ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰਹੇਗੀ ਕੋਰੋਨਾ ਵੈਕਸੀਨ

01/14/2021 11:54:06 AM

ਅੰਮ੍ਰਿਤਸਰ (ਦਲਜੀਤ)- ਸਿਹਤ ਵਿਭਾਗ ਕੋਰੋਨਾ ਵੈਕਸੀਨ ਸਬੰਧੀ ਪੂਰੇ ਪ੍ਰਬੰਧ ਕਰਨ ’ਚ ਲੱਗਾ ਹੋਇਆ ਹੈ। ਬੁੱਧਵਾਰ ਸਿਵਲ ਸਰਜਨ ਦਫ਼ਤਰ ਸਥਿਤ ਰੀਜ਼ਨਲ ਵੈਕਸੀਨ ਸਟੋਰ ’ਚ ਸੀ. ਸੀ. ਟੀ. ਵੀ. ਕੈਮਰੇ ਇੰਸਟਾਲ ਕੀਤੇ ਗਏ । 6 ਸੀ. ਸੀ. ਟੀ. ਵੀ. ਕੈਮਰਿਆਂ ਨਾਲ ਲੈਸ ਇਸ ਸੈਂਟਰ ਦੀ ਸੁਰੱਖਿਆ ਲਈ ਪੰਜਾਬ ਪੁਲਸ ਦੇ ਜਵਾਨ ਵੀ ਤਾਇਨਾਤ ਕੀਤੇ ਜਾਣਗੇ। ਯਾਨੀ ਕਿ ਕੋਰੋਨਾ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਆ ਦੇ ਸਾਏ ’ਚ ਰਹੇਗੀ। ਇਸ ਸਟੋਰ ’ਚ ਵੈਕਸੀਨ ਰੱਖੀ ਜਾਵੇਗੀ ਅਤੇ ਇੱਥੋਂ ਇਹ ਜ਼ਿਲੇ ਦੇ 27 ਸਿਹਤ ਕੇਂਦਰਾਂ ’ਚ ਭੇਜੀ ਜਾਵੇਗੀ । ਦਰਅਸਲ ਚੰਡੀਗਡ਼ ’ਚ ਵੈਕਸੀਨ ਪੁੱਜਣ ਤੋਂ ਬਾਅਦ ਇਹ ਉਮੀਦ ਜਤਾਈ ਜਾ ਰਹੀ ਹੈ ਕਿ 14 ਜਾਂ 15 ਜਨਵਰੀ ਤਕ ਵੈਕਸੀਨ ਅੰਮ੍ਰਿਤਸਰ ਪਹੁੰਚ ਜਾਵੇਗੀ।

ਰੀਜ਼ਨਲ ਵੈਕਸੀਨ ਸਟੋਰ ’ਚ 16 ਲੱਖ ਡੋਜ਼ ਰੱਖਣ ਦੀ ਸਮਰੱਥਾ ਹੈ। ਇਸ ਤੋਂ ਇਲਾਵਾ ਜ਼ਿਲੇ ’ਚ 27 ਵੈਕਸੀਨ ਸੈਂਟਰ ਬਣਾਏ ਗਏ ਹਨ, ਜਿੱਥੇ 10 ਲੱਖ ਡੋਜ਼ ਰੱਖੀ ਜਾ ਸਕਦੀਆਂ ਹਨ। ਅੰਮ੍ਰਿਤਸਰ ਦੇ ਸਿਵਲ ਹਸਪਤਾਲ ’ਚ ਵੈਕਸੀਨ ਸਟੋਰ ਬਣਾਇਆ ਗਿਆ ਹੈ। ਇੱਥੇ ਹੈਲਥ ਵਰਕਰਾਂ ਨੂੰ ਵੈਕਸੀਨ ਲੱਗੇਗੀ। ਇੱਥੇ ਤਿੰਨ ਕਮਰੇ ਬਣਾਏ ਗਏ ਹਨ। ਪਹਿਲਾ ਕਮਰਾ ਵੇਟਿੰਗ ਰੂਮ ਹੈ , ਜਦੋਂ ਕਿ ਦੂਜੇ ’ਚ ਵੈਕਸੀਨ ਲੱਗੇਗੀ। ਤੀਸਰੇ ਕਮਰੇ ’ਚ ਵੈਕਸੀਨ ਲੱਗਣ ਤੋਂ ਬਾਅਦ ਹੈਲਥ ਵਰਕਰ ਨੂੰ ਅੱਧਾ ਘੰਟਾ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ : ਸਰਬੱਤ ਸਿਹਤ ਬੀਮਾ ਯੋਜਨਾ ’ਚ ਘਪਲੇ ਦੀਆਂ ਪਰਤਾਂ ਖੁੱਲਣ ਲੱਗੀਆਂ

ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਅਸੀਂ ਤਿਆਰੀ ਪੂਰੀ ਕਰ ਚੁੱਕੇ ਹਾਂ। ਕੋਰੋਨਾ ਵੈਕਸੀਨ ਕਿਸੇ ਵੀ ਵੇਲੇ ਵੀ ਅੰਮ੍ਰਿਤਸਰ ਪਹੁੰਚ ਸਕਦੀ ਹੈ। ਜਿਵੇਂ ਹੀ ਵੈਕਸੀਨ ਆਵੇਗੀ, ਵਿਭਾਗੀ ਹੁਕਮ ਤੋਂ ਬਾਅਦ ਇਸਨੂੰ ਲਾਉਣਾ ਸ਼ੁਰੂ ਕਰ ਦਿੱਤਾ ਜਾਵੇਗਾ। ਪਹਿਲੇ ਪਡ਼ਾਅ ’ਚ 20 ਹਜ਼ਾਰ ਹੈਲਥ ਵਰਕਰਾਂ ਨੂੰ ਵੈਕਸੀਨ ਲਾਈ ਜਾਵੇਗੀ। ਇਸ ਤੋਂ ਬਾਅਦ ਫਰੰਟਲਾਈਨ ਵਾਰੀਅਰ ਨੂੰ , ਜਦੋਂ ਕਿ ਤੀਸਰੇ ਪਡ਼ਾਅ ’ਚ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਇਹ ਵੈਕਸੀਨ ਲਾਈ ਜਾਵੇਗੀ ।

2 ਦੀ ਮੌਤ, 24 ਨਵੇਂ ਮਾਮਲੇ ਆਏ ਸਾਹਮਣੇ
ਜ਼ਿਲੇ ’ਚ ਬੁੱਧਵਾਰ 2 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ , ਜਦੋਂਕਿ 24 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ’ਚੋਂ 12 ਕਮਿਊਨਿਟੀ ਤੋਂ ਅਤੇ ਇੰਨੇ ਹੀ ਸੰਪਰਕ ਵਾਲੇ ਹਨ । ਮਰਨ ਵਾਲਿਆਂ ’ਚ ਪ੍ਰੇਮ ਦਾਸ (82) ਵਾਸੀ ਆਜ਼ਾਦ ਨਗਰ ਛੇਹਰਟਾ ਅਤੇ ਮਧੂਬਾਲਾ (62) ਵਾਸੀ ਪਿੰਡ ਭੂਰਾ ਝਬਾਲ ਰੋਡ ਦੇ ਨਾਂ ਸ਼ਾਮਲ ਹਨ। ਜ਼ਿਲੇ ’ਚ ਹੁਣ ਤਕ ਕੁੱਲ 14, 765 ਲੋਕ ਪਾਜ਼ੇਟਿਵ ਆ ਚੁੱਕੇ ਹਨ , ਜਦੋਂ ਕਿ ਹੁਣ ਤਕ ਕੁੱਲ ਠੀਕ ਹੋਏ 14, 051 ਹਨ। ਹੁਣ ਤਕ 567 ਲੋਕਾਂ ਦੀ ਮੌਤ ਹੋ ਚੁੱਕੀ ਹੈ ।

ਇਹ ਵੀ ਪੜ੍ਹੋ : ਮਾਪਿਆਂ ਨਾਲ ਲੜਾਈ ਕਰ ਕੇ ਨੌਜਵਾਨ ਨੇ ਖਾਧਾ ਜ਼ਹਿਰ, ਮੌਤ


Baljeet Kaur

Content Editor

Related News