ਛੋਟੇ ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਦੀ ਰੰਗੀਨ ਬਣੀ ਦੀਵਾਲੀ, ਇਸ ਸਾਲ ਨਹੀਂ ਰਹੀ ਕਿਸੇ ਵੱਡੇ ਕਾਰੋਬਾਰੀ ਦੀ ‘ਮਨੋਪਲੀ’

11/13/2023 5:55:48 PM

ਗੁਰਦਾਸਪੁਰ (ਹਰਮਨ)- ਪਿਛਲੇ ਸਮੇਂ ਦੌਰਾਨ ਪੰਜਾਬ ਸਮੇਤ ਜ਼ਿਲਾ ਗੁਰਦਾਸਪੁਰ ਅੰਦਰ ਦੀਵਾਲੀ, ਦੁਸਹਿਰੇ ਮੌਕੇ ਪਟਾਕਿਆਂ ਕਾਰਨ ਵਾਪਰੀਆਂ ਕੁਝ ਘਟਨਾਵਾਂ ਤੋਂ ਬਾਅਦ ਪਟਾਕਿਆਂ ਦੀ ਵਿਕਰੀ ਸਬੰਧੀ ਬਣਾਏ ਗਏ ਕੁਝ ਸਖਤ ਨਿਯਮਾਂ ਨੇ ਦੀਵਾਲੀ ਮੌਕੇ ਛੋਟੇ ਕਾਰੋਬਾਰੀਆਂ ਨੂੰ ਕਈ ਸਾਲ ਨਿਰਾਸ਼ ਕੀਤਾ ਸੀ। ਬੇਸ਼ੱਕ ਪ੍ਰਸ਼ਾਸਨ ਵੱਲੋਂ ਕੀਤੀ ਜਾਂਦੀ ਰਹੀ ਸਖਤੀ ਸਬੰਧੀ ਇਹ ਦਾਅਵਾ ਕੀਤਾ ਜਾਂਦਾ ਰਿਹਾ ਸੀ ਕਿ ਲੋਕਾਂ ਦੀ ਸਖਤ ਸੁਰੱਖਿਆ ਲਈ ਹੀ ਸਾਰੇ ਬਦਲਾਅ ਅਤੇ ਸਖਤੀ ਕੀਤੀ ਜਾ ਰਹੀ ਹੈ। ਕਾਫੀ ਹੱਦ ਤੱਕ ਲੋਕ ਵੀ ਪ੍ਰਸ਼ਾਸਨ ਦੀ ਸਖਤੀ ਦਾ ਸਵਾਗਤ ਕਰਦੇ ਸਨ ਪਰ ਇਸ ਸਖਤੀ ਦੀ ਆੜ ਹੇਠ ਪਟਾਕਿਆਂ ਦੀ ਵਿਕਰੀ ਦਾ ਕੰਮ ਕੁਝ ਚੋਣਵੇਂ ਵੱਡੇ ਕਾਰੋਬਾਰੀਆਂ ਤੱਕ ਹੀ ਸੀਮਤ ਰਹਿ ਜਾਣ ਕਾਰਨ ਪਿਛਲੇ ਕੁਝ ਸਾਲਾਂ ਦੀ ਦੀਵਾਲੀ ਪਟਾਕਿਆਂ ਦੀ ਵਿਕਰੀ ਕਰਨ ਵਾਲੇ ਛੋਟੇ ਕਾਰੋਬਾਰੀਆਂ, ਰੇਹੜੀ ਤੇ ਸਟਾਲਾਂ ਵਾਲਿਆਂ ਲਈ ਬੇਹੱਦ ਨਿਰਾਸ਼ਾ ਦਾ ਕਾਰਨ ਬਣਦੀ ਸੀ। ਪਰ ਇਸ ਸਾਲ ਗੁਰਦਾਸਪੁਰ ਅੰਦਰ ਪਟਾਕਿਆਂ ਦੀ ਵਿਕਰੀ ਤਕਰੀਬਨ ਹਰ ਸੜਕ, ਹਰੇਕ ਬਜਾਰ ਵਿਚ ਛੋਟੇ ਤੇ ਵੱਡੇ ਕਾਰੋਬਾਰੀਆਂ ਨੇ ਨਿਡਰ ਹੋ ਕੇ ਕੀਤੀ ਹੈ।

ਇਹ ਵੀ ਪੜ੍ਹੋ- ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ 'ਚੋਂ ਅਸ਼ੋਕ ਥਾਪਰ ਨਾਲ ਵਾਪਰੀ ਵੱਡੀ ਵਾਰਦਾਤ, ਚਾਕੂ ਦੀ ਨੋਕ 'ਤੇ ਲੁੱਟੇ ਲੱਖਾਂ ਰੁਪਏ

ਇਸ ਕਾਰਨ ਵੱਡੇ ਕਾਰੋਬਾਰੀਆਂ ਨੂੰ ਤਾਂ ਵੱਡੇ ਮੁਨਾਫੇ ਹੋਏ ਹੋਣਗੇ, ਪਰ ਸਭ ਤੋਂ ਵੱਡੀ ਖੁਸ਼ੀ ਉਨਾਂ ਰੇਹੜੀ ਤੇ ਸਟਾਲਾਂ ਵਾਲਿਆਂ ਦੇ ਚਿਹਰਿਆਂ 'ਤੇ ਦੇਖਣ ਨੂੰ ਮਿਲ ਰਹੀ ਹੈ, ਜਿਨਾਂ ਨੇ ਇਸ ਵਾਰ ਸ਼ਹਿਰ ਵਿਚ ਢੁਕਵੇਂ ਸਥਾਨ ਦੇਖ ਕੇ ਕਿਸੇ ਵੀ ਤਰਾਂ ਦੇ ਡਰ ਤੋਂ ਮੁਕਤ ਹੋ ਕੇ ਦੀਵਾਲੀ ਮੌਕੇ ਕਮਾਈ ਕੀਤੀ ਹੈ। ਜਗਬਾਣੀ ਨਾਲ ਗੱਲਬਾਤ ਕਰਦਿਆਂ ਕਈ ਸਟਾਲ ਮਾਲਕਾਂ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਜਦੋਂ ਉਹ ਪਟਾਕੇ ਵੇਚਣ ਦੀ ਕੋਸ਼ਿਸ ਕਰਦੇ ਸਨ ਤਾਂ ਪੁਲਸ ਆ ਜਾਂਦੀ ਸੀ ਜਿਸ ਕਾਰਨ ਉਨਾਂ ਨੂੰ ਕੰਮ ਬੰਦ ਕਰਨਾ ਪੈਂਦਾ ਸੀ ਅਤੇ ਪਟਾਕੇ ਅਣਵਿਕੇ ਰਹਿ ਜਾਣ ਕਾਰਨ ਕਮਾਈ ਤਾਂ ਕੀ ਹੋਣੀ ਸੀ ਸਗੋਂ ਨੁਕਸਾਨ ਹੋ ਜਾਂਦਾ ਹੈ। ਪਰ ਇਸ ਸਾਲ ਉਹ ਚੇਅਰਮੈਨ ਰਮਨ ਬਹਿਲ ਅਤੇ ਪ੍ਰਸ਼ਾਸ਼ਨ ਦੇ ਧੰਨਵਾਦੀ ਹਨ ਜਿਨਾਂ ਨੇ ਉਨਾਂ ਦੇ ਇਸ ਵੱਡੇ ਮਸਲੇ ਨੂੰ ਹੱਲ ਕੀਤਾ ਹੈ ਅਤੇ ਪਟਾਕੇ ਵੇਚਣ ਦੀ ਇਜਾਜਤ ਦੇ ਕੇ ਉਨਾਂ ਦੀ ਦੀਵਾਲੀ ਨੂੰ ਵੀ ਰੰਗੀਨ ਬਣਾਇਆ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਦੀਵਾਲੀ ਮੌਕੇ ਚੱਲੀਆਂ ਤਾਬੜਤੋੜ ਗੋਲ਼ੀਆਂ, 1 ਨੌਜਵਾਨ ਦੀ ਮੌਤ

ਇਸ ਸਬੰਧੀ ਸ਼ਹਿਰ ਦੇ ਵਸਨੀਕ ਅਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਹਿਤੇਸ਼ ਮਹਾਜਨ, ਰਘੁਬੀਰ ਸਿੰਘ, ਅਸ਼ਵਨੀ ਕੁਮਾਰ ਸਮੇਤ ਹੋਰਨਾਂ ਨੇ ਕਿਹਾ ਕਿ ਜਦੋਂ ਪ੍ਰਸ਼ਾਸ਼ਨ ਡਰਾਅ ਕੱਢ ਕੇ ਪਟਾਕੇ ਵੇਚਣ ਦੀ ਇਜਾਜਤ ਦਿੰਦਾ ਸੀ ਤਾਂ  ਜਿਨਾਂ ਲੋਕਾਂ ਦੇ ਡਰਾਅ ਨਿਕਲਦੇ ਸਨ, ਉਹ ਮਨਮਰਜੀ ਦੇ ਰੇਟ ਲਗਾਉਂਦੇ ਸਨ ਅਤੇ ਉਨਾਂ ਵਿਚੋਂ ਕਈ ਅਗਾਂਹ ਹੋਰਨਾਂ ਨਾਲ ਸੌਦੇਬਾਜੀ ਕਰਕੇ ਉਨਾਂ ਨੂੰ ਪਟਾਕੇ ਵੇਚਣ ਦੀ ਇਜਾਜਤ ਦਿੰਦੇ ਸਨ। ਕਈ ਵਾਰ ਅਜਿਹਾ ਵੀ ਹੁੰਦਾ ਰਿਹਾ ਹੈ ਕਿ ਜਿਹੜੇ ਦੁਕਾਨਦਾਰਾਂ ਨੇ ਲੱਖਾਂ ਰੁਪਏ ਦੇ ਪਟਾਕੇ ਖਰੀਦੇ ਹੁੰਦੇ ਸਨ, ਉਸ ਦਾ ਡਰਾਅ ਨਹੀਂ ਨਿਕਲਦਾ ਸੀ ਅਤੇ ਉਸ ਨੂੰ ਮਜ਼ਬੂਰਨ ਕੌਢੀਆਂ ਦੇ ਭਾਅ ਚੋਰੀ ਛਿਪੇ ਪਟਾਕੇ ਵੇਚਣੇ ਪੈਂਦੇ ਸਨ ਅਤੇ ਕਈ ਵਾਰ ਇਸ ਕਾਰੋਬਾਰ ਵਿਚ ਹੋਰ ਵੀ ਕਈ ਧਾਂਦਲੀਆਂ ਤੇ ਮਿਲੀਭੁਗਤ ਦੇ ਚਰਚੇ ਸੁਣਨ ਨੂੰ ਮਿਲਦੇ ਰਹੇ ਸਨ। ਪਰ ਇਸ ਵਾਰ ਸਹੀ ਮਾਇਨਿਆਂ ਵਿਚ ਸਾਰੇ ਦੁਕਾਨਦਾਰਾਂ ਨੇ ਆਜਾਦਾਨਾਂ ਤੌਰ 'ਤੇ ਦੀਵਾਲੀ ਦੀ ਖੁਸ਼ੀ ਮਨਾਈ ਹੈ।

ਇਹ ਵੀ ਪੜ੍ਹੋ- ਦੀਵਾਲੀ ਮੌਕੇ ਘਰ 'ਚ ਪਿਆ ਚੀਕ-ਚਿਹਾੜਾ, ਖੇਡ ਰਹੇ 6 ਸਾਲਾ ਬੱਚੇ ਦੀ ਮੌਤ

ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਕਰਨੇ ਬਹੁਤ ਜ਼ਰੂਰੀ ਹਨ ਅਤੇ ਉਹ ਇਸ ਗੱਲ ਨਾਲ ਸਹਿਮਤ ਹਨ ਕਿ ਭੀੜ-ਭੜੱਕੇ ਵਾਲੇ ਇਲਾਕਿਆਂ ਵਿਚ ਖਤਰਨਾਕ ਪਟਾਕਿਆਂ ਦੇ ਗੋਦਾਮ ਨਹੀਂ ਹੋਣੇ ਚਾਹੀਦੇ ਪਰ ਇਸ ਵਾਰ ਜਿਥੇ ਪ੍ਰਮਾਤਮਾ ਦੇ ਸ਼ੁੱਕਰਗੁਜਾਰ ਹਨ, ਉਥੇ ਚੇਅਰਮੈਨ ਰਮਨ ਬਹਿਲ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਸਾਰੇ ਪਹਿਲੂਆਂ ਨੂੰ ਵਿਚਾਰ ਕੇ ਪੁਖਤਾ ਪ੍ਰਬੰਧ ਕਰਵਾਏ ਅਤੇ ਸਾਰੇ ਲੋਕਾਂ ਹੀ ਦੀਵਾਲੀ ਦੀ ਤਿਉਹਾਰ ਖੁਸ਼ੀਆਂ ਦਾ ਕਾਰਨ ਬਣਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News