ਕੁਵੈਤ ਤੇ ਦੁਬਈ ਤੋਂ ਪਰਤੇ 21 ਵਿਅਕਤੀ ਕੀਤੇ ਆਈਸੋਲੇਟ

05/28/2020 8:18:11 PM

ਖਡੂਰ ਸਾਹਿਬ, (ਗਿੱਲ)— ਕੁਵੈਤ ਤੇ ਦੁਬਈ ਤੋਂ ਪਰਤੇ 21 ਵਿਅਕਤੀਆਂ ਨੂੰ ਅੱਜ ਇਥੇ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਦੇ ਹੋਸਟਲ 'ਚ ਬਣੇ ਕੁਆਰੰਟਾਈਨ ਸੈਂਟਰ 'ਚ ਆਈਸੋਲੇਟ ਕੀਤਾ ਗਿਆ ਹੈ। ਕਾਰ ਸੇਵਾ ਖਡੂਰ ਸਾਹਿਬ ਨਾਲ ਸਬੰਧਿਤ ਸੇਵਾਦਾਰ ਭਾਈ ਨਿਰਮਲ ਸਿੰਘ ਨੇ ਇਸ ਦੌਰਾਨ ਦੱਸਿਆ ਕਿ ਇਥੇ ਖਡੂਰ ਸਾਹਿਬ ਵਿਖੇ ਆਈਸੋਲੇਟ ਕੀਤੇ ਗਏ ਕੁੱਲ ਵਿਅਕਤੀਆਂ ਦੀ ਗਿਣਤੀ ਹੁਣ 60 ਹੋ ਗਈ ਹੈ। ਨਵੇਂ ਆਉਣ ਵਾਲੇ ਬੀਤੀ ਰਾਤ ਅੰਮ੍ਰਿਤਸਰ ਹਵਾਈ ਅੱਡੇ 'ਤੇ ਉੱਤਰੇ ਸਨ।
ਕੁਵੈਤ ਤੋਂ ਪਰਤੇ ਮੰਗਲ ਸਿੰਘ ਨੇ ਇਸ ਦੌਰਾਨ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਪਿਛਲੇ ਲਗਪਗ ਡੇੜ ਮਹੀਨੇ ਤੋਂ ਉਹ ਕੁਵੈਤ 'ਚ ਵਿਹਲੇ ਬੈਠੇ ਸਨ। ਇਸ ਦੌਰਾਨ ਉਨ੍ਹਾਂ ਦੀ ਰਿਹਾਇਸ਼ ਤੇ ਖਾਧ ਖੁਰਾਕ ਦਾ ਪੂਰਾ ਖਰਚਾ ਕੁਵੈਤ ਸਰਕਾਰ ਨੇ ਚੁੱਕਿਆ। ਉਨ੍ਹਾਂ ਕਿਹਾ ਕਿ ਇਕ ਵਿਦੇਸ਼ੀ ਮੁਲਕ ਹੋਣ ਦੇ ਬਾਵਜੂਦ ਕੁਵੈਤ ਸਰਕਾਰ ਨੇ ਕਿਸੇ ਪ੍ਰਵਾਸੀ ਕਾਮੇ ਨਾਲ ਕੋਈ ਵਿਤਕਰਾ ਨਹੀਂ ਕੀਤਾ। ਉਨ੍ਹਾਂ ਹੋਰ ਦੱਸਿਆ ਕਿ ਸਾਨੂੰ ਅੰਮ੍ਰਿਤਸਰ ਪਹੁੰਚਾਉਣ ਵਾਸਤੇ ਵਿਸ਼ੇਸ਼ ਫਲਾਈਟ ਦਾ ਪ੍ਰਬੰਧ ਕੀਤਾ ਗਿਆ ਅਤੇ ਸਾਰੇ ਵਾਪਸ ਆਉਣ ਵਾਲੇ ਕਾਮਿਆਂ ਦੀਆਂ ਟਿਕਟਾ ਕੁਵੈਤ ਸਰਕਾਰ ਨੇ ਲੈ ਕੇ ਦਿੱਤੀਆਂ। ਤਰਨ ਤਾਰਨ ਦੇ ਵਸਨੀਕ ਜਸਪਾਲ ਸਿੰਘ ਨੇ ਦੱਸਿਆ ਕਿ ਸਾਡੇ 'ਚੋਂ ਕਈ ਕਰਜ਼ਈ ਸਨ ਅਤੇ ਕਈਆ ਦੇ ਵੀਜ਼ੇ ਖਤਮ ਹੋ ਚੁੱਕੇ ਸਨ ਅਤੇ ਰੀਨਿਊ ਕਰਵਾਉਣ ਲਈ ਵੱਡੀਆਂ ਫੀਸਾਂ ਲੱਗਣੀਆਂ ਸਨ ਪਰ ਕੁਵੈਤ ਸਰਕਾਰ ਨੇ ਕਿਸੇ ਕੋਲੋਂ ਕੋਈ ਪੈਸਾ ਨਹੀਂ ਲਿਆ ਸਗੋਂ ਡੇੜ ਮਹੀਨਾ ਸਾਡਾ ਖਾਣ-ਪੀਣ ਤੇ ਰਿਹਾਇਸ਼ ਦਾ ਖਰਚਾ ਵੀ ਚੁੱਕਿਆ। ਇੱਥੋਂ ਤਕ ਕਿ ਬਿਮਾਰ ਹੋਣ ਵਾਲੇ ਪ੍ਰਵਾਸੀ ਕਾਮਿਆਂ ਦਾ ਇਲਾਜ਼ ਮੁਫਤ ਕਰਵਾਇਆ। ਇੱਥੇ ਜ਼ਿਕਰਯੋਗ ਹੈ ਕਿ ਖਡੂਰ ਸਾਹਿਬ ਦੇ ਆਈਸੋਲੇਸ਼ਨ ਸੈਂਟਰ ਵਿਖੇ ਆਈਸੋਲੇਟ ਕੀਤੇ ਗਏ ਵਿਅਕਤੀਆਂ ਦੀ ਰਿਹਾਇਸ਼ ਸਮੇਤ ਲੰਗਰ ਪਾਣੀ ਅਤੇ ਸਾਂਭ ਸੰਭਾਲ ਦੀ ਸੇਵਾ ਕਾਰ ਸੇਵਾ ਖਡੂਰ ਸਾਹਿਬ ਵਲੋਂ ਨਿਭਾਈ ਜਾ ਰਹੀ ਹੈ।


KamalJeet Singh

Content Editor

Related News