ਮੋਟਰਸਾਈਕਲਾਂ 'ਤੇ ਅਮਰਨਾਥ ਯਾਤਰਾ ਲਈ ਗਏ 4 ਪੰਜਾਬੀ ਸ਼ਰਧਾਲੂਆਂ 'ਚੋਂ ਇਕ ਦੀ ਮੌਤ

07/17/2018 11:26:29 PM

ਤਰਨਤਾਰਨ,(ਰਮਨ)—ਭਿਖੀਵਿੰਡ ਤੋਂ ਮੋਟਰਸਾਈਕਲ 'ਤੇ ਅਮਰਨਾਥ (ਜੰਮੂ-ਕਸ਼ਮੀਰ) ਯਾਤਰਾ 'ਤੇ ਗਏ 4 ਦੋਸਤਾਂ 'ਚੋਂ ਰਸਤੇ 'ਚ ਇਕ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਰਪ੍ਰੀਤ ਸਿੰਘ ਨਿਵਾਸੀ ਭਿਖੀਵਿੰਡ ਨੇ ਦੱਸਿਆ ਕਿ ਅਸੀਂ 4 ਦੋਸਤ 2 ਮੋਟਰਸਾਈਕਲਾਂ 'ਤੇ ਸਵਾਰ ਹੋ ਕੇ 10 ਜੁਲਾਈ ਨੂੰ ਭਿਖੀਵਿੰਡ ਤੋਂ ਅਮਰਨਾਥ ਯਾਤਰਾ ਲਈ ਰਵਾਨਾ ਹੋਏ ਸੀ। ਜਿਸ ਦੌਰਾਨ ਉਹ 11 ਜੁਲਾਈ ਨੂੰ ਕਠੂਆ 'ਚ ਭਿਖੀਵਿੰਡ ਦੇ ਸ਼ਰਧਾਲੂਆਂ ਵਲੋਂ ਲਗਾਏ ਗਏ ਲੰਗਰ 'ਚ ਪਹੁੰਚੇ ਅਤੇ ਰਾਤ ਉਥੇ ਹੀ ਰੁਕਣ ਤੋਂ ਬਾਅਦ 12 ਜੁਲਾਈ ਨੂੰ ਉਹ ਪਲਗਾਮ ਪਹੁੰਚੇ, ਜਿਥੇ ਉਨ੍ਹਾਂ ਦੇ ਦੋਸਤ ਬਲਕਾਰ ਸਿੰਘ (20) ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਸ ਦੀ ਸਿਹਤ ਠੀਕ ਨਹੀਂ ਹੈ ਅਤੇ ਉਸ ਦੇ ਦਰਦ ਹੋ ਰਹੀ ਹੈ, ਜਿਸ ਕਾਰਨ ਉਸ ਨੇ ਆਪਣੇ ਦੋਸਤਾਂ ਨੂੰ ਕਿਹਾ ਕਿ ਤੁਸੀਂ ਦਰਸ਼ਨ ਕਰ ਆਓ। ਜਿਸ ਤੋਂ ਬਾਅਦ ਉਹ ਦਰਸ਼ਨ ਕਰਨ ਲਈ ਗੁਫਾ 'ਚ ਚਲੇ ਗਏ। ਦਰਸ਼ਨ ਕਰ ਕੇ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਬਲਕਾਰ ਨੂੰ ਮੋਟਰਸਾਈਕਲ 'ਤੇ ਬਿਠਾਇਆ ਅਤੇ ਉਸ ਨੂੰ ਹਸਪਤਾਲ 'ਚ ਲਿਜਾਣ ਲਈ ਤੁਰ ਪਏ। ਇਸ ਦੌਰਾਨ ਰਸਤੇ 'ਚ ਉਨ੍ਹਾਂ ਨੂੰ ਜੰਮੂ-ਕਸ਼ਮੀਰ ਦੇ ਜਵਾਨਾਂ ਨੇ ਰੋਕ ਲਿਆ, ਜਿਨ੍ਹਾਂ ਨੇ ਮੌਕੇ 'ਤੇ ਥਾਣਾ ਰਾਮਬਾਣ ਦੇ ਐਸ. ਐਚ. ਓ ਨੂੰ ਬੁਲਾਇਆ ਅਤੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ। ਜਿਸ ਉਪਰੰਤ ਬਲਕਾਰ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜਿਸ ਉਪਰੰਤ ਐਸ. ਐਚ. ਓ. ਨੇ ਉਨ੍ਹਾਂ ਦੀ ਸਹਾਇਤਾ ਕੀਤੀ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਮੁਫਤ ਐਂਬੂਲੈਂਸ ਜ਼ਰੀਏ ਭਿਖੀਵਿੰਡ ਭੇਜ ਦਿੱਤਾ। ਬਲਕਾਰ ਸਿੰਘ ਦੀ ਲਾਸ਼ ਘਰ ਪਹੁੰਚਦੇ ਹੀ ਪਿੰਡ 'ਚ ਮਾਤਮ ਦਾ ਮਾਹੌਲ ਬਣ ਗਿਆ, ਜਿਥੇ ਅੱਜ ਸ਼ਾਮ ਬਲਕਾਰ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।  


Related News