ਵਿਸ਼ਵ ਪ੍ਰਸਿੱਧ ਪੰਡੋਰੀ ਧਾਮ ਨੂੰ ਜੋੜਣ ਵਾਲੇ ਪੁਲ ਦੀ 20 ਫੁੱਟ ਦੀਵਾਰ ਟੁੱਟੀ

01/12/2019 5:10:25 AM

ਗੁਰਦਾਸਪੁਰ,(ਵਿਨੋਦ)- ਗੁਰਦਾਸਪੁਰ ਤੋਂ ਵਿਸ਼ਵ ਪ੍ਰਸਿੱਧ ਪੰਡੋਰੀ ਧਾਮ ਨੂੰ ਜਾਣ ਵਾਲੀ ਸਡ਼ਕ ’ਤੇ ਪਿੰਡ ਜੱਟੂਵਾਲ ਦੇ ਕੋਲ ਬਣੇ ਪੁਲ ਦੀ ਹਾਲਤ ਇੰਨੀ ਖਰਾਬ ਹੈ ਕਿ ਕਿਸੇ ਵੀ ਸਮੇਂ ਵੱਡਾ ਹਾਦਸਾ ਹੋ ਸਕਦਾ ਹੈ। 
ਇਸ ਪੁਲ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਪੁਲ ’ਤੇ ਸਡ਼ਕ ਦੀ ਸਥਿਤੀ ਜੈੱਡ ਸ਼ੇਪ ਦੀ ਹੋਣ ਦੇ ਕਾਰਨ ਇਕ ਤਾਂ ਪੁਲ ਦੇ ਨਾਲ ਹੀ ਤਿੱਖਾ ਮੋਡ਼ ਹੈ ਅਤੇ ਅੰਮ੍ਰਿਤਸਰ, ਬਟਾਲਾ, ਜੰਮੂ ਕਸ਼ਮੀਰ, ਜਲੰਧਰ ਆਦਿ ਤੋਂ ਪੰਡੋਰੀ ਧਾਮ ਨੂੰ ਜਾਣ ਦੇ ਲਈ ਇਕ ਮਾਤਰ ਇਹੀ ਰਸਤਾ ਹੈ, ਜਿਸ ’ਤੇ ਇਹ ਪੁਲ ਬਣਿਆ ਹੋਇਆ ਹੈ। 
 ਗੁਰਦਾਸਪੁਰ ਤੋਂ ਇਸ ਰਸਤੇ ’ਤੇ ਪ੍ਰਸਿੱਧ ਪੰਡੋਰੀ ਧਾਮ ਸਮੇਤ ਲਗਭਗ ਦੋ ਦਰਜ਼ਨ ਤੋਂ ਜ਼ਿਆਦਾ ਪਿੰਡ ਪੈਂਦੇ ਹਨ ਜਿਨ੍ਹਾਂ ’ਚੋਂ ਤਾਲਿਬਪੁਰ ਪੰਡੋਰੀ, ਗੋਤ ਪੋਕਰ, ਗਾਜੀਕੋਟ, ਕਲੀਚਪੁਰ ਆਦਿ ਪ੍ਰਮੁੱਖ ਵੱਡੇ ਪਿੰਡ ਹਨ । ਪ੍ਰਤੀਦਿਨ ਇਸ ਸਡ਼ਕ ’ਤੇ ਬਸ ਸੇਵਾ ਦੇ ਇਲਾਵਾ ਲਗਭਗ 300 ਵਾਹਨ ਆਉਂਦੇ ਜਾਂਦੇ ਹਨ। ਵੈਸੇ ਤਾਂ ਅਪਰਬਾਰੀ ਦੁਆਬ ਨਹਿਰ ’ਤੇ ਬਣਿਆ ਪੁਲ ਵੀ ਬਹੁਤ ਖਸਤਾ ਹਾਲਤ ’ਚ ਹੈ ਅਤੇ ਅਪਰਬਾਰੀ ਪੁਲ ਜੋ ਡਾਟ ਪ੍ਰਣਾਲੀ ਨਾਲ ਅੰਗਰੇਜ਼ਾਂ ਦੇ ਸ਼ਾਸ਼ਨ ’ਚ ਲਗਭਗ 100 ਸਾਲ ਪਹਿਲਾਂ ਬਣਿਆ ਸੀ ਮਾਤਰ ਪੰਜ ਟਨ ਵਜ਼ਨ ਸਮਤਾ ਦਾ ਹੈ, ਪਰ ਫਿਰ ਵੀ ਇਹ ਪੁਲ ਅਜੇ ਮਜ਼ਬੂਤ ਹੈ। ਪਰ ਪਿੰਡ ਜੱਟੂਵਾਲ ਦੇ ਕੋਲ ਬਣਿਆ ਇਕ ਸਿਲਟ ਇਜੈਕਟਰ ਨਹਿਰ ’ਤੇ ਬਣੇ ਪੁਲ ਦੀ ਹਾਲਤ ਇਹ ਹੈ ਕਿ ਇਸ ਪੁਲ ਦੇ ਦੋਵੇਂ ਪਾਸੇ ਬਣੀਆਂ  ਕੰਧਾਂ ਹਾਦਸਾਗ੍ਰਸਤ ਹਨ ਅਤੇ ਇਕ ਸਾਈਡ ’ਤੇ ਲਗਭਗ 20 ਫੁੱਟ  ਕੰਧ ਦਿਖਾਈ ਨਹੀਂ ਦਿੰਦੀ। ਜਦਕਿ ਇਸ ਪੁਲ ’ਤੇ ਸਥਿਤੀ ਇਹ ਹੈ ਕਿ ਸਡ਼ਕ ਜੈੱਡ ਸ਼ੇਪ ਹੋਣ ਦੇ ਕਾਰਨ ਇਕ ਪਾਸੇ ਤਾਂ ਬਹੁਤ ਹੀ ਤਿੱਖਾ ਮੋਡ਼ ਹੈ। ਇਸ ਪੁਲ ’ਤੇ ਨਿਕਲਣ ਤੋਂ ਡਰ ਲੱਗਣਾ ਤਾਂ ਠੀਕ ਹੈ, ਪਰ ਪੁਲ ਦੀ ਹਾਲਤ ਵੇਖ ਕੇ ਹੀ ਦਿਲ ਡਰ ਜਾਂਦਾ ਹੈ। 
 ਦੋ ਦਰਜਨ ਪਿੰਡਾਂ ਨੂੰ ਜੋੜਦਾ ਹੈ ਪੁਲ : ਇਲਾਕਾ ਵਾਸੀ
 ਇਸ ਸਬੰਧੀ ਤਾਲਿਬਪੁਰ ਪੰਡੋਰੀ ਦੇ ਸਾਬਕਾ ਸਰਪੰਚ ਰਵਿੰਦਰ ਮਹਾਜਨ, ਕਾਂਗਰਸੀ ਨੇਤਾ ਮਾਸਟਰ ਸ਼ਸੀ, ਬਲਜਿੰਦਰ ਸਿੰਘ ਪਿੰਡ ਗੋਤ ਪੋਕਰ ਦੇ ਅਨੁਸਾਰ ਇਸ ਸਡ਼ਕ ’ਤੇ ਪੰਡੋਰੀ ਧਾਮ ਦੇ ਇਲਾਵਾ ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਗਾਜੀਕੋਟ ਸਮੇਤ ਕਈ ਹੋਰ ਛੋਟੇ ਵੱਡੇ ਸਕੂਲ ਹਨ। ਜਦਕਿ ਦੋ ਦਰਜ਼ਨ ਪਿੰਡਾਂ ਦੇ ਲੋਕਾਂ ਵੱਲੋਂ ਇਹ ਸਡ਼ਕ ਪ੍ਰਯੋਗ ਕੀਤੀ ਜਾਂਦੀ ਹੈ। ਪੰਡੋਰੀ ਧਾਮ ਦੇ ਕਾਰਨ ਪੂਰੇ ਦੇਸ਼ ਤੋਂ ਲੋਕ ਇਸ ਸਡ਼ਕ ਰਸਤੇ ਪੰਡੋਰੀ ਧਾਮ ਪਹੁੰਚਦੇ ਹਨ। ਇਸ ਲਈ ਇਸ ਸਡ਼ਕ ਦਾ ਬਹੁਤ ਮਹੱਤਵ ਹੈ। ਇਸ ਨੁਕਸਾਨੇ ਪੁਲ ਦੀ ਤੁਰੰਤ ਮੁਰੰਮਤ ਹੋਣੀ ਬਹੁਤ ਜ਼ਰੂਰੀ ਹੈ। ਕਈ ਵਾਰ ਅਣਜਾਣ ਲੋਕ ਇਸ ਪੁਲ ਤੋਂ ਵਾਹਨ ਸਮੇਤ ਡਿੱਗ ਚੁੱਕੇ ਹਨ।
 ਇਸ ਪੁਲ ਦੀ ਜਲਦੀ ਮੁਰੰਮਤ ਹੋਵੇਗੀ  : ਅਰੁਣਾ ਚੌਧਰੀ 
 ਇਸ ਪੁਲ ਸਬੰਧੀ ਜਦ ਇਲਾਕੇ ਦੀ ਵਿਧਾਇਕਾ ਤੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਨੁਕਸਾਨੇ ਪੁਲ ਦੀ ਮੁਰੰਮਤ  ਲਈ ਆਉਣ ਵਾਲੇ ਖਰਚ ਦਾ ਅਨੁਮਾਨ ਲਗਵਾ ਕੇ ਸਬੰਧਿਤ ਵਿਭਾਗ ਨੂੰ ਤੁਰੰਤ ਮੁਰੰਮਤ ਦਾ ਆਦੇਸ਼ ਦਿੱਤਾ ਜਾਵੇਗਾ  ਅਤੇ ਜਲਦ ਹੀ ਮੁਰੰਮਤ ਹੋਵੇਗੀ।


Related News