ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਵੱਲੋਂ ਗੁਰਦਾਸਪੁਰ ਦਾ ਦੌਰਾ, ਆਮਦਨ ’ਚ ਵਾਧਾ ਕਰਨ ਸਬੰਧੀ ਕੀਤੇ ਅਹਿਮ ਖੁਲਾਸੇ
Sunday, Jun 25, 2023 - 12:16 PM (IST)
ਗੁਰਦਾਸਪੁਰ (ਹਰਮਨ)- ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਰਾਮ ਮਿੱਤਲ ਨੇ ਬੀਤੇ ਦਿਨ ਗੁਰਦਾਸਪੁਰ ਜ਼ਿਲ੍ਹੇ ਦੇ ਦੌਰੇ ਮੌਕੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਪਸ਼ੂ ਪਾਲਕਾਂ ਦੀ ਆਮਦਨ ’ਚ ਵਾਧਾ ਕਰਨ ਅਤੇ ਵਿਭਾਗ ਦੀਆਂ ਯੋਜਨਾਵਾਂ ਸਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਇਸ ਮੌਕੇ ਉਨ੍ਹਾਂ ਨਾਲ ਪਸ਼ੂ ਪਾਲਣ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ. ਜੀ. ਐੱਸ. ਬੇਦੀ, ਡਿਪਟੀ ਡਾਇਰੈਕਟਰ ਡਾ. ਸ਼ਾਮ ਸਿੰਘ, ਵੈਟਰਨਰੀ ਅਫਸਰ ਡਾ. ਗੁਰਦੇਵ ਵੀ ਮੌਜੂਦ ਸਨ। ਡਾ. ਰਾਮਪਾਲ ਨੇ ਕਿਹਾ ਕਿ 28 ਫਰਵਰੀ ਨੂੰ ਕਰੀਬ 315 ਵੈਟਰਨਰੀ ਅਫਸਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਸਨ ਅਤੇ ਨਾਲ ਹੀ 300 ਹੋਰ ਵੈਟਰਨਰੀ ਅਫਸਰਾਂ ਦੀ ਭਰਤੀ ਕਰਨ ਲਈ ਪੰਜਾਬ ਪਬਲਿਕ ਸਰਵਿਸ ਕਮਿਸ਼ਨਰ ਨੂੰ ਲਿਖਿਆ ਗਿਆ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਤੇਜ਼ ਗਰਮੀ ਨੇ ਕੱਢੇ ਵੱਟ, ਹੁੰਮਸ ਤੇ ਬਿਜਲੀ ਦੇ ਕੱਟਾਂ ਨੇ ਲੋਕਾਂ ਦਾ ਖ਼ਰਾਬ ਕੀਤਾ ਵੀਕਐਂਡ
ਇਸ ਦੇ ਨਾਲ ਹੀ 644 ਵੈਟਰਨਰੀ ਇੰਸਪੈਕਟਰ ਦੀ ਭਰਤੀ ਅਗਲੇ ਇਕ-ਦੋ ਹਫਤਿਆਂ ਬਾਅਦ ਮੁਕੰਮਲ ਕਰ ਲਈ ਜਾਵੇਗੀ, ਜਿਸ ਤੋਂ ਬਾਅਦ ਹੁਣ ਪਸ਼ੂ ਪਾਲਣ ਵਿਭਾਗ ਦੀ ਪਿੰਡਾਂ ਅੰਦਰ ਪਸ਼ੂ ਪਾਲਕਾਂ ਤੱਕ ਪਹੁੰਚ ਹੋਰ ਵੀ ਆਸਾਨ ਹੋ ਜਾਵੇਗੀ ਅਤੇ ਪਸ਼ੂ ਪਾਲਕਾਂ ਨੂੰ ਵਧੀਆ ਸੇਵਾਵਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਸਮੇਤ ਹੋਰ ਕੰਮ ਜੰਗੀ ਪੱਧਰ ’ਤੇ ਚੱਲ ਰਹੇ ਹਨ ਅਤੇ ਪਸ਼ੂ ਪਾਲਕਾਂ ਨੂੰ ਹੋਰ ਵੀ ਸੁਚੱਜੀਆਂ ਸੇਵਾਵਾਂ ਦੇਣ ਲਈ ਅੱਜ ਉਨ੍ਹਾਂ ਨੇ ਗੁਰਦਾਸਪੁਰ ਦਾ ਦੌਰਾ ਕਰ ਕੇ ਸਮੁੱਚੇ ਸਟਾਫ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ 15 ਫਰਵਰੀ ਤੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਕੇ ਗਊਆਂ ਨੂੰ ਲੰਪੀ ਸਕਿਨ ਤੋਂ ਬਚਾਉਣ ਲਈ ਵੈਕਸੀਨੇਸ਼ਨ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ ਅਤੇ ਹੁਣ ਗਲ ਘੋਟੂ ਬੀਮਾਰੀ ਤੋਂ ਬਚਾਅ ਲਈ ਵੈਕਸੀਨੇਸ਼ਨ ਦਾ ਕੰਮ ਵੀ ਮੁਕੰਮਲ ਹੋਣ ਦੇ ਨੇੜੇ ਹੈ, ਜਿਸ ਤੋਂ ਬਾਅਦ ਹੁਣ ਮੂੰਹ ਖੋਰ ਦੀ ਬੀਮਾਰੀ ਦੀ ਰੋਕਥਾਮ ਲਈ ਵੈਕਸੀਨੇਸ਼ਨ ਦਾ ਕੰਮ ਵੀ ਸ਼ੁਰੂ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਸਾਮੀਆਂ ਭਰਨ ਤੋਂ ਬਾਅਦ ਵਿਭਾਗ ਦੇ ਇਨਫਰਾਸਟਰੱਕਚਰ ’ਚ ਸੁਧਾਰ ਲਈ ਵੀ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਨੈਸ਼ਨਲ ਲਾਈਵ ਸਟਾਕ ਮਿਸ਼ਨ ਤਹਿਤ ਪੋਲਟਰੀ, ਪਿਗਰੀ, ਫੀਡ ਯੂਨਿਟ, ਸਾਈਲੇਜ ਆਦਿ ਲਾਉਣ ਲਈ ਕਿਸਾਨਾਂ ਨੂੰ 50 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਜੇਕਰ ਕੋਈ ਨੌਜਵਾਨ ਨਵਾਂ ਯੂਨਿਟ ਸਥਾਪਿਤ ਕਰਨਾ ਚਾਚੁੰਦਾ ਹੈ ਤਾਂ ਉਹ ਵਿਭਾਗ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ 1 ਕਰੋੜ ਤੱਕ ਦਾ ਲੋਨ ਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਕੈਂਪ ਲਾਏ ਜਾ ਰਹੇ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਬਟਾਲਾ 'ਚ ਸ਼ਿਵ ਸੈਨਾ ਆਗੂ ਤੇ ਉਸ ਦੇ ਪੁੱਤ 'ਤੇ ਚੱਲੀਆਂ ਤਾੜ-ਤਾੜ ਗੋਲ਼ੀਆਂ
ਪੰਜਾਬ ਅੰਦਰ 40 ਲੱਖ ਮੱਝਾਂ ਅਤੇ 25 ਲੱਖ ਗਊਆਂ
ਉਨ੍ਹਾਂ ਦੱਸਿਆ ਕਿ ਪੰਜਾਬ ਅੰਦਰ 2019 ਤੱਕ ਦੇ ਅੰਕੜਿਆਂ ਅਨੁਸਾਰ ਕਰੀਬ 40 ਲੱਖ ਮੱਝਾਂ ਅਤੇ 25 ਲੱਖ ਗਊਆਂ ਹਨ। ਉਨ੍ਹਾਂ ਕਿਹਾ ਕਿ ਇਕ ਹਸਪਤਾਲ ਖੋਲ੍ਹਣ ਲਈ ਉਸ ਇਲਾਕੇ ਅੰਦਰ ਕਰੀਬ 4 ਹਜ਼ਾਰ ਪਸ਼ੂ ਹੋਣੇ ਚਾਹੀਦੇ ਹਨ ਅਤੇ ਡਿਸਪੈਂਸਰੀ ਖੋਲ੍ਹਣ ਲਈ ਕਰੀਬ 3 ਹਜ਼ਾਰ ਪਸ਼ੂ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਰੇ ਹਸਪਤਾਲ ਬਹੁਤ ਵਧੀਆ ਸਥਿਤੀ ’ਚ ਹਨ ਅਤੇ ਪਸ਼ੂ ਪਾਲਕਾਂ ਨੂੰ ਬਿਹਤਰ ਸੇਵਾਵਾਂ ਦੇ ਰਹੇ ਹਨ।
ਜਲਦ ਆ ਸਕਦੀ ਹੈ ਪਸ਼ੂਆਂ ਦੇ ਬੀਮੇ ਦੀ ਯੋਜਨਾ
ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਹੀ ਪਸ਼ੂਆਂ ਦੇ ਬੀਮੇ ਦੀ ਯੋਜਨਾ ਸ਼ੁਰੂ ਕੀਤੀ ਜਾ ਸਕੇ ਪਰ ਉਨ੍ਹਾਂ ਨਾਲ ਹੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਯੋਜਨਾਵਾਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਹਿਯੋਗ ਕਰਨ ਕਿਉਂਕਿ ਕਈ ਯੋਜਨਾਵਾਂ ਕਿਸਾਨਾਂ ਦੇ ਸਹਿਯੋਗ ਤੋਂ ਬਿਨਾਂ ਨੇਪਰੇ ਨਹੀਂ ਚੜ੍ਹਦੀਆਂ।
ਇਹ ਵੀ ਪੜ੍ਹੋ- ਪਠਾਨਕੋਟ ਵਿਖੇ ਦਰੱਖਤ ਨਾਲ ਲਟਕਤੀ ਮਿਲੀ ਨੌਜਵਾਨ ਦੀ ਲਾਸ਼, ਬਣਿਆ ਦਹਿਸ਼ਤ ਦਾ ਮਾਹੌਲ
ਅਣ-ਅਧਿਕਾਰਤ ਵਿਅਕਤੀ ਕੋਲੋਂ ਨਾ ਲਈ ਜਾਵੇ ਕੋਈ ਸਲਾਹ
ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ. ਜੀ. ਐੱਸ. ਬੇਦੀ ਨੇ ਸਮੂਹ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਅਣ-ਅਧਿਕਾਰਤ ਵਿਅਕਤੀ ਕੋਲੋਂ ਸਲਾਹ ਲੈ ਕੇ ਪਸ਼ੂਆਂ ਨੂੰ ਕੋਈ ਦਵਾਈ ਨਾ ਦੇਣ ਕਿਉਂਕਿ ਅਜਿਹਾ ਕਰਨ ਨਾਲ ਕਈ ਵਾਰ ਗਲਤ ਦਵਾਈ ਦਿੱਤੀ ਜਾਂਦੀ ਹੈ, ਜਿਸ ਨਾਲ ਬੇਲੋੜਾ ਖਰਚਾ ਵੀ ਹੁੰਦਾ ਹੈ ਅਤੇ ਪਸ਼ੂ ਦੀ ਸਿਹਤ ’ਤੇ ਵੀ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਸ਼ੂ ਧਨ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਜੇਕਰ ਪਸ਼ੂ ਦੀ ਸਿਹਤ ਖਰਾਬ ਹੋ ਜਾਵੇ ਜਾਂ ਪਸ਼ੂ ਦੀ ਮੌਤ ਹੋ ਜਾਵੇ ਤਾਂ ਉਸ ਦੀ ਭਰਪਾਈ ਕਰਨੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।