ਮੰਦਰ ’ਚ ਦਾਖਲ ਹੋ ਵਿਅਕਤੀ ਨੇ ਕੀਤਾ ਪੰਡਿਤ ’ਤੇ ਹਮਲਾ, ਗਾਲੀ-ਗਲੋਚ ਕਰਨ ’ਤੇ ਕੀਤਾ ਗ੍ਰਿਫ਼ਤਾਰ
Tuesday, Sep 27, 2022 - 12:21 PM (IST)

ਤਰਨ ਤਾਰਨ (ਰਮਨ) - ਸਥਾਨਕ ਚਾਰ ਖੁੰਭਾ ਚੌਕ ਵਿਖੇ ਸਥਿਤ ਸ੍ਰੀ ਠਾਕੁਰ ਦੁਆਰਾ ਮਦਨ ਮੋਹਨ ਮੰਦਰ ਦੇ ਅੰਦਰ ਇਕ ਵਿਅਕਤੀ ਵੱਲੋਂ ਪੁਜਾਰੀ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹੋਏ ਗਾਲੀ-ਗਲੋਚ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਮੀਤ ਪ੍ਰਧਾਨ ਅਸ਼ਵਨੀ ਕੁਮਾਰ ਕੁੱਕੂ ਨੇ ਮੌਕੇ ’ਤੇ ਪੁੱਜ ਕੇ ਉਕਤ ਵਿਅਕਤੀ ਨੂੰ ਪੁਲਸ ਹਵਾਲੇ ਕਰਵਾਉਂਦੇ ਹੋਏ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਪੜ੍ਹੋ ਇਹ ਵੀ ਖ਼ਬਰ : ਪੱਟੀ ’ਚ ਰੂਹ ਕੰਬਾਊ ਵਾਰਦਾਤ: ਰਿਸ਼ਤੇਦਾਰੀ 'ਚ ਗਏ 2 ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਜਾਣਕਾਰੀ ਦਿੰਦੇ ਹੋਏ ਸ਼ਿਵ ਸੈਨਾ ਬਾਲ ਠਾਕਰੇ ਮੀਤ ਪ੍ਰਧਾਨ ਅਸ਼ਵਨੀ ਕੁਮਾਰ ਕੁੱਕੂ ਨੇ ਦੱਸਿਆ ਕਿ ਪਹਿਲੇ ਨਵਰਾਤਰੇ ਮੌਕੇ ਸ੍ਰੀ ਠਾਕੁਰ ਦੁਆਰਾ ਮਦਨ ਮੋਹਨ ਮੰਦਰ (ਵੱਡਾ ਮੰਦਰ) ਦੇ ਅੰਦਰ ਸ਼ਰਧਾਲੂਆਂ ਵੱਲੋਂ ਮਾਤਾ ਰਾਣੀ ਦਾ ਗੁਣਗਾਨ ਕਰਦੇ ਹੋਏ ਪੂਜਾ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਇਕ ਵਿਅਕਤੀ ਜਿਸ ਕੋਲ ਚਾਕੂ ਸੀ, ਮੰਦਰ ਦੇ ਅੰਦਰ ਦਾਖਲ ਹੋ ਗਿਆ, ਜਿਸ ਵੱਲੋਂ ਮੰਦਰ ਵਿਖੇ ਮੌਜੂਦ ਭਗਵਾਨ ਦੀਆਂ ਮੂਰਤੀਆਂ ਵੱਲ ਵਧਣਾ ਸ਼ੁਰੂ ਕਰ ਦਿੱਤਾ ਗਿਆ। ਜਦੋਂ ਇਸ ਸੰਬੰਧੀ ਪੰਡਿਤ ਮਹਾਵੀਰ ਵੱਲੋਂ ਵਿਅਕਤੀ ਨੂੰ ਰੋਕਿਆ ਗਿਆ ਤਾਂ ਪ੍ਰਸ਼ਾਦ ਲੈਣ ਦੇ ਬਹਾਨੇ ਵਿਅਕਤੀ ਵੱਲੋਂ ਪੰਡਿਤ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਵਿਅਕਤੀ ਨੇ ਪੰਡਿਤ ਨਾਲ ਲੜਾਈ ਕਰਨੀ ਸ਼ੁਰੂ ਕਰ ਦਿੱਤੀ।
ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਵਿਖੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਲੈ ਕੇ 2 ਧਿਰਾਂ ’ਚ ਹੋਈ ਖ਼ੂਨੀ ਝੜਪ, ਚੱਲੇ ਤੇਜ਼ਧਾਰ ਹਥਿਆਰ
ਕੁੱਕੂ ਨੇ ਦੱਸਿਆ ਕਿ ਇਸ ਝਗੜੇ ਦੀ ਸੂਚਨਾ ਮਿਲਦੇ ਸਾਰ ਉਹ ਤੁਰੰਤ ਮੰਦਰ ਵਿਚ ਦਾਖ਼ਲ ਹੋਏ ਅਤੇ ਪੁਜਾਰੀ ਨਾਲ ਲੜਾਈ-ਝਗੜਾ ਕਰ ਰਹੇ ਵਿਅਕਤੀ ਨੂੰ ਕਾਬੂ ਕੀਤਾ। ਉਸ ਦੀ ਜੇਬ ਵਿਚੋਂ ਤੇਜ਼ਧਾਰ ਚਾਕੂ ਵੀ ਬਰਾਮਦ ਕੀਤਾ ਗਿਆ। ਕੁੱਕੂ ਨੇ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਹਮਲਾਵਰ ਉਨ੍ਹਾਂ ਦੇ ਸੁਰੱਖਿਆ ਗਾਰਡ ਏ. ਐੱਸ. ਆਈ. ਦੇ ਗਲ ਵੀ ਪੈ ਗਿਆ। ਇੰਨਾਂ ਹੀ ਨਹੀਂ ਮੌਕੇ ’ਤੇ ਮੌਜੂਦ ਸ੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਪ੍ਰਮੋਦ ਕੁਮਾਰ ਬਿੱਟੂ ਤੋਂ ਇਲਾਵਾ ਹੋਰ ਵਿਅਕਤੀਆਂ ’ਤੇ ਵੀ ਉਸ ਨੇ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਨੂੰ ਥਾਣਾ ਸਿਟੀ ਤਰਨ ਤਾਰਨ ਦੀ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ। ਕੁੱਕੂ ਸਮੇਤ ਸ੍ਰੀ ਸਨਾਤਨ ਧਰਮ ਸਭਾ ਦੇ ਮੈਂਬਰਾਂ ਅਤੇ ਵੱਖ ਵੱਖ ਹਿੰਦੂ ਜਥੇਬੰਦੀਆਂ ਨੇ ਐੱਸ.ਐੱਸ.ਪੀ ਪਾਸੋਂ ਮੰਗ ਕੀਤੀ ਹੈ ਕਿ ਇਹ ਵਿਅਕਤੀ ਕਿਸ ਮਕਸਦ ਨਾਲ ਮੰਦਰ ਦੇ ਅੰਦਰ ਦਾਖ਼ਲ ਹੋਇਆ ਸੀ, ਦੀ ਬਰੀਕੀ ਨਾਲ ਜਾਂਚ ਕਰਵਾਉਂਦੇ ਹੋਏ ਮੁਲਜ਼ਮ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਮਗਰੋਂ ਭਿੱਖੀਵਿੰਡ ਦੇ ਸਕੂਲ ਨੇੜਿਓਂ ਮਿਲੀ ਨਸ਼ੇ 'ਚ ਧੁੱਤ ਕੁੜੀ, ਬਾਂਹ ’ਤੇ ਸਨ ਟੀਕੇ ਦੇ ਨਿਸ਼ਾਨ
ਓਧਰ ਹਿਰਾਸਤ ਵਿਚ ਲਏ ਗਏ ਰਾਜ ਕੁਮਾਰ ਨੇ ਦੱਸਿਆ ਕਿ ਉਸ ਨੇ ਕਿਸੇ ਨਾਲ ਕੋਈ ਝਗੜਾ ਨਹੀਂ ਕੀਤਾ ਸੀ ਸਗੋਂ ਪੰਡਿਤ ਵੱਲੋਂ ਉਸ ਨੂੰ ਗਾਲੀ-ਗਲੋਚ ਕੀਤਾ ਗਿਆ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਹਿਰਾਸਤ ਵਿਚ ਲਏ ਗਏ ਵਿਅਕਤੀ ਦੀ ਪਛਾਣ ਰਾਜ ਕੁਮਾਰ ਪੁੱਤਰ ਅਨਿਲ ਗਿਰੀ ਨਿਵਾਸੀ ਮੁਹੱਲਾ ਜਸਵੰਤ ਸਿੰਘ ਤਰਨਤਾਰਨ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਮੰਦਰ ਅੰਦਰ ਕਿਸ ਮਕਸਦ ਨਾਲ ਗਿਆ ਸੀ, ਦੀ ਬਰੀਕੀ ਨਾਲ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਪੁਲਸ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਹੈ।
ਨੋਟ- ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ