾ ਕੇ ਆਪਣੀਆਂ ਗੱਡੀਆਂ 'ਚ ਮਾਰੂ ਹਥਿਆਰ ਅਤੇ ਨਸ਼ੇ ਵਾਲੇ ਪਦਾਰਥ ਲੈ ਕੇ ਨੌਜਵਾਨਾਂ ਨੂੰ ਨਸ਼ਾ ਵੇਚਣ ਦੇ ਨਾਲ-ਨਾਲ ਲੋਕਾਂ ਦੇ ਮੋਟਰਸਾਈਕਲ, ਪਰਸ, ਪੈਸੇ ਅਤੇ ਸੋਨਾ ਚੋਰੀ ਕਰਦੇ ਹਨ। ਅੱਜ-ਕੱਲ ਇਹ ਗਿਰੋਹ ਅੱਚਲ ਸਾਹਿਬ ਦੇ ਮੇਲੇ 'ਚ ਆਪਣੀਆਂ ਗੱਡੀਆਂ ਸਮੇਤ ਉਕਤ ਜਨਾਨੀਆਂ ਨਾਲ ਆਇਆ ਹੈ। ਜੇਕਰ ਪੁਲ ਡਰੇਨ ਚਾਹਲ ਕਲਾਂ ਵਿਖੇ ਨਾਕਾਬੰਦੀ ਕੀਤੀ ਜਾਵੇ ਤਾਂ ਉਕਤ ਨੌਜਵਾਨ ਚੋਰੀਸ਼ੁਦਾ ਪਰਸ/ਪੈਸੇ/ਸੋਨਾ, ਮਾਰੂ ਹਥਿਆਰਾਂ, ਨਸ਼ੇ ਵਾਲੇ ਪਦਾਰਥਾਂ ਅਤੇ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਕਾਬੂ ਆ ਸਕਦੇ ਹਨ। ਇਸੇ ਤਹਿਤ ਗਿਰੋਹ ਦੇ ਉਕਤ ਚਾਰਾਂ ਮੈਂਬਰਾਂ ਨੂੰ ਅੱਡਾ ਅਚਲ ਸਾਹਿਬ ਤੋਂ ਕਾਬੂ ਕਰ ਕੇ ਉਕਤ ਗੱਡੀ 'ਚੋਂ 8 ਗ੍ਰਾਮ ਹੈਰੋਇਨ ਅਤੇ 2 ਜੇਬ ਕਟਰ ਬਰਾਮਦ ਕੀਤੇ ਹਨ। ਐੱਸ. ਐੱਚ. ਓ. ਅਵਤਾਰ ਸਿੰਘ ਕੰਗ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਐੱਨ. ਡੀ. ਪੀ. ਐੱਸ. ਐਕਟ, ਅਸਲਾ ਐਕਟ ਅਤੇ ਆਈ. ਪੀ. ਸੀ. ਦੀ ਬਣਦੀ ਧਾਰਾ ਹੇਠ ਥਾਣਾ ਰੰਗੜ-ਨੰਗਲ ਵਿਖੇ ਉਕਤ ਚਾਰਾਂ ਸਮੇਤ ਬਾਕੀ ਨੌਜਵਾਨਾਂ ਅਤੇ ਜਨਾਨੀਆਂ, ਜੋ ਕਿ ਇਸ ਗਿਰੋਹ 'ਚ ਸ਼ਾਮਲ ਦੱਸੀਆਂ ਜਾਂਦੀਆਂ ਹਨ, ਵਿਰੁੱਧ ਮੁਕੱਦਮਾ ਨੰ.178 ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਹਾਈ ਕੋਰਟ ਦਾ ਵੱਡਾ ਫ਼ੈਸਲਾ: ਬਾਲਗ ਕੁੜੀ ਆਪਣੀ ਮਰਜ਼ੀ ਨਾਲ ਵਿਆਹ ਕਰਾਉਣ ਲਈ ਅਜ਼ਾਦ


Baljeet Kaur

Content Editor

Related News