ਕੰਧਾਂ ਪਾੜ ਕੇ ਦੁਕਾਨਾਂ 'ਚ ਜਾ ਵੜਿਆ ਆਲੂਆਂ ਨਾਲ ਲੱਦਿਆ ਕੈਂਟਰ, ਤਬਾਹ ਹੋਈਆਂ ਦੁਕਾਨਾਂ
Monday, Jan 05, 2026 - 06:18 PM (IST)
ਗੁਰਦਾਸਪੁਰ (ਹਰਮਨ)- ਮੁਕੇਰੀਆਂ–ਗੁਰਦਾਸਪੁਰ ਮੁੱਖ ਮਾਰਗ ਉੱਤੇ ਆਵਾਜਾਈ ਦਾ ਦਬਾਅ ਅਤੇ ਸੜਕ ਤੰਗ ਹੋਣ ਕਾਰਨ ਹਾਦਸਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਦੇਰ ਰਾਤ ਨਵਾਂ ਸ਼ਾਲਾ ਬਾਜ਼ਾਰ ਵਿੱਚ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਆਲੂਆਂ ਨਾਲ ਲੱਦਿਆ ਇੱਕ ਲੇਲੈਂਡ ਕੈਂਟਰ ਟਰੱਕ ਕੰਧਾਂ ਪਾੜਦਾ ਹੋਇਆ ਸਿੱਧਾ ਦੁਕਾਨਾਂ ਵਿੱਚ ਜਾ ਵੜਿਆ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਪਿੰਡਾਂ 'ਚ ਹੋਣ ਲੱਗੀ ਅਨਾਊਂਸਮੈਂਟ, ਅਧਿਕਾਰੀ ਕਰ ਰਹੇ ਲੋਕਾਂ ਨੂੰ ਸੁਚੇਤ
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਐਚ.ਪੀ-73-ਏ-7367 ਨੰਬਰ ਵਾਲਾ ਕੈਂਟਰ ਮੁਕੇਰੀਆਂ ਵੱਲੋਂ ਗੁਰਦਾਸਪੁਰ ਜਾ ਰਿਹਾ ਸੀ। ਕੈਂਟਰ ਨੂੰ ਰਸ਼ੀਦ ਨਾਮਕ ਡਰਾਈਵਰ ਚਲਾ ਰਿਹਾ ਸੀ। ਜਦੋਂ ਉਹ ਚਾਵਾ ਪਿੰਡ ਦੀ ਚੜ੍ਹਾਈ ਪਾਰ ਕਰਕੇ ਨਵਾਂ ਸ਼ਾਲਾ ਬਾਜ਼ਾਰ ਵਿੱਚ ਦਾਖਲ ਹੋਣ ਲੱਗਾ, ਤਾਂ ਟੇਢੇ ਮੋੜ ’ਤੇ ਟਰਨ ਲੈਂਦੇ ਸਮੇਂ ਟਰੱਕ ਦਾ ਸੰਤੁਲਨ ਵਿਗੜ ਗਿਆ ਅਤੇ ਕੈਂਟਰ ਸਿੱਧਾ ਇੱਕ ਵੈਲਡਿੰਗ ਦੀ ਦੁਕਾਨ ਦੀ ਕੰਧ ਪਾੜਦਾ ਹੋਇਆ ਅੱਗੇ ਹੋਰ ਦੁਕਾਨਾਂ ਨਾਲ ਟਕਰਾ ਗਿਆ।
ਇਹ ਵੀ ਪੜ੍ਹੋ- ਪੰਜਾਬ: ਦਿਨ-ਦਿਹਾੜੇ ਮੋਟਰਸਾਈਕਲ ਵਾਲੇ ਮੁੰਡੇ ਮਾਰ ਗਏ ਸੁਨਿਆਰੇ ਦੀ ਦੁਕਾਨ 'ਤੇ ਗੋਲੀਆਂ
ਟੱਕਰ ਇੰਨੀ ਭਿਆਨਕ ਸੀ ਕਿ ਦੋ ਦੁਕਾਨਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ। ਇਸ ਦੌਰਾਨ ਦੁਕਾਨਾਂ ਦੇ ਪਿੱਛੇ ਸੜਕ ਕੰਢੇ ਬਿਜਲੀ ਵਿਭਾਗ ਵੱਲੋਂ ਲਗਾਏ ਗਏ ਮੀਟਰ ਬਾਕਸ ਵੀ ਟੁੱਟ ਕੇ ਉੱਡ ਗਏ, ਜਿਸ ਨਾਲ ਕਰੀਬ 40 ਬਿਜਲੀ ਮੀਟਰ ਪੂਰੀ ਤਰ੍ਹਾਂ ਨੁਕਸਾਨੀ ਗਏ। ਗਨੀਮਤ ਇਹ ਰਹੀ ਕਿ ਹਾਦਸਾ ਰਾਤ ਕਰੀਬ 10-11 ਵਜੇ ਵਾਪਰਿਆ, ਜਦੋਂ ਬਾਜ਼ਾਰ ਬੰਦ ਸੀ ਅਤੇ ਉੱਥੇ ਕੋਈ ਰਾਹਗੀਰ ਮੌਜੂਦ ਨਹੀਂ ਸੀ। ਇਸ ਕਾਰਨ ਵੱਡੇ ਜਾਨੀ ਨੁਕਸਾਨ ਤੋਂ ਬਚਾਵ ਹੋ ਗਿਆ। ਟਰੱਕ ਡਰਾਈਵਰ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ।
ਇਹ ਵੀ ਪੜ੍ਹੋ- 'ਆਪ' ਸਰਪੰਚ ਦੇ ਕਤਲ ਮਗਰੋਂ ਤਰਨਤਾਰਨ ਪੁਲਸ ਨੇ ਕਰ'ਤਾ ਵੱਡਾ ਐਨਕਾਊਂਟਰ
ਪੀੜਤ ਦੁਕਾਨਦਾਰ ਗੁਰਮੇਜ ਸਿੰਘ ਨੇ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਸ਼ਾਮ ਨੂੰ ਆਪਣੇ ਘਰ ਪਿੰਡ ਗੁੰਨੋਂਪੁਰ ਚਲੇ ਗਏ ਸਨ। ਬਾਅਦ ਵਿੱਚ ਸਥਾਨਕ ਲੋਕਾਂ ਵੱਲੋਂ ਉਨ੍ਹਾਂ ਨੂੰ ਹਾਦਸੇ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਵੈਲਡਿੰਗ ਦੀਆਂ ਦੋਵੇਂ ਦੁਕਾਨਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ ਅਤੇ ਅੰਦਰ ਪਿਆ ਗੇਟਾਂ, ਗ੍ਰਿਲਾਂ ਅਤੇ ਹੋਰ ਸਮਾਨ ਵੀ ਨੁਕਸਾਨਿਆ ਗਿਆ ਹੈ। ਪੀੜਤ ਅਨੁਸਾਰ ਕਰੀਬ 6 ਤੋਂ 7 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਹਾਦਸੇ ਤੋਂ ਬਾਅਦ ਪਰ ਟਰੱਕ ਚਾਲਕ ਦੇ ਸਾਥੀ ਨੇ ਕਿਹਾ ਕਿ ਹਾਦਸੇ ਦਾ ਮੁੱਖ ਕਾਰਨ ਟੇਢਾ ਮੋੜ ਅਤੇ ਅੱਗੋਂ ਆ ਰਹੇ ਇੱਕ ਤੇਜ਼ ਰਫ਼ਤਾਰ ਵਾਹਨ ਵੱਲੋਂ ਓਵਰਟੇਕ ਕਰਨਾ ਸੀ। ਉੱਥੇ ਹੀ ਸਥਾਨਕ ਮੋਹਤਬਾਰ ਅਤੇ ਨਵ-ਨਿਯੁਕਤ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਐਡਵੋਕੇਟ ਸੁੱਚਾ ਸਿੰਘ ਮੁਲਤਾਨੀ ਨੇ ਕਿਹਾ ਕਿ ਇਸ ਮਾਰਗ ਉੱਤੇ ਆਵਾਜਾਈ ਭਾਰੀ ਹੋਣ ਅਤੇ ਸੜਕ ਤੰਗ ਹੋਣ ਕਾਰਨ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਸੰਬੰਧਿਤ ਵਿਭਾਗ ਵੱਲੋਂ ਸੜਕ ਦੀ ਚੜ੍ਹਾਈ ਅਤੇ ਮੋੜਾਂ ਨੂੰ ਸੁਧਾਰਿਆ ਜਾਵੇ ਅਤੇ ਨਵਾਂ ਸ਼ਾਲਾ ਬਾਜ਼ਾਰ ਲਈ ਬਾਈਪਾਸ ਮਾਰਗ ਤਿਆਰ ਕੀਤਾ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੇ ਖਤਰਨਾਕ ਹਾਦਸਿਆਂ ਤੋਂ ਲੋਕਾਂ ਨੂੰ ਰਾਹਤ ਮਿਲ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
