ਧਰਨੇ ’ਤੇ ਜਾ ਰਹੇ ਅਕਾਲੀ ਵਰਕਰਾਂ ਨੂੰ ਝਬਾਲ ਚੌਕ ’ਚ ਰੋਕਣ ’ਤੇ ਹੋਈ ਝੜਪ
Sunday, Sep 02, 2018 - 06:21 AM (IST)

ਝਬਾਲ, (ਨਰਿੰਦਰ)- ਅੱਡਾ ਝਬਾਲ ਵਿਖੇ ਸਥਿਤੀ ਉਸ ਵੇਲੇ ਕਾਫੀ ਤਣਾਅ ਪੂਰਵਕ ਹੋ ਗਈ ਜਦੋਂ ਅਕਾਲੀ ਦਲ ਹਾਈਕਮਾਂਡ ਦੇ ਹੁਕਮਾਂ ’ਤੇ ਤਰਨਤਾਰਨ ਵਿਖੇ ਧਰਨੇ ’ਤੇ ਜਾ ਰਹੇ ਅਕਾਲੀ ਵਰਕਰਾਂ ਦੀਆਂ ਗੱਡੀਆਂ ਰੋਕ ਕੇ ਸਿੱਖ ਜਥੇਬੰਦੀਆਂ ਦੇ ਆਗੂਅਾਂ ਬਾਬਾ ਬੁੱਢਾ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਪੰਜਵਡ਼ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸਭਾ ਦੇ ਪ੍ਰਧਾਨ ਭਾਈ ਸੂਬਾ ਸਿੰਘ ਰਾਮਰੋਣੀ ਦੀ ਅਗਵਾਈ ਵਿਚ ਬਾਦਲ ਪਰਿਵਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਜਿਸ ’ਤੇ ਗੱਡੀਆਂ ਵਿਚ ਬੈਠੇ ਅਕਾਲੀ ਵਰਕਰ ਵੀ ਬਾਹਰ ਨਿਕਲ ਆਏ ਅਤੇ ਇਕ ਦੂਸਰੇ ਨਾਲ ਖਹਿਬੜਨ ਲੱਗੇ ਅਤੇ ਨੌਬਤ ਹੱਥੋ ਪਾਈ ਤੱਕ ਪਹੁੰਚ ਗਈ। ਜਿਸ ’ਤੇ ਮੌਕੇ ’ਤੇ ਖਡ਼ੇ ਡੀ. ਐੱਸ. ਪੀ. ਸੁੱਚਾ ਸਿੰਘ, ਝਬਾਲ ਥਾਣਾ ਮੁਖੀ ਗੁਰਚਰਨ ਸਿੰਘ ਅਤੇ ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਤਰਸੇਮ ਮਸੀਹ ਨੇ ਬਡ਼ੀ ਮੁਸ਼ਕਲ ਨਾਲ ਮਾਹੌਲ ਕੰਟਰੋਲ ਕੀਤਾ। ਇਸ ਸਮੇਂ ਸਤਿਕਾਰ ਕਮੇਟੀਅਾਂ ਦੇ ਸਿੱਖ ਤਰਨਤਾਰਨ ਜਾਣ ਲਈ ਬਜ਼ਿਦ ਸਨ ਜਦੋਂ ਕਿ ਪੁਲਸ ਉਨ੍ਹਾਂ ਨੂੰ ਰੋਕ ਰਹੀ ਸੀ ਤਾਂ ਕਿ ਤਰਨਤਾਰਨ ਵਿਖੇ ਅਕਾਲੀ ਵਰਕਰਾਂ ਤੇ ਸਿੱਖ ਜਥੇਬੰਦੀਆਂ ਵਿਚਕਾਰ ਤਕਰਾਰ ਨਾ ਹੋ ਸਕੇ। ਸਥਿਤੀ ਉਸ ਵੇਲੇ ਹੋਰ ਨਾਜ਼ੁਕ ਹੋ ਗਈ ਜਦੋਂ ਪੁਲਸ ਦੀਅਾਂ ਰੋਕਾਂ ਤੋਡ਼ ਕੇ ਸਿੰਘ ਤਰਨਤਾਰਨ ਨੂੰ ਗੱਡੀਆਂ ’ਤੇ ਨਿਕਲ ਗਏ। ਜਿਸ ’ਤੇ ਪੁਲਸ ਨੇ ਡੀ.ਐੱਸ.ਪੀ ਸੁੱਚਾ ਸਿਘ ਦੀ ਅਗਵਾਈ ’ਚ ਸਮਝਦਾਰੀ ਤੋਂ ਕੰਮ ਲੈਂਦਿਆਂ ਸਿੱਖ ਜਥੇਬੰਦੀਆਂ ਦੇ ਵਰਕਰਾਂ ਨੂੰ ਮੋਡ਼ ਬਾਬਾ ਸਿਧਾਣਾ ਕੋਲ ਗੱਡੀਆਂ ਅੱਗੇ ਲਾ ਕੇ ਰੋਕ ਲਿਆ। ਜਿਸ ’ਤੇ ਸਿੱਖ ਜਥੇਬੰਦੀਆਂ ਦੇ ਵਰਕਰਾਂ ਨੇ ਜੀ ਟੀ ਰੋਡ ’ਤੇ ਹੀ ਸਤਿਨਾਮ ਵਾਹਿਗਰੂ ਦਾ ਜਾਪ ਕਰਦਿਆਂ ਸਡ਼ਕ ਵਿੱਚ ਹੀ ਧਰਨਾ ਲਾ ਦਿੱਤਾ ਅਤੇ ਬਾਦਲ ਦਾ ਪੁੱਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ। ਅਖੀਰ ਪ੍ਰਸ਼ਾਸਨ ਦੇ ਵਿਸ਼ਵਾਸ ਦਿਵਾਉਣ ’ਤੇ ਸਿੱਖ ਜਥੇਬੰਦੀਆਂ ਨੇ ਧਰਨਾ ਚੁੱਕਿਆ। ਇਸ ਸਮੇਂ ਵਿਰਸਾ ਸਿੰਘ ਠੱਠਾ, ਪ੍ਰਗਟ ਸਿੰਘ ਪੰਡੋਰੀ, ਤੇਜਿੰਦਰ ਸਿੰਘ, ਤਰਸੇਮ ਸਿੰਘ, ਗੁਰਮੁਖ ਸਿੰਘ ਸਰਾਂ, ਸਤਨਾਮ ਸਿੰਘ ਸਰਾਂ, ਅਕਾਸ਼ਦੀਪ ਸਿੰਘ, ਗੁਰਸੇਵਕ ਸਿੰਘ, ਅਰਸ਼ਦੀਪ ਸਿੰਘ, ਬੂਟਾ ਸਿੰਘ, ਨਿਸ਼ਾਨ ਸਿੰਘ, ਵਿਸ਼ਾਲ ਸਿੰਘ ਝਬਾਲ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।