ਘਰ ’ਚ ਵੜ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, ਪਰਿਵਾਰ ਦੇ 5 ਮੈਂਬਰ ਜ਼ਖ਼ਮੀ
Tuesday, Jun 27, 2023 - 09:36 PM (IST)
ਬਟਾਲਾ (ਸਾਹਿਲ, ਯੋਗੀ, ਅਸ਼ਵਨੀ) : ਪੁਲਸ ਥਾਣਾ ਕਾਦੀਆਂ ਅਧੀਨ ਪੈਂਦੇ ਪਿੰਡ ਕੋਟਲਾ ਮੂਸਾ ਵਿਖੇ ਬੀਤੀ ਦੇਰ ਰਾਤ ਘਰ 'ਚ ਦਾਖਲ ਹੋ ਕੇ ਕੁਝ ਲੋਕਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇਕੋ ਪਰਿਵਾਰ ਦੇ 5 ਲੋਕਾਂ ਨੂੰ ਜ਼ਖ਼ਮੀ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ।
ਇਸ ਸਬੰਧੀ ਪਲਵਿੰਦਰ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਪਿੰਡ ਕੋਟਲਾ ਮੂਸਾ ਨੇ ਦੱਸਿਆ ਕਿ ਜਦੋਂ ਉਹ ਘਰ ਵਿੱਚ ਸੀ ਤਾਂ ਇਸ ਦੌਰਾਨ ਘਰ ਦੇ ਨੇੜੇ ਰਹਿੰਦੇ ਕੁਝ ਲੋਕਾਂ ਵੱਲੋਂ ਉਨ੍ਹਾਂ ਦੇ ਘਰ ਅੰਦਰ ਦਾਖਲ ਹੋ ਕੇ ਉਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਮੇਰਾ ਲੜਕਾ ਸੁਖਦੇਵ ਸਿੰਘ ਪੁੱਤਰ ਕੁੰਨਣ ਸਿੰਘ, ਲੜਕੀ ਗਗਨਦੀਪ ਕੌਰ ਸਮੇਤ ਪ੍ਰਿੰਸਪਾਲ ਸਿੰਘ ਤੇ ਰਣਜੀਤ ਕੌਰ ਜ਼ਖ਼ਮੀ ਹੋ ਗਏ। ਉਨ੍ਹਾਂ ਵੱਲੋਂ ਰੌਲਾ ਪਾਏ ਜਾਣ ’ਤੇ ਹਮਲਾ ਕਰਨ ਵਾਲੇ ਸਬੰਧਤ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ : ਅਜਬ-ਗਜ਼ਬ: ਮੌਤ ਤੋਂ ਪਹਿਲਾਂ ਲੋਕ ਕੀ ਬੁੜਬੁੜਾਉਂਦੇ ਹਨ?, ਸਰੀਰ 'ਚ ਕੀ-ਕੀ ਹੁੰਦੇ ਬਦਲਾਅ, ਨਰਸ ਨੇ ਕੀਤਾ ਖੁਲਾਸਾ
ਉਨ੍ਹਾਂ ਦੱਸਿਆ ਕਿ ਉਪਰੰਤ ਉਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨੇ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ। ਇਹ ਵੀ ਪਤਾ ਲੱਗਾ ਹੈ ਕਿ ਸੁਖਦੇਵ ਸਿੰਘ ਦੀ ਹਾਲਤ ਗੰਭੀਰ ਹੋਣ ਕਰਕੇ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ 'ਚ ਰੈਫਰ ਕਰ ਦਿੱਤਾ ਹੈ। ਪਲਵਿੰਦਰ ਕੌਰ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਮਲਾ ਕਰਨ ਵਾਲਿਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਕੀ ਕਹਿਣਾ ਹੈ ਐੱਸ.ਐੱਚ.ਓ. ਦਾ?
ਇਸ ਸਬੰਧੀ ਜਦੋਂ ਪੁਲਸ ਥਾਣਾ ਕਾਦੀਆਂ ਦੇ ਐੱਸ.ਐੱਚ.ਓ. ਇੰਸਪੈਕਟਰ ਸੁਖਰਾਜ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਜ਼ਖ਼ਮੀ ਹੋਏ ਪਰਿਵਾਰਕ ਮੈਂਬਰ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਹਨ ਅਤੇ ਜੋ ਵੀ ਪਰਿਵਾਰਕ ਮੈਂਬਰ ਬਿਆਨ ਦਰਜ ਕਰਵਾਉਣਗੇ, ਉਸ ਦੇ ਅਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।