ਭਾਈ ਲੌਂਗੋਵਾਲ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਗੁਰਦੁਆਰਾ ਸਾਹਿਬ ਦਾ ਰਾਹ ਖੋਲ੍ਹਣ ਸਬੰਧੀ ਪੱਤਰ ਲਿਖਿਆ
Wednesday, Oct 21, 2020 - 04:53 PM (IST)
ਅੰਮ੍ਰਿਤਸਰ (ਦੀਪਕ ਸ਼ਰਮਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਲਖਨਊ 'ਚ ਪੈਂਦੇ ਪਿੰਡ ਮੈਂਮੋਰਾ ਵਿਖੇ 1958 ਤੋਂ ਹੋਂਦ 'ਚ ਆਏ ਪੁਰਾਤਨ ਗੁਰਦੁਆਰਾ ਸਾਹਿਬ ਦਾ ਰਸਤਾ ਬੰਦ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਯੋਗੀ ਸਰਕਾਰ ਨੂੰ ਸਿੱਖ ਭਾਵਨਾਵਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੁਹਿਰਦ ਸਰਕਾਰਾਂ ਗੁਰੂ ਘਰਾਂ ਦੇ ਰਸਤਿਆਂ ਨੂੰ ਬੰਦ ਨਹੀਂ ਕਰਦੀਆਂ, ਬਲਕਿ ਉਨ੍ਹਾਂ ਨੂੰ ਪੱਕਿਆਂ ਕਰਦੀਆਂ ਹਨ ਤਾਂ ਜੋ ਕਿਸੇ ਵੀ ਸ਼ਰਧਾਲੂ ਨੂੰ ਦਰਸ਼ਨ ਕਰਨ ਜਾਣ ਸਮੇਂ ਕੋਈ ਮੁਸ਼ਕਲ ਪੇਸ਼ ਨਾ ਆਵੇ।
ਇਹ ਵੀ ਪੜ੍ਹੋ : ਪੁੱਤ ਦਾ ਜਨਮ ਦਿਨ ਮਨਾਉਣ ਦੀ ਜਿੱਦ ਅੱਗੇ ਹਾਰੀ ਜ਼ਿੰਦਗੀ, ਗੁੱਸੇ 'ਚ ਆਏ ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ
ਭਾਈ ਲੌਂਗੋਵਾਲ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਸਿੱਖ ਵੋਟਾਂ ਪ੍ਰਾਪਤ ਕਰਕੇ ਸੱਤਾ 'ਚ ਆਈ ਯੋਗੀ ਸਰਕਾਰ ਆਪਣੇ ਸੂਬੇ 'ਚ ਘੱਟ ਗਿਣਤੀਆਂ ਦੇ ਧਰਮ ਸਥਾਨ ਨੂੰ ਜਾਂਦਾ ਰਸਤਾ ਬੰਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਗੁਰੂ ਘਰ ਕਾਫ਼ੀ ਪੁਰਾਣਾ ਹੈ ਤੇ ਇਸ ਨੂੰ ਜਾਂਦਾ ਰਸਤਾ ਪ੍ਰਸ਼ਾਸਨ ਨੇ ਜੇ.ਸੀ.ਬੀ. ਮਸ਼ੀਨ ਨਾਲ ਪੁੱਟ ਦਿੱਤਾ ਹੈ। ਉੱਤਰ ਪ੍ਰਦੇਸ਼ ਸਰਕਾਰ ਇਸ ਮਸਲੇ ਦਾ ਤੁਰੰਤ ਹੱਲ ਕੱਢੇ ਤੇ ਗੁਰਦੁਆਰਾ ਸਾਹਿਬ ਨੂੰ ਜਾਂਦਾ ਰਸਤਾ ਤੁਰੰਤ ਖੋਲ੍ਹੇ ਤਾਂ ਜੋ ਸਿੱਖ ਭਾਵਨਾਵਾਂ ਸ਼ਾਂਤ ਹੋ ਸਕਣ। ਇਸ ਸਬੰਧ 'ਚ ਭਾਈ ਲੌਂਗੋਵਾਲ ਨੇ ਯੋਗੀ ਸਰਕਾਰ ਨੂੰ ਗੁਰਦੁਆਰਾ ਸਾਹਿਬ ਦਾ ਰਸਤਾ ਖੋਲ੍ਹਣ ਲਈ ਪੱਤਰ ਵੀ ਲਿਖਿਆ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬੀਤੇ ਕੱਲ੍ਹ ਰਾਮਪੁਰਾ ਫੂਲ ਦੇ ਪਿੰਡ ਦੁਲੇਵਾਲਾ ਵਿਖੇ ਹੋਈ ਗੁਟਕਾ ਸਾਹਿਬ ਦੀ ਬੇਅਦਬੀ ਦੀ ਵੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਭਾਈ ਲੌਂਗੋਵਾਲ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਸ਼ਰਮਨਾਕ: ਦਰਦ ਨਾਲ ਤੜਫ਼ਦੀ ਗਰਭਵਤੀ ਨੂੰ ਨਾ ਕੀਤਾ ਦਾਖ਼ਲ, ਹਸਪਤਾਲ ਦੇ ਬਾਹਰ ਹੋਇਆ ਬੱਚੇ ਦਾ ਜਨਮ