ਕੇਂਦਰ ਦੀਆ ਵਧੀਕੀਆਂ ਕਿਸਾਨਾਂ ਦੇ ਬੁਲੰਦ ਹੌਸਲਿਆਂ ਨੂੰ ਢਾਹ ਨਹੀਂ ਲਾ ਸਕਣਗੀਆਂ : ਗਿੱਲ
Friday, Nov 27, 2020 - 03:16 PM (IST)
ਅੰਮ੍ਰਿਤਸਰ (ਛੀਨਾ): ਖੇਤੀਬਾੜੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਸੜਕਾਂ 'ਤੇ ਆ ਕੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਬੁਲੰਦ ਹੌਸਲਿਆਂ ਨੂੰ ਹਰਿਆਣਾ ਸਰਕਾਰ, ਦਿੱਲੀ ਜਾਂ ਕੇਂਦਰ ਸਰਕਾਰ ਦੀਆਂ ਵਧੀਕੀਆਂ ਕਦੇ ਵੀ ਢਾਹ ਨਹੀਂ ਲਾ ਸਕਣਗੀਆਂ। ਇਹ ਵਿਚਾਰ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਅੱਜ ਇਥੇ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਕੰਨਾਂ ਤਕ ਆਵਾਜ਼ ਪਹੁੰਚਾਉਣ ਵਾਸਤੇ ਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਨੇ ਸੂਬੇ ਦੀ ਹੱਦ ਸੀਲ ਕਰ ਕੇ ਉਨ੍ਹਾਂ 'ਤੇ ਜੋ ਪਾਣੀ ਦੀਆਂ ਬੁਛਾੜਾ ਅਤੇ ਅੱਥਰੂ ਗੈਸ ਦੇ ਗੋਲੇ ਦਾਗੇ ਹਨ, ਬੇਹੱਦ ਨਿੰਦਣਯੋਗ ਹੈ। ਗਿੱਲ ਨੇ ਆਖਿਆ ਕਿ ਭਾਜਪਾ ਜਦੋਂ ਸੱਤਾ ਤੋਂ ਬਾਹਰ ਸੀ ਤਾਂ ਉਹ ਵੀ ਦਿੱਲੀ 'ਚ ਕਈ ਵਾਰ ਧਰਨੇ ਪ੍ਰਦਰਸ਼ਨ ਕਰ ਚੁੱਕੀ ਹੈ। ਉਸ ਦੇ ਖਾਸ ਸਮਰਥਕ ਸਵਾਮੀ ਰਾਮਦੇਵ ਅਤੇ ਅੰਨਾ ਹਜ਼ਾਰੇ ਵੀ ਕਈ ਦਿਨ ਦਿੱਲੀ 'ਚ ਧਰਨਾ ਲਾ ਕੇ ਬੈਠੇ ਰਹੇ ਹਨ ਅਤੇ ਜੇਕਰ ਹੁਣ ਦੇਸ਼ ਦਾ ਅੰਨਦਾਤਾ ਕਿਸਾਨ ਦਿੱਲੀ ਜਾ ਕੇ ਆਪਣਾ ਵਿਰੋਧ ਜਤਾਉਣਾ ਚਾਹੁੰਦਾ ਹੈ ਤਾਂ ਉਸ 'ਤੇ ਪਾਬੰਦੀਆ ਕਿਉਂ ਲਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਬਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ
ਗਿੱਲ ਨੇ ਆਖਿਆ ਕਿ ਅਮੀਰ ਘਰਾਣਿਆ ਦਾ ਪੱਖ ਪੂਰਦਿਆਂ ਦੇਸ਼ ਦੇ ਅੰਨਦਾਤਾ ਕਿਸਾਨ ਨੂੰ ਸੜਕਾਂ 'ਤੇ ਰੁਲਣ ਲਈ ਮਜਬੂਰ ਕਰਨਾ ਭਾਜਪਾ ਨੂੰ ਬਹੁਤ ਮਹਿੰਗਾ ਪਵੇਗਾ। ਗਿੱਲ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਦਿਸ਼ਾ-ਨਿਰਦੇਸ਼ਾਂ ਸਦਕਾ ਪਾਰਟੀ ਦੇ ਸਮੂਹ ਆਗੂ ਅਤੇ ਵਰਕਰ ਇਸ ਸੰਘਰਸ਼ 'ਚ ਕਿਸਾਨ ਜਥੇਬੰਦੀਆਂ ਦੇ ਪੂਰੀ ਤਰ੍ਹਾਂ ਨਾਲ ਹਨ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਕਾਮਯਾਬ ਬਣਾਉਣ ਵਾਸਤੇ ਸਭ ਪ੍ਰਬੰਧ ਵੀ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਸਿੱਧੂ ਨਾਲ ਨਹੀਂ ਹੋਈ ਕੋਈ ਰਾਜਨੀਤਕ ਵਿਚਾਰ ਚਰਚਾ, ਬੈਠਕ ਨੂੰ ਬਣਾਇਆ ਰਾਈ ਦਾ ਪਹਾੜ: ਕੈਪਟਨ