ਅੰਮ੍ਰਿਤਪਾਲ ਦੀ ਗ੍ਰਿਫਤਾਰੀ ਮਗਰੋਂ ਉਸਦੇ ਮਾਪੇ ਬੋਲੇ: ਕਾਨੂੰਨ ਦਾ ਸਹਾਰਾ ਲੈ ਕੇ ਕੋਰਟ 'ਚ ਲੜਾਂਗੇ ਕੇਸ

Monday, Apr 24, 2023 - 08:41 AM (IST)

ਰਈਆ (ਹਰਜੀਪ੍ਰੀਤ)- ਪਿਛਲੀ 18 ਮਾਰਚ ਤੋਂ ਰੂਪੋਸ਼ ਚਲੇ ਆ ਰਹੇ ਅੰਮ੍ਰਿਤਪਾਲ ਸਿੰਘ ਵਲੋਂ ਬੀਤੇ ਦਿਨ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਵਿਖੇ ਦਿੱਤੀ ਗਈ ਗ੍ਰਿਫ਼ਤਾਰੀ ’ਤੇ ਉਨ੍ਹਾਂ ਦੇ ਪਰਿਵਾਰ ਨੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦੇ ਹੋਏ ਖੁਸ਼ੀ ਦਾ ਇਜ਼ਾਹਾਰ ਕੀਤਾ ਹੈ। ਉਨ੍ਹਾਂ ਦੇ ਜੱਦੀ ਪਿੰਡ ਜੱਲੂਪੁਰ ਖੇੜਾ ਵਿਖੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਤੇ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਵਿਰੋਧੀਆਂ ਨੂੰ ਵੀ ਕਰਾਰਾ ਜਵਾਬ ਮਿਲ ਗਿਆ ਹੈ, ਜੋ ਉਨ੍ਹਾਂ ’ਤੇ ਤਰ੍ਹਾਂ-ਤਰ੍ਹਾਂ ਦੇ ਇਲਜ਼ਾਮ ਲਾ ਰਹੇ ਸਨ। ਉਨ੍ਹਾਂ ਕਿਹਾ ਅੰਮ੍ਰਿਤਪਾਲ ਸਿੰਘ ਖਿਲਾਫ ਚਲਾਈ ਗਈ ਮੁਹਿੰਮ ਪਿੱਛੇ ਡਰੱਗ ਮਾਫੀਆ ਦਾ ਹੱਥ ਹੈ, ਕਿਉਂਕਿ ਅੰਮ੍ਰਿਤਪਾਲ ਵਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਕਰ ਕੇ ਡਰੱਗ ਮਾਫੀਆ ਦਾ ਕਾਰੋਬਾਰ ਮੰਦਾ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਉਹ ਕਾਨੂੰਨ ਦਾ ਸਹਾਰਾ ਲੈ ਕੇ ਕੋਰਟ ਵਿਚ ਕੇਸ ਲੜਨਗੇ।

ਇਹ ਵੀ ਪੜ੍ਹੋ: ਅਮਰੀਕਾ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ: ਇਸ ਸਾਲ 10 ਲੱਖ ਤੋਂ ਵਧੇਰੇ ਭਾਰਤੀਆਂ ਨੂੰ ਜਾਰੀ ਕਰੇਗਾ ਵੀਜ਼ੇ

ਉਨ੍ਹਾਂ ਨੇ ਅੰਮ੍ਰਿਤਪਾਲ ਦਾ ਵਿਰੋਧ ਕਰਨ ਵਾਲੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਹੁਣ ਮੈਦਾਨ ਖਾਲੀ ਹੈ, ਇਸ ਲਈ ਉਹ ਫੋਕੀ ਬਿਆਨਬਾਜ਼ੀ ਕਰਨ ਦੀ ਬਜਾਏ ਨਸ਼ਾ ਵਿਰੋਧੀ ਮੁਹਿੰਮ ਨੂੰ ਅੱਗੇ ਤੋਰਨ ਤਾਂ ਜੋ ਪੰਜਾਬ ਦੇ ਉਜੜ ਰਹੇ ਪਰਿਵਾਰ ਬਚਾਏ ਜਾ ਸਕਣ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ’ਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਸ ਨੇ ਸਹੀ ਕੀਤਾ ਹੈ। ਇਕ ਦਿਨ ਤਾਂ ਇਸ ਦਾ ਸਾਹਮਣਾ ਕਰਨਾ ਹੀ ਪੈਣਾ ਸੀ ਕਿਉਂਕਿ ਲੋਕਾਂ ਨੂੰ ਅੰਮ੍ਰਿਤ ਛਕਣ ਤੇ ਨਸ਼ੇ ਤਿਆਗਣ ਵਰਗੇ ਕੰਮ ਅੰਦਰ ਵੜ ਕੇ ਤਾਂ ਕੀਤੇ ਨਹੀਂ ਜਾ ਸਕਦੇ। ਪੁਲਸ ਨੇ ਉਨ੍ਹਾਂ ’ਤੇ ਨਾਜਾਇਜ਼ ਕੇਸ ਬਣਾਏ ਹਨ। ਉਨ੍ਹਾਂ ਕਿਹਾ ਕਿ ਸਾਨੂੰ ਅੰਮ੍ਰਿਤਪਾਲ ਸਿੰਘ ਦੀ ਕੋਈ ਚਿੰਤਾ ਨਹੀਂ ਸੀ, ਸਗੋਂ ਪੁਲਸ ਵਲੋਂ ਉਸ ਦੀ ਆੜ ਵਿਚ ਜਿਹੜੇ ਬੇਕਸੂਰ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਸੀ, ਉਨ੍ਹਾਂ ਪ੍ਰਤੀ ਸਾਡਾ ਪਰਿਵਾਰ ਜ਼ਰੂਰ ਚਿੰਤਤ ਸੀ।

ਇਹ ਵੀ ਪੜ੍ਹੋ: ਨਿਊਜ਼ੀਲੈਂਡ ਵਾਸੀਆਂ ਲਈ ਵੱਡੀ ਖ਼ੁਸ਼ਖ਼ਬਰੀ, ਆਸਟ੍ਰੇਲੀਆ ਸਰਕਾਰ ਨੇ ਲਿਆ ਇਤਿਹਾਸਕ ਫ਼ੈਸਲਾ

ਪੱਤਰਕਾਰਾਂ ਵਲੋਂ ਖਾਲਿਸਤਾਨ ਬਾਰੇ ਉਨ੍ਹਾਂ ਦੇ ਨਜ਼ਰੀਏ ਜਾਨਣ ਲਈ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਸ ਨਾਲ ਸਾਡਾ ਕੋਈ ਲੈਣਾ-ਦੇਣਾ ਨਹੀਂ ਪਰ ਉਸ ਵਲੋਂ ਸੰਗਤਾਂ ਨੂੰ ਅੰਮ੍ਰਿਤਪਾਨ ਕਰਾਉਣ ਤੇ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਵਿਚ ਸਾਡਾ ਪਰਿਵਾਰ ਆਪਣਾ ਬਣਦਾ ਹਿੱਸਾ ਪਾਉਂਦਾ ਰਹੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਮੇਤ ਜਿਹੜੀਆਂ ਵੀ ਜਥੇਬੰਦੀਆਂ ਨੇ ਉਸ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਹੈ, ਸਾਡਾ ਪਰਿਵਾਰ ਉਨ੍ਹਾਂ ਦਾ ਰਿਣੀ ਰਹੇਗਾ। ਕੁਝ ਲੋਕਾਂ ਵਲੋਂ ਏਜੰਸੀਆਂ ਦਾ ਬੰਦਾ ਹੋਣ ਦੇ ਲਾਏ ਦੋਸ਼ਾਂ ਬਾਰੇ ਉਨ੍ਹਾਂ ਕਿਹਾ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ’ਤੇ ਉਨ੍ਹਾਂ ਲੋਕਾਂ ਨੂੰ ਜਵਾਬ ਮਿਲ ਹੀ ਗਿਆ ਹੋਵੇਗਾ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਜਿਹੜੇ ਲੋਕਾਂ ’ਤੇ ਝੂਠੇ ਕੇਸ ਬਣਾਏ ਗਏ ਹਨ ਉਹ ਵਾਪਸ ਲੈ ਕੇ ਉਨ੍ਹਾਂ ਨੂੰ ਅਮਨ-ਚੈਨ ਨਾਲ ਜੀਣ ਦੇਣਾ ਚਾਹੀਦਾ ਹੈ

ਇਹ ਵੀ ਪੜ੍ਹੋ: PM ਮੋਦੀ ਦੇ ਸੰਭਾਵਿਤ ਆਸਟ੍ਰੇਲੀਆਈ ਦੌਰੇ ਤੋਂ ਪਹਿਲਾਂ ਭਾਰਤੀ ਭਾਈਚਾਰੇ ਨੇ ਰੱਖੀ ਖ਼ਾਸ ਮੰਗ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ਵਿਚ ਦਿਓ ਜਵਾਬ।

 


cherry

Content Editor

Related News