ਰਾਵੀ ਦਰਿਆ ''ਤੇ ਪਲਟੂਨ ਪੁਲ ਨਾ ਬਣਾਉਣ ਕਾਰਣ ਕਿਸਾਨ ਪ੍ਰੇਸ਼ਾਨ
Saturday, Oct 26, 2019 - 01:18 PM (IST)

ਬਹਿਰਾਮਪੁਰ (ਗੋਰਾਇਆ) : ਹਲਕਾ ਦੀਨਾਨਗਰ ਅਧੀਨ ਆਉਂਦੇ ਮਕੌੜਾ ਪੱਤਣ 'ਤੇ ਰਾਵੀ ਦਰਿਆ ਤੋਂ ਪਰਲੇ ਪਾਸੇ ਵਸੇ ਅੱਧਾ ਦਰਜਨ ਪਿੰਡਾਂ ਲਈ ਹਰ ਸਾਲ ਬਣਾਏ ਜਾਂਦੇ ਪਲਟੂਨ ਪੁਲ 'ਚ ਇਸ ਵਾਰੀ ਦੇਰ ਹੋਣ ਕਾਰਣ ਆਮ ਲੋਕਾਂ ਸਮੇਤ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਣ ਕਿਸਾਨਾਂ ਵਿਚ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਰੋਸ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਸਰਪੰਚ ਗੁਰਨਾਮ ਸਿੰਘ, ਸਾਬਕਾ ਸਰਪੰਚ ਰੂਪ ਸਿੰਘ ਭਰਿਆਲ, ਬਿਕਰਮਜੀਤ ਸਿੰਘ, ਅਮਰੀਕ ਸਿੰਘ, ਬਲਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਹਰ ਸਾਲ ਝੋਨੇ ਦੀ ਫਸਲ ਪੱਕਣ ਤੋਂ ਪਹਿਲਾਂ ਰਾਵੀ ਦਰਿਆ 'ਤੇ ਪਲਟੂਨ ਪੁਲ ਦਾ ਨਿਰਮਾਣ ਕਰਵਾ ਦਿੱਤਾ ਜਾਂਦਾ ਸੀ ਪਰ ਇਸ ਵਾਰ ਅੱਧੇ ਤੋਂ ਵੱਧ ਅਕਤੂਬਰ ਮਹੀਨਾ ਬੀਤਣ ਪਿੱਛੋਂ ਵੀ ਪੁਲ ਤਿਆਰ ਨਹੀਂ ਕੀਤਾ ਗਿਆ। ਇਸ ਕਾਰਣ ਕਿਸਾਨਾਂ ਨੂੰ ਝੋਨੇ ਦੀ ਫਸਲ ਮੰਡੀਆਂ ਵਿਚ ਵੇਚਣ ਲਈ ਟਰਾਲੀ ਦਰਿਆ 'ਚੋਂ ਲੰਘਾ ਕੇ ਜਾਨ ਖਤਰੇ 'ਚ ਪਾ ਕੇ ਲਿਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਅੱਜ ਜਦੋਂ ਕਿਸਾਨ ਬਲਵਿੰਦਰ ਸਿੰਘ ਝੋਨੇ ਦੀ ਟਰਾਲੀ ਕਸਬਾ ਬਹਿਰਾਮਪੁਰ ਵਿਖੇ ਵੇਚਣ ਲਈ ਜਾ ਰਿਹਾ ਸੀ ਤਾਂ ਅਚਾਨਕ ਟਰਾਲੀ ਦਰਿਆ ਵਿਚਕਾਰ ਫਸ ਗਈ, ਜਿਸ ਕਾਰਣ ਕਿਸਾਨ ਦਾ ਨੁਕਸਾਨ ਹੋਣ ਤੋਂ ਤਾਂ ਬਚਾਅ ਰਿਹਾ ਪਰ ਫਿਰ ਵੀ ਟਰਾਲੀ ਦਰਿਆ ਚੋਂ ਕੱਢਣ ਲਈ ਬਹੁਤ ਹੀ ਜੱਦੋ-ਜਹਿਦ ਕਰਨੀ ਪਈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇਸ ਵਾਰੀ ਜਾਣ ਬੁੱਝ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਸਮੂਹ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਤੋਂ ਜਲਦ ਪੁਲ ਦਾ ਨਿਰਮਾਣ ਨਾ ਕਰਵਾਇਆ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਧਰਨਾ ਦਿੱਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।