‘ਆਪ’ ਆਗੂ ਦੀ ਕਤਲ ''ਚ ਸ਼ਾਮਲ 2 ਹੋਰ ਮੁਲਜ਼ਮ ਗ੍ਰਿਫ਼ਤਾਰ
Tuesday, Oct 08, 2024 - 04:21 PM (IST)
ਤਰਨਤਾਰਨ (ਰਮਨ)-ਬੀਤੀ 13 ਸਤੰਬਰ ਨੂੰ ਆਮ ਆਦਮੀ ਪਾਰਟੀ ਦੇ ਇਕ ਵਰਕਰ ਦੀ ਅੱਡਾ ਨੌਸ਼ਹਿਰਾ ਪੰਨੂਆਂ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਥਾਣਾ ਸਰਹਾਲੀ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਸੀ। ਬੀਤੇ ਕੁਝ ਦਿਨ ਪਹਿਲਾਂ ਪੁਲਸ ਵੱਲੋਂ ਇਸ ਕਤਲ ਮਾਮਲੇ ਵਿਚ ਰੇਕੀ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਦਕਿ ਹੁਣ ਪੁਲਸ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅਤੇ ਘਰ ਵਿਚ ਪਨਾਹ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਵਾਰਦਾਤ ਵਿਚ ਵਰਤੇ ਗਏ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਹੱਤਿਆ ਮਾਮਲੇ ਵਿਚ ਵਿਦੇਸ਼ ਵਿਚ ਬੈਠੇ ਗੈਂਗਸਟਰ ਸੱਤਾ ਵੱਲੋਂ ਸੋਸ਼ਲ ਮੀਡੀਆ ਉਪਰ ਪੋਸਟ ਪਾ ਕੇ ਜ਼ਿੰਮੇਵਾਰੀ ਵੀ ਲਈ ਗਈ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਬਾਬਾ ਬੁੱਢਾ ਸਾਹਿਬ ਦੇ ਜੋੜ ਮੇਲੇ ਤੋਂ ਪਰਤ ਰਹੇ 3 ਨੌਜਵਾਨਾਂ ਦੀ ਮੌਤ
ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਐੱਸ.ਐੱਸ.ਪੀ ਗੌਰਵ ਤੂਰਾ ਨੇ ਦੱਸਿਆ ਕਿ ਬੀਤੀ 13 ਸਤੰਬਰ ਦੀ ਸ਼ਾਮ ਕਰੀਬ 7 ਵਜੇ ਬਚਿੱਤਰਜੀਤ ਸਿੰਘ ਉਰਫ ਬਿੱਕਰ ਵਾਸੀ ਚੌਧਰੀਵਾਲਾ ਦਾ ਅੱਡਾ ਨੌਸ਼ਿਹਰਾ ਪੰਨੂਆਂ ਵਿਖੇ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿਚ ਪੁਲਸ ਵੱਲੋਂ ਵੱਖ-ਵੱਖ ਪੁਲਸ ਟੀਮਾਂ ਦਾ ਗਠਨ ਕਰਦੇ ਹੋਏ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ, ਜਿਸ ਦੇ ਚੱਲਦਿਆਂ ਬੀਤੇ ਸਮੇਂ ਵਿਚ ਪ੍ਰਭਜੀਤ ਸਿੰਘ ਉਰਫ ਸੈਫੀ ਪੁੱਤਰ ਮੇਜਰ ਸਿੰਘ ਵਾਸੀ ਨੌਸ਼ਹਿਰਾ ਪੰਨੂਆਂ ਅਤੇ ਇਕ ਨਾਬਾਲਿਗ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸੀ.ਆਈ.ਏ ਸਟਾਫ ਤਰਨਤਾਰਨ ਦੀ ਪੁਲਸ ਵੱਲੋਂ ਇਸ ਮਾਮਲੇ ਵਿਚ ਅਗਲੇਰੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਹੱਤਿਆ ਕਰਨ ਸਮੇਂ ਮੋਟਰਸਾਈਕਲ ਚਲਾਉਣ ਵਾਲੇ ਚਾਲਕ ਗੁਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਲਖਬੀਰ ਸਿੰਘ ਵਾਸੀ ਝੁੱਗੀਆਂ ਕਾਲੂ ਜ਼ਿਲ੍ਹਾ ਤਰਨਤਾਰਨ ਅਤੇ ਇਸ ਨੂੰ ਪਨਾਹ ਦੇਣ ਵਾਲੇ ਰਣਦੀਪ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਝੁੱਗੀਆਂ ਕਾਲੂ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕਰਦੇ ਹੋਏ ਵਾਰਦਾਤ ਵਿਚ ਵਰਤੇ ਗਏ ਮੋਟਰਸਾਈਕਲ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, 'ਆਪ' ਆਗੂ ਦਾ ਗੋਲੀਆਂ ਮਾਰ ਕੇ ਕਤਲ
ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਉਰਫ ਗੋਰਾ ਅਤੇ ਇਸ ਦੇ ਪਿੱਛੇ ਬੈਠੇ ਸ਼ੂਟਰ, ਜਿਸ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਉਸਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਗੋਰਾ ਅਤੇ ਪਿੱਛੇ ਬੈਠਾ ਸ਼ੂਟਰ ਪਿੰਡ ਝੁੱਗੀਆਂ ਕਾਲੂ ਵਿਖੇ ਰਣਦੀਪ ਸਿੰਘ ਦੇ ਘਰ ਜਾ ਕੇ ਰੁਕ ਗਏ ਸਨ, ਜਿਨ੍ਹਾਂ ਵੱਲੋਂ ਮੋਟਰਸਾਈਕਲ ਨੂੰ ਕਿਸੇ ਹੋਰ ਦੇ ਘਰ ਰੋਕ ਦਿੱਤਾ ਗਿਆ ਅਤੇ ਖੁਦ ਦੋਵੇਂ ਫਰਾਰ ਹੋ ਗਏ। ਐੱਸ.ਐੱਸ.ਪੀ ਨੇ ਦੱਸਿਆ ਕਿ ਤਕਨੀਕੀ ਮਾਹਿਰਾਂ ਅਤੇ ਪੁਲਸ ਵੱਲੋਂ ਬਰੀਕੀ ਨਾਲ ਸ਼ੁਰੂ ਕੀਤੀ ਗਈ ਜਾਂਚ ਦੇ ਚੱਲਦਿਆਂ ਇਨ੍ਹਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਸ਼ੂਟਰ ਦੀ ਗ੍ਰਿਫਤਾਰੀ ਸਬੰਧੀ ਵੱਖ-ਵੱਖ ਟੀਮਾਂ ਰਵਾਨਾ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਦੋਵਾਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਪਾਸੋਂ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਹੈ, ਜਿਸ ਵਿਚ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਕਾਰਾਂ ਦੀ ਟੱਕਰ ’ਚ 2 ਔਰਤਾਂ ਸਮੇਤ 3 ਦੀ ਮੌਤ
ਐੱਸ.ਐੱਸ.ਪੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਹੁਣ ਤੱਕ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿਚ ਰੇਕੀ ਕਰਨ ਵਾਲੇ ਅਤੇ ਪਨਾਹ ਦੇਣ ਵਾਲੇ ਅਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਕਤਲ ਦੇ ਪਿੱਛੇ ਪੁਰਾਣੀ ਰੰਜਿਸ਼ ਸਾਹਮਣੇ ਆ ਰਹੀ ਹੈ, ਜਿਸ ਦੇ ਸਬੰਧ ਵਿਦੇਸ਼ ਵਿਚ ਬੈਠੇ ਮਾੜੇ ਅਨਸਰਾਂ ਨਾਲ ਵੀ ਹੋਣੇ ਸਾਬਤ ਹੋ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8