ਸਰਕਾਰੀ ਮੈਡੀਕਲ ਕਾਲਜ ’ਚ ਮਰੀਜ਼ਾਂ ਦਾ ਸੋਸ਼ਣ, ਸੀਨੀਅਰ ਡਾਕਟਰ NPA ਭੱਤਾ ਲੈਣ ਦੇ ਬਾਵਜੂਦ ਮਰੀਜ਼ ਤੋਂ ਵਸੂਲਦੈ ਫੀਸ

Thursday, Aug 08, 2024 - 04:22 PM (IST)

ਅੰਮ੍ਰਿਤਸਰ (ਦਲਜੀਤ)-ਸਰਕਾਰੀ ਮੈਡੀਕਲ ਕਾਲਜ ਦਾ ਇਕ ਸੀਨੀਅਰ ਪ੍ਰੋਫੈਸਰ ਅੱਜ ਕੱਲ ਜਲਦੀ ਅਮੀਰ ਬਣਨ ਦੇ ਚੱਕਰ ਵਿਚ ਮਰੀਜ਼ਾਂ ਦਾ ਰੱਜ ਕੇ ਸ਼ੋਸ਼ਣ ਕਰ ਰਿਹਾ। ਉਕਤ ਡਾਕਟਰ ਐੱਨ. ਪੀ. ਏ. ਭੱਤਾ ਲੈਣ ਦੇ ਬਾਵਜੂਦ ਆਪਣੇ ਘਰ ਵਿਚ ਕਲੀਨਿਕ ਖੋਲ੍ਹ ਕੇ 500 ਰੁਪਏ ਪ੍ਰਤੀ ਮਰੀਜ਼ ਫੀਸ ਵਸੂਲ ਰਿਹਾ ਹੈ। ਇੱਥੇ ਹੀ ਬੱਸ ਨਹੀਂ, ਮਰੀਜ਼ਾਂ ਨੂੰ ਦਵਾਈ ਲਿਖਣ ਦੇ ਬਦਲੇ ਪ੍ਰਾਈਵੇਟ ਕੰਪਨੀ ਦੇ ਨਾਲ ਮਿਲੀਭੁਗਤ ਕਰ ਕੇ ਮੋਟੀ ਕਮਾਈ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ 5 ਤੋਂ 7 ਲੱਖ ਦੀ ਹਰ ਮਹੀਨੇ ਦਵਾਈ ਉਕਤ ਡਾਕਟਰ ਮਰੀਜ਼ਾਂ ਦਾ ਸ਼ੋਸ਼ਣ ਕਰ ਕੇ ਪ੍ਰਾਈਵੇਟ ਕੰਪਨੀ ਦੀ ਲਿਖ ਰਿਹਾ ਹੈ।

ਜਾਣਕਾਰੀ ਅਨੁਸਾਰ ਇਕ ਪਾਸੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਮੁਫਤ ਦਵਾਈਆਂ ਅਤੇ ਵਧੀਆ ਇਲਾਜ ਦੇਣ ਦੀ ਗੱਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸਰਕਾਰੀ ਮੈਡੀਕਲ ਕਾਲਜ ਦਾ ਇਕ ਸੀਨੀਅਰ ਪ੍ਰੋਫੈਸਰ ਮਰੀਜ਼ਾਂ ਦਾ ਜੰਮ ਕੇ ਸ਼ੋਸ਼ਣ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਡਾਕਟਰ ਪਹਿਲਾਂ ਲੰਬੇ ਸਮੇਂ ਤੋਂ ਕਿਸੇ ਵਿਅਕਤੀ ਰਾਹੀਂ ਦਵਾਈਆਂ ਵੇਚਦਾ ਸੀ ਅਤੇ ਆਪ ਸੁਰੱਖਿਅਤ ਰਹਿਣ ਲਈ ਦੂਸਰੇ ਵਿਅਕਤੀ ਨੂੰ ਅਗਾਂਹ ਰੱਖਦਾ ਸੀ। ਲੰਬਾ ਸਮਾਂ ਉਕਤ ਵਿਅਕਤੀ ਨਾਲ ਮਿਲ ਕੇ ਡਾਕਟਰ ਮਰੀਜ਼ਾਂ ਦਾ ਸ਼ੋਸ਼ਣ ਕਰਦਿਆਂ ਹੋਇਆਂ ਰੋਜ਼ਾਨਾ ਹਜ਼ਾਰਾਂ ਦੀ ਸੇਲ ਪ੍ਰਾਈਵੇਟ ਮੈਡੀਕਲ ਸਟੋਰਾਂ ਨੂੰ ਦਿੰਦਾ ਰਿਹਾ ਅਤੇ ਵਿਅਕਤੀ ਅਤੇ ਆਪਣੀ ਭਾਈ ਵਾਲੀ ਵਾਲੀਆਂ ਦਵਾਈਆਂ ਵੇਚਦਾ ਰਿਹਾ।

ਇਹ ਵੀ ਪੜ੍ਹੋ-  ਪਸ਼ੂਆਂ ਲਈ ਪੱਖਾ ਲਗਾ ਰਹੇ ਨੌਜਵਾਨ ਨੂੰ ਲਗਾ ਕਰੰਟ, ਹੋਈ ਮੌਤ

ਲੰਮੇ ਅਰਸੇ ਤੋਂ ਬਾਅਦ ਸਬੰਧਤ ਵਿਅਕਤੀ ਅਤੇ ਡਾਕਟਰ ਵਿਚ ਅਣਬਣ ਹੋ ਗਈ ਅਤੇ ਡਾਕਟਰ ਵੱਲੋਂ ਸਬੰਧਤ ਵਿਅਕਤੀ ਦੀ ਦਵਾਈ ਲਿਖਣੀ ਬੰਦ ਕਰ ਦਿੱਤੀ। ਆਪਣੇ ਆਪ ਨੂੰ ਈਮਾਨਦਾਰ ਦੱਸਣ ਵਾਲਾ ਇਸ ਡਾਕਟਰ ਦੀ ਹਰ ਪੁਰਾਣੀ ਪਰਚੀ ’ਤੇ ਸਬੰਧਤ ਵਿਅਕਤੀ ਦੀ ਦਵਾਈ ਲਿਖੀ ਹੁੰਦੀ ਸੀ ਪਰ ਸਬੰਧਤ ਵਿਅਕਤੀ ਨਾਲ ਮਾਮਲਾ ਵਿਗੜਨ ਤੋਂ ਬਾਅਦ ਇਸ ਵੱਲੋਂ ਕੁਝ ਦਿਨ ਕਿਸੇ ਵੀ ਕੰਪਨੀ ਦੀ ਦਵਾਈ ਨਹੀਂ ਸਰਕਾਰੀ ਪਰਚੀ ’ਤੇ ਲਿਖੀ ਗਈ ਅਤੇ ਜਿਹੜੀ ਪਰਚੀ ’ਤੇ ਪੁਰਾਣੀ ਦਵਾਈ ਲਿਖੀ ਹੁੰਦੀ ਸੀ, ਉਸ ਨੂੰ ਕੱਟ ਦਿੱਤਾ ਗਿਆ ਹੈ। ਹੁਣ ਦੁਬਾਰਾ ਇਸ ਡਾਕਟਰ ਨੂੰ ਪੈਸੇ ਕਮਾਉਣ ਦੀ ਲਾਲਸਾ ਜਾਗ ਪਈ ਹੈ ਅਤੇ ਹੁਣ ਨਵੀਂ ਕੰਪਨੀ ਨਾਲ ਮਿਲੀਭਾਗਤ ਕਰ ਕੇ ਦੁਬਾਰਾ ਦਵਾਈਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ- ਮਿਲਾਵਟਖੋਰੀ ਵੱਡੇ ਪੱਧਰ 'ਤੇ, ਪੰਜਾਬ 'ਚ ਤਿੰਨ ਸਾਲਾਂ 'ਚ ਦੁੱਧ ਦੇ 18 ਫ਼ੀਸਦੀ ਸੈਂਪਲ ਹੋਏ ਫੇਲ੍ਹ

ਜ਼ਿਕਰਯੋਗ ਹੈ ਕਿ 5 ਤੋਂ 7 ਲੱਖ ਰੁਪਏ ਦੀਆਂ ਦਵਾਈਆਂ ਹਰ ਮਹੀਨੇ ਮਰੀਜ਼ਾਂ ਦਾ ਸ਼ੋਸ਼ਣ ਕਰ ਕੇ ਇਹ ਡਾਕਟਰ ਕੰਪਨੀ ਦੀਆਂ ਲਿਖਦਾ ਹੈ ਅਤੇ ਕੰਪਨੀ ਦਾ ਮਾਲਕ ਵੀ ਇਸ ਡਾਕਟਰ ਦੇ ਆਲੇ ਦੁਆਲੇ ਅਤੇ ਉਸ ਦੇ ਨੇੜੇ ਰਹਿਣ ਵਾਲੇ ਡਾਕਟਰਾਂ ਕੋਲ ਚੱਕਰ ਲਗਾਉਂਦਾ ਰਹਿੰਦਾ ਹੈ। ਇੱਥੇ ਹੀ ਬੱਸ ਨਹੀਂ ਐੱਨ. ਪੀ. ਏ. ਭੱਤਾ ਲੈਣ ਦੇ ਬਾਵਜੂਦ ਇਹ ਡਾਕਟਰ ਧੜੱਲੇ ਨਾ ਪ੍ਰਾਈਵੇਟ ਪ੍ਰੈਕਟਿਸ ਵੀ ਕਰਦਾ ਹੈ ਅਤੇ 500 ਰੁਪਏ ਪ੍ਰਤੀ ਮਰੀਜ਼ ਦੇ ਹਿਸਾਬ ਨਾਲ ਪੈਸੇ ਵਸੂਲਦਾ ਹੈ। ਆਪਣੇ ਘਰ ਵਿਚ ਇਸ ਡਾਕਟਰ ਵੱਲੋਂ ਸਾਰਾ ਸੈੱਟ ਅਪ ਰੱਖਿਆ ਗਿਆ ਹੈ। ਹਸਪਤਾਲ ਦੇ ਬਾਹਰ ਮੈਡੀਕਲ ਸਟੋਰ ’ਤੇ ਸਬੰਧਤ ਡਾਕਟਰ ਦੀ ਧੜੱਲੇ ਨਾਲ ਪਰਚੀ ’ਤੇ ਪਰਚੀ ਆ ਰਹੀ ਹੈ ਅਤੇ ਉਕਤ ਕੰਪਨੀ ਦੀ ਸਿਰਫ ਹਸਪਤਾਲ ਵਿਚ ਸਿਰਫ ਈਮਾਨਦਾਰੀ ਦਾ ਚੋਲਾ ਪਾਉਣ ਵਾਲਾ ਇਹ ਡਾਕਟਰ ਹੀ ਦਵਾਈ ਲਿਖ ਰਿਹਾ ਹੈ। ਕੰਪਨੀ ਵੱਲੋਂ ਰੋਜਾਨਾ ਹਜ਼ਾਰਾਂ ਰੁਪਏ ਦੀ ਸੇਲ ਦੇ ਬਦਲੇ ਪੱਕੇ ਬਿੱਲ ਵੀ ਮੈਡੀਕਲ ਸਟੋਰਾਂ ਨੂੰ ਦਿੱਤੇ ਜਾ ਰਹੇ ਹਨ।

ਇਹ ਵੀ ਪੜ੍ਹੋ- ਦੋਸਤ ਨਾਲ ਘਰੋਂ ਗਏ ਨਾਬਾਲਗ ਦੀ ਸ਼ੱਕੀ ਹਾਲਾਤ ’ਚ ਮੌਤ, ਪਿਓ ਨੇ ਜਤਾਇਆ ਕਤਲ ਦਾ ਖ਼ਦਸ਼ਾ

ਹੁਣ ਵੇਖਣਾ ਹੋਵੇਗਾ ਕਿ ਸਰਕਾਰ ਮਰੀਜ਼ਾਂ ਦਾ ਖੂਨ ਚੂਸਣ ਵਾਲੇ ਅਜਿਹੇ ਡਾਕਟਰ ’ਤੇ ਕੋਈ ਕਾਰਵਾਈ ਕਰਦੀ ਹੈ। ਸਰਕਾਰ ਜੇਕਰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਏ ਤਾਂ ਵੱਡਾ ਸਕੈਂਡਲ ਸਾਹਮਣੇ ਆ ਸਕਦਾ ਹੈ। ਇਸ ਮਾਮਲੇ ਵਿਚ ਜੇਕਰ ਸੰਬੰਧਤ ਡਾਕਟਰ ਦੇ ਮੋਬਾਈਲ ਫੋਨ ਦੀ ਪੁਰਾਣੀ ਡਿਟੇਲ ਕਢਾਈ ਜਾਵੇ ਤਾਂ ਕਈ ਗੰਭੀਰ ਖੁਲਾਸੇ ਸਾਹਮਣੇ ਆ ਸਕਦੇ ਹਨ। ਦੂਸਰੇ ਪਾਸੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰ. ਡਾ. ਰਾਜੀਵ ਦੇਵਗਨ ਨੇ ਕਿਹਾ ਕਿ ਐੱਨ. ਪੀ. ਏ. ਭੱਤਾ ਲੈਣ ਦੇ ਬਾਵਜੂਦ ਪ੍ਰਾਈਵੇਟ ਪ੍ਰੈਕਟਿਸ ਕਰਨ ’ਤੇ ਮਨਾਹੀ ਹੈ। ਇਸ ਦੇ ਨਾਲ ਹੀ ਕੋਈ ਵੀ ਡਾਕਟਰ ਕਿਸੇ ਪ੍ਰਾਈਵੇਟ ਕੰਪਨੀ ਦੀ ਖਾਸ ਦਵਾਈਆਂ ਨਹੀਂ ਲਿਖ ਸਕਦਾ। ਉਨ੍ਹਾਂ ਕਿਹਾ ਕਿ ਸ਼ਿਕਾਇਤ ਆਉਣ ’ਤੇ ਮਾਮਲੇ ਦੀ ਜਾਂਚ ਉਪਰੰਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News