ਘਰ 'ਚ ਮੌਜੂਦ ਔਰਤਾਂ ਨੂੰ ਬੰਧਕ ਬਣਾ ਕੇ ਲੁੱਟਿਆ 9 ਤੋਲੇ ਸੋਨਾ
Wednesday, Jul 18, 2018 - 05:55 PM (IST)

ਵਲਟੋਹਾ/ਅਮਰਕੋਟ (ਬਲਜੀਤ/ਗੁਰਮੀਤ/ਅਮਰਗੌਰ/ਗੁਰਮੀਤ ਸਿੰਘ) : ਸਰਹੱਦੀ ਕਸਬਾ ਅਮਰਕੋਟ ਵਿਖੇ ਬੁੱਧਵਾਰ ਨੂੰ ਦਿਨ-ਦਿਹਾੜੇ ਨਕਾਬਪੋਸ਼ 6 ਲੁਟੇਰਿਆਂ ਨੇ ਇਕ ਘਰ 'ਚ ਦਾਖਲ ਹੋ ਕੇ ਔਰਤਾਂ ਦੀ ਕੁੱਟਮਾਰ ਕਰਨ ਤੇ ਨਸ਼ੀਲੀ ਦਵਾਈ ਸੁੰਘਾ ਕੇ ਬੇਹੋਸ਼ ਕਰਨ ਪਿੱਛੋਂ ਘਰ 'ਚੋਂ 9 ਤੋਲੇ ਸੋਨਾ ਲੁੱਟ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਪਤਾ ਚੱਲਦਿਆਂ ਥਾਣਾ ਵਲਟੋਹਾ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਰਾਜੂ ਬੋਰਾ ਵਾਲੇ ਨੇ ਦੱਸਿਆ ਕਿ ਉਹ ਆਪਣੇ ਕੰਮ 'ਤੇ ਗਿਆ ਹੋਇਆ ਸੀ ਤੇ ਘਰ 'ਚ ਔਰਤਾਂ ਇਕੱਲੀਆਂ ਸਨ। ਦੁਪਹਿਰ ਦੋ ਵਜੇ ਦੇ ਕਰੀਬ ਕੁਝ ਨਾਕਾਬਪੋਸ਼ ਵਿਅਕਤੀ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਮੇਰੇ ਘਰ 'ਚ ਦਾਖਲ ਹੋਏ ਅਤੇ ਘਰ 'ਚ ਮੌਜੂਦ ਔਰਤਾਂ ਨੂੰ ਬੰਧਕ ਬਣਾਉਂਦਿਆਂ ਪਹਿਲਾਂ ਕੁੱਟਮਾਰ ਕੀਤੀ ਅਤੇ ਫਿਰ ਔਰਤਾਂ ਦੇ ਮੂੰਹ 'ਤੇ ਕੋਈ ਦਵਾਈ ਪਾ ਕੇ ਬੇਹੋਸ਼ ਕਰ ਦਿੱਤਾ। ਉਪਰੰਤ ਘਰ 'ਚ ਪਈ ਅਲਮਾਰੀ 'ਚ ਰੱਖਿਆ 9 ਤੋਲੇ ਸੋਨਾ ਲੁੱਟ ਕੇ ਫਰਾਰ ਹੋ ਗਏ, ਜਿਸ ਦੀ ਕੀਮਤ 3 ਲੱਖ ਦੇ ਕਰੀਬ ਬਣਦੀ ਹੈ। ਘਟਨਾ ਦਾ ਪਤਾ ਚੱਲਦਿਆਂ ਥਾਣਾ ਵਲਟੋਹਾ ਦੇ ਮੁਖੀ ਹਰਚੰਦ ਸਿੰਘ ਸੰਧੂ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਜਾਂਚ ਆਰੰਭ ਕਰ ਦਿੱਤੀ। ਥਾਣਾ ਮੁਖੀ ਹਰਚੰਦ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।