ਹੈਰੋਇਨ, ਡਰੱਗ ਮਨੀ ਤੇ ਕੰਪਿਊਟਰ ਕੰਡਾ ਸਮੇਤ 2 ਜਣੇ ਕਾਬੂ, ਇਕ ਨਾਮਜ਼ਦ
Saturday, Jan 17, 2026 - 12:42 PM (IST)
ਬਟਾਲਾ (ਸਾਹਿਲ)-ਵੱਖ-ਵੱਖ ਥਾਣਿਆਂ ਦੀ ਪੁਲਸ ਨੇ ਹੈਰੋਇਨ, ਡਰੱਗ ਮਨੀ ਤੇ ਕੰਪਿਊਟਰ ਕੰਡਾ ਬਰਾਮਦ ਕਰਦਿਆਂ ਦੋ ਜਣਿਆਂ ਨੂੰ ਕਾਬੂ ਤੇ ਇਕ ਨੂੰ ਨਾਮਜ਼ਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਘੁਮਾਣ ਦੇ ਏ.ਐੱਸ.ਆਈ ਰਾਜਿੰਦਰਪਾਲ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪੁਲ ਸੂਆ ਨੰਗਲ ਨੇੜਿਓਂ ਕਣਕ ਦੇ ਖੇਤਾਂ ਵਿਚੋਂ ਜੋਬਨਪ੍ਰੀਤ ਸਿੰਘ ਉਰਫ ਜੋਬਨ ਵਾਸੀ ਪਿੰਡ ਨੰਗਲ ਨੂੰ ਕਾਬੂ ਕਰਕੇ ਇਸ ਕੋਲੋਂ 9.60 ਗ੍ਰਾਮ ਹੈਰੋਇਨ, 2500 ਰੁਪਏ ਡਰੱਗ ਮਨੀ ਤੇ ਕੰਪਿਊਟਰ ਕੰਡਾ ਬਰਾਮਦ ਕੀਤੀ ਹੈ ।
ਜਿਸ ਤੋਂ ਬਾਅਦ ਇਸ ਵਿਰੁੱਧ ਉਕਤ ਥਾਣੇ ਵਿਚ ਕੇਸ ਦਰਜ ਕਰ ਦਿੱਤਾ ਹੈ। ਉਕਤ ਪੁਲਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਫੜੇ ਗਏ ਨੌਜਵਾਨ ਜੋਬਨਪ੍ਰੀਤ ਸਿੰਘ ਨੇ ਫਰਦ ਇੰਕਸਾਫ ਕੀਤਾ ਕਿ ਉਹ ਇਹ ਹੈਰੋਇਨ ਮਨਪ੍ਰੀਤ ਸਿੰਘ ਉਰਫ ਲਾਡੀ ਵਾਸੀ ਪਿੰਡ ਸਿੱਧਵਾਂ ਚੱਕ ਕੋਲੋਂ ਖਰੀਦ ਕੇ ਲਿਆਇਆ ਹੈ, ਜਿਸ 'ਤੇ ਇਸ ਨੂੰ ਵੀ ਉਕਤ ਮਾਮਲੇ ਵਿਚ ਮੁਲਜ਼ਮ ਨਾਮਜ਼ਦ ਕਰਨ ਤੋਂ ਬਾਅਦ ਵਾਧਾ ਜੁਰਮ 29 ਐੱਨ.ਡੀ.ਪੀ.ਐੱਸ ਐਕਟ ਦਾ ਕਰ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਥਾਣਾ ਸਿਵਲ ਲਾਈਨ ਵਿਚ ਪੈਂਦੀ ਪੁਲਸ ਚੌਕੀ ਅਰਬਨ ਅਸਟੇਟ ਵਿਖੇ ਤਾਇਨਾਤ ਏ.ਐੱਸ.ਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਟੀ-ਪੁਆਇੰਟ ਲੇਬਰ ਕਾਲੋਨੀ ਨੇੜੇ ਹੰਸਲੀ ਕੰਡੇ ਤੋਂ ਹਰਪ੍ਰੀਤ ਸਿੰਘ ਉਰਫ ਬੱਗਾ ਵਾਸੀ ਸਟਾਫ ਰੋਡ ਬਟਾਲਾ ਨੂੰ ਕਾਬੂ ਕਰਕੇ ਇਸ ਕੋਲੋਂ 6.5 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਅਤੇ ਇਸ ਵਿਰੁੱਧ ਥਾਣਾ ਸਿਵਲ ਲਾਈਨ ਵਿਖੇ ਕੇਸ ਦਰਜ ਕਰ ਦਿੱਤਾ ਗਿਆ ਹੈ।
