ਭੇਤਭਰੇ ਹਾਲਾਤ ''ਚ ਨੌਜਵਾਨ ਦੀ ਸੜਕ ਕਿਨਾਰੇ ਤੋਂ ਲਾਸ਼ ਮਿਲੀ, 3 ਵਿਰੁੱਧ ਕੇਸ ਦਰਜ
Monday, Oct 02, 2023 - 02:51 PM (IST)

ਬਟਾਲਾ (ਸਾਹਿਲ)- ਭੇਤਭਰੇ ਹਾਲਾਤ ਵਿਚ ਪਿੰਡ ਧੌਲਪੁਰ ਦੇ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਮ੍ਰਿਤਕ ਦੇ ਤਾਇਆ ਸੰਤੋਖ ਸਿੰਘ ਵਾਸੀ ਧੌਲਪੁਰ ਨੇ ਦੱਸਿਆ ਕਿ ਉਸਦਾ ਭਤੀਜਾ ਦਿਲਬਾਗ ਸਿੰਘ (22) ਪੁੱਤਰ ਇੰਦਰਜੀਤ ਸਿੰਘ ਜੋ ਕਿ ਦੁਬਈ ਵਿਖੇ ਗਿਆ ਸੀ ਅਤੇ ਹੁਣ ਕਰੀਬ 2 ਮਹੀਨੇ ਪਹਿਲਾਂ ਘਰ ਛੁੱਟੀ ਕੱਟਣ ਲਈ ਆਇਆ ਹੋਇਆ ਸੀ। ਬੀਤੀ ਰਾਤ ਭਤੀਜਾ ਪਿੰਡ ਦੇ ਰਹਿਣ ਵਾਲੇ ਤਿੰਨ ਨੌਜਵਾਨਾਂ ਨਾਲ ਘਰੋਂ ਗਿਆ ਸੀ। ਬੀਤੀ ਸਵੇਰੇ ਤੜਕਸਾਰ ਜਦੋਂ ਮੈਂ ਘਰੋਂ ਬਾਹਰ ਨਿਕਲਿਆ ਅਤੇ ਦੇਖਿਆ ਕਿ ਘਰ ਤੋਂ ਥੋੜੀ ਦੂਰੀ ’ਤੇ ਸੜਕ ਦੇ ਕੰਢੇ ਮੇਰਾ ਭਤੀਜਾ ਦਿਲਬਾਗ ਪਿਆ ਹੈ, ਜਿਸ ਨੂੰ ਮੈਂ ਤੁਰੰਤ ਜਾ ਕੇ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਸਦੀ (ਦਿਲਬਾਗ ਸਿੰਘ) ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਰਾਹੁਲ ਗਾਂਧੀ
ਓਧਰ ਇਹ ਹਾਦਸੇ ਦੀ ਸੂਚਨਾ ਮਿਲਣ ਉਪਰੰਤ ਥਾਣਾ ਕਿਲਾ ਲਾਲ ਸਿੰਘ ਦੇ ਐੱਸ. ਐੱਚ. ਓ. ਹਰਮੀਕ ਸਿੰਘ ਅਤੇ ਏ. ਐੱਸ. ਆਈ. ਇਕਬਾਲ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤਾਂ ਲਾਸ਼ ਨੂੰ ਕਬਜ਼ੇ ਵਿਚ ਲੈਣ ਉਪਰੰਤ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ- ਭੇਤਭਰੇ ਹਾਲਾਤ ’ਚ ਨੌਜਵਾਨ ਦੀ ਹੋਈ ਮੌਤ, ਪਰਿਵਾਰ ਨੇ ਦੱਸਿਆ ਇਹ ਕਾਰਨ
ਉਕਤ ਮਾਮਲੇ ਸਬੰਧੀ ਐੱਸ. ਐੱਚ. ਓ. ਹਰਮੀਕ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕ ਦਿਲਬਾਗ ਸਿੰਘ ਦੇ ਪਿਤਾ ਇੰਦਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਤਿੰਨ ਨੌਜਵਾਨਾਂ ਬਿੱਲੂ ਤੇ ਸੱਤਾ ਉਰਫ਼ ਸੁਮਨ ਪੁਤਰਾਨ ਗੁਰਮੇਜ ਸਿੰਘ ਅਤੇ ਸਾਹਿਲ ਮਸੀਹ ਪੁੱਤਰ ਰਜਿੰਦਰ ਵਾਸੀਆਨ ਪਿੰਡ ਧੌਲਪੁਰ ਖ਼ਿਲਾਫ਼ ਧਾਰਾ 304 ਆਈ.ਪੀ.ਸੀ ਤਹਿਤ ਕੇਸ ਦਰਜ ਕਰ ਦਿੱਤਾ ਹੈ ਅਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਉਕਤਾਨ ਦੀ ਗ੍ਰਿਫ਼ਤਾਰੀ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8