ਐਕਸਾਈਜ਼ ਵਿਭਾਗ ਵੱਲੋਂ ਛਾਪੇਮਾਰੀ ਦੌਰਾਨ 150 ਲਿਟਰ ਲਾਹਣ ਬਰਾਮਦ
Monday, Dec 26, 2022 - 01:55 PM (IST)
ਬਟਾਲਾ/ਘੁਮਾਣ/ਨੌਸ਼ਹਿਰਾ ਮੱਝਾ ਸਿੰਘ (ਗੋਰਾਇਆ) : ਐਕਸਾਈਜ਼ ਵਿਭਾਗ ਵੱਲੋਂ ਇੰਨੀ ਸਖ਼ਤੀ ਕਰਨ ਦੇ ਬਾਵਜੂਦ ਵੀ ਸ਼ਰਾਬ ਦਾ ਗੋਰਖਧੰਦਾ ਕਰਨ ਵਾਲੇ ਬਾਜ਼ ਨਹੀਂ ਆ ਰਹੇ। ਇਨ੍ਹਾਂ ’ਤੇ ਸ਼ਿਕੰਜਾ ਕੱਸਣ ਲਈ ਅਸਿਸਟੈਂਟ ਐਕਸਾਈਜ਼ ਕਮਿਸ਼ਨਰ ਗੁਰਦਾਸਪੁਰ ਰਾਹੁਲ ਭਾਟੀਆ ਵੱਲੋਂ ਸਰਚ ਅਭਿਆਨ ਨੂੰ ਹੋਰ ਤਿੱਖਾ ਕਰਨ ਲਈ ਐਕਸਾਈਜ਼ ਵਿਭਾਗ ਤੇ ਐਕਸਾਈਜ਼ ਪੁਲਸ ਸਟਾਫ਼ ਨੂੰ ਦਿੱਤੀਆਂ ਸਖ਼ਤ ਹਦਾਇਤਾਂ ’ਤੇ ਈ. ਟੀ. ਓ. ਐਕਸਾਈਜ਼ ਰਜਿੰਦਰ ਤਨਵਰ, ਐਕਸਾਈਜ਼ ਇੰਸਪੈਕਟਰ ਅਜੇ ਕੁਮਾਰ, ਐਕਸਾਈਜ਼ ਪੁਲਸ ਸਟਾਫ਼ ਏ. ਐੱਸ. ਆਈ. ਜਸਪਿੰਦਰ ਸਿੰਘ, ਏ. ਐੱਸ. ਆਈ. ਬਲਵਿੰਦਰ ਸਿੰਘ, ਸਰਕਲ ਇੰਚਾਰਜ ਸੋਨੂੰ ਡੇਰਾ ਬਾਬਾ ਨਾਨਕ, ਇੰਚਾਰਜ ਪਰਮਜੀਤ ਪੰਮਾ, ਸਿਪਾਹੀ ਮਨਦੀਪ ਸਿੰਘ ’ਤੇ ਆਧਾਰਿਤ ਰੇਡ ਟੀਮ ਵੱਲੋਂ ਥਾਣਾ ਘੁੰਮਣ ਕਲਾਂ ਤਹਿਤ ਆਉਂਦੇ ਵੱਖ-ਵੱਖ ਪਿੰਡਾਂ ਮੁਸਤਰਾਪੁਰ, ਵੜੈਚ, ਰਾਜੂਵਾਲ, ਕਲੇਰ ਕਲਾਂ, ਕੁੰਜਰ ਆਦਿ ਪਿੰਡਾਂ ’ਚ ਨਸ਼ਾ ਤਸਕਰਾਂ ਖ਼ਿਲਾਫ਼ ਸਰਚ ਅਭਿਆਨ ਤੇਜ਼ ਕੀਤਾ ਹੋਇਆ ਸੀ।
ਇਹ ਵੀ ਪੜ੍ਹੋ- ਨਸ਼ੇ ਖ਼ਿਲਾਫ਼ ਅੰਮ੍ਰਿਤਸਰ ਪੁਲਸ ਦੀ ਵੱਡੀ ਕਾਰਵਾਈ, 4 ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਸਮੇਤ 1 ਕਾਬੂ
ਇਸ ਦੌਰਾਨ ਕਿਸੇ ਖ਼ਾਸ ਮੁਖ਼ੱਬਰ ਨੇ ਇਤਲਾਹ ਦਿੱਤੀ ਕਿ ਪਿੰਡ ਮੁਸਤਰਾਪੁਰ ’ਚ ਨਹਿਰ ਕਿਨਾਰੇ ਲੱਗੀਆਂ ਖ਼ਾਲੀ ਥਾਵਾਂ ’ਤੇ ਕੁੱਝ ਲੋਕ ਸ਼ਰਾਬ ਦਾ ਗ਼ੈਰ ਕਾਨੂੰਨੀ ਧੰਦਾ ਕਰ ਰਹੇ ਹਨ ਜਿਸ ’ਤੇ ਰੇਡ ਟੀਮ ਨੇ ਪਹੁੰਚ ਕੇ ਗੰਨੇ ਦੇ ਖੇਤਾਂ ਵਿਚ ਛੁਪਾ ਕੇ ਰੱਖੀ ਤਕਰੀਬਨ 15 ਦੇ ਕਰੀਬ ਪਲਾਸਟਿਕ ਦੇ ਕੈਨਾਂ ’ਚ ਮੌਜੂਦ 150 ਲਿਟਰ ਲਾਹਣ ਮੌਕੇ ’ਤੇ ਬਰਾਮਦ ਕਰ ਲਈ ਗਈ। ਜਿਸਨੂੰ ਬਾਅਦ ’ਚ ਐਕਸਾਈਜ਼ ਵਿਭਾਗ ਵੱਲੋਂ ਨਸ਼ਟ ਕੀਤਾ ਗਿਆ। ਇਸ ਮੌਕੇ ਈ. ਟੀ. ਓ. ਰਜਿੰਦਰ ਤਨਵਰ ਨੇ ਨਸ਼ਾਖੋਰਾਂ ਨੂੰ ਕੱਚੀ ਤੇ ਜ਼ਹਿਰੀਲੀ ਸ਼ਰਾਬ ਤਿਆਰ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਤੋਂ ਬਾਜ਼ ਆਉਣ ਦੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਕਿਸੇ ਕੀਮਤ ’ਤੇ ਪਿੰਡਾਂ ’ਚ ਨਹੀਂ ਵਿਕਣ ਦਿੱਤੀ ਜਾਵੇਗੀ ਅਤੇ ਜਿਹੜਾ ਕੋਈ ਕਾਬੂ ਆ ਗਿਆ ਉਸ ਖ਼ਿਲਾਫ਼ ਵਿਭਾਗ ਸਖ਼ਤ ਕਾਨੂੰਨੀ ਕਾਰਵਾਈ ਕਰੇਗੀ।
ਇਹ ਵੀ ਪੜ੍ਹੋ- ਅਟਾਰੀ ਸਰਹੱਦ ’ਤੇ 418 ਫੁੱਟ ਉੱਚਾ ਝੰਡਾ ਲਹਿਰਾਉਣ ਦਾ ਕੰਮ ਸ਼ੁਰੂ, ਏਸ਼ੀਆ ਦਾ ਸਭ ਤੋਂ ਵੱਡਾ ਹੋਵੇਗਾ ਭਾਰਤੀ ਤਿਰੰਗਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।