ਸ਼ਹਿਰਵਾਸੀਆਂ ਨੂੰ ਚੌਂਕਾਂ ਦੇ ਨਾਂ ’ਤੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ : ਅਰੁਣਾ ਚੌਧਰੀ
Sunday, Apr 13, 2025 - 07:52 PM (IST)

ਦੀਨਾਨਗਰ, (ਹਰਜਿੰਦਰ ਗੋਰਾਇਆ)- ਦੀਨਾਨਗਰ ਵਿਖੇ ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਚੌਂਕਾਂ ਦੇ ਨਾਵਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਕਾਰਨ ਜਿੱਥੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਲੀਡਰਾਂ ਵੱਲੋਂ ਇੱਕ-ਦੂਜੇ ਉੱਤੇ ਕਈ ਤਰ੍ਹਾਂ ਦੇ ਨਿਸ਼ਾਨੇ ਵਿੰਨ੍ਹੇ ਜਾ ਰਹੇ ਹਨ ਉਥੇ ਹੀ ਪਿਛਲੀ ਦਿਨੀ ਹੀ ਆਪ ਦੇ ਸ਼ਹਿਰੀ ਪ੍ਰਧਾਨ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਸੀ। ਜਿਸ ਵਿਚ ਉਹਨਾਂ ਵੱਲੋਂ ਇਹਨਾਂ ਚੌਂਕਾਂ ਨੂੰ ਲੈ ਕੇ ਕਾਂਗਰਸ 'ਤੇ ਕਈ ਨਿਸ਼ਾਨੇ ਵਿੰਨ੍ਹੇ ਗਏ ਸਨ।
ਅੱਜ ਕਾਂਗਰਸ ਵਿਧਾਇਕਾ ਦੀਨਾਨਗਰ ਅਰੁਣਾ ਚੌਧਰੀ ਅਤੇ ਕਾਂਗਰਸੀ ਸੀਨੀਅਰ ਆਗੂ ਅਸ਼ੋਕ ਚੌਧਰੀ ਵੱਲੋਂ ਵੀ ਪ੍ਰੈੱਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਉੱਤੇ ਕਈ ਤਰ੍ਹਾਂ ਦੇ ਨਿਸ਼ਾਨੇ ਵਿੰਨ੍ਹੇ ਗਏ ਹਨ, ਜਿਸ ਤਹਿਤ ਇਹਨਾਂ ਚੌਕਾਂ ਨੂੰ ਲੈ ਕੇ ਦੀਨਾਨਗਰ ਦੀ ਸਿਆਸਤ ਕਾਫੀ ਭੱਖਦੀ ਹੋਈ ਨਜ਼ਰ ਆ ਰਹੀ ਹੈ। ਵਿਧਾਇਕਾ ਦੀਨਾਨਗਰ ਅਰੁਣਾ ਚੌਧਰੀ ਅਤੇ ਸੀਨੀਅਰ ਕਾਂਗਰਸ ਨੇਤਾ ਅਸ਼ੋਕ ਚੌਧਰੀ ਵੱਲੋਂ ਅੱਜ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਸਿਆਸਤ ਵਿੱਚ ਵੋਟਰਾਂ ਵੱਲੋਂ ਦਿੱਤੀ ਗਈ ਜਿੱਤ ਜਾਂ ਹਾਰ ਹੀ ਸਭ ਤੋਂ ਵੱਡਾ ਸਰਟੀਫਿਕੇਟ ਹੁੰਦਾ ਹੈ ਅਤੇ ਅਜਿਹੇ ਲੀਡਰ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਦੀਨਾਨਗਰ ਦੀ ਜਨਤਾ ਨੇ ਕਿਸਨੂੰ ਜਿੱਤ ਦਾ ਸਰਟੀਫਿਕੇਟ ਦਿੱਤਾ ਹੋਇਆ ਹੈ।
ਦੀਨਾਨਗਰ ਸ਼ਹਿਰ ਅੰਦਰ ਚੌਂਕਾਂ ਦੇ ਵਿਵਾਦਾ ਤੇ ਅਰੁਣਾ ਚੌਧਰੀ ਅਤੇ ਅਸ਼ੋਕ ਚੌਧਰੀ ਨੇ ਕਿਹਾ ਕਿ ਅਸੀਂ ਹਮੇਸ਼ਾ ਅਮਨ ਤੇ ਸ਼ਾਂਤੀ ਦੀ ਗੱਲ ਕੀਤੀ ਹੈ ਅਤੇ ਆਪਣੇ ਹਲਕੇ ਦੀ ਸੁੱਖ ਮੰਗੀ ਹੈ। ਉਨ੍ਹਾਂ ਸ਼ਹਿਰਵਾਸੀਆਂ ਨੂੰ ਚੌਂਕਾਂ ਦੇ ਨਾਮ ’ਤੇ ਲੜਾਈਆਂ ਨਾ ਲੜਣ ਅਤੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਨਾਲ ਹੀ ਹਲਕੇ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਲੀਡਰਾਂ ਦੇ ਗੁਮਰਾਹਕੁੰਨ ਪ੍ਰਚਾਰ ਤੋਂ ਬਚਣ ਦੀ ਗੱਲ ਵੀ ਆਖੀ ਹੈ।
ਉਹਨਾਂ ਕਿਹਾ ਕਿ ਇਹ ਚੌਂਕ ਜਿਹੜੇ ਸਾਰੇ ਧਰਮਾਂ ਦੇ ਸਾਂਝੇ ਗੁਰੂਆਂ ਦੇ ਨਾਮ ਤੇ ਬਣ ਰਹੇ ਹਨ ਅਤੇ ਸਾਨੂੰ ਇਹਨਾਂ ਚੌਂਕਾਂ ਦੇ ਨਾਵਾਂ ਪ੍ਰਤੀ ਕਿਸੇ ਤਰ੍ਹਾਂ ਦੀ ਵੀ ਕੋਈ ਰਾਜਨੀਤੀ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ ਕਿਉਂਕਿ ਗੁਰੂ ਪੀਰ ਸਾਰੇ ਧਰਮਾਂ ਦੇ ਸਾਂਝੇ ਹੁੰਦੇ ਹਨ।