ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 123148 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਵੱਧ ਹੋਈ: DC ਹਿਮਾਂਸ਼ੂ ਅਗਰਵਾਲ

05/26/2023 5:26:43 PM

ਗੁਰਦਾਸਪੁਰ (ਹੇਮੰਤ)- ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਬੀਤੇ ਕੱਲ 25 ਮਈ ਨੂੰ ਕਣਕ ਦੀ ਖ਼ਰੀਦ ਦਾ ਸੀਜ਼ਨ ਮੁਕੰਮਲ ਹੋ ਗਿਆ ਹੈ। ਜ਼ਿਲ੍ਹੇ ਦੀਆਂ ਸਾਰੀਆਂ ਹੀ ਮੰਡੀਆਂ 'ਚ ਕਣਕ ਦੀ ਨਿਰਵਿਗਨ ਖ਼ਰੀਦ ਕੀਤੀ ਗਈ ਹੈ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਲ ਨਹੀਂ ਆਈ ਹੈ। ਇਸ ਵਾਰ ਜ਼ਿਲ੍ਹੇ ’ਚ ਪਿਛਲੇ ਸਾਲ ਦੇ ਮੁਕਾਬਲੇ 123148 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਵੱਧ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪਿਛਲੇ ਸਾਲ ਕਣਕ ਦੇ ਖ਼ਰੀਦ ਸੀਜ਼ਨ ਦੌਰਾਨ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 527164 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਸੀ ਜਦਕਿ ਇਸ ਵਾਰ 650312 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ ਜੋ ਕਿ ਪਿਛਲੇ ਸਾਲ ਨਾਲੋਂ 123148 ਮੀਟ੍ਰਿਕ ਟਨ ਜ਼ਿਆਦਾ ਹੈ।

ਇਹ ਵੀ ਪੜ੍ਹੋ- ਇੰਡੋਨੇਸ਼ੀਆ 'ਚ ਕਤਲ ਦੇ ਇਲਜ਼ਾਮ 'ਚ ਫਸੇ 2 ਪੰਜਾਬੀਆਂ ਦੀ ਮਦਦ ਲਈ ਅੱਗੇ ਆਏ ਮੰਤਰੀ ਕੁਲਦੀਪ ਧਾਲੀਵਾਲ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੰਡੀਆਂ ਵਿਚ ਆਈ ਸਾਰੀ ਕਣਕ ਨੂੰ ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਸਭ ਤੋਂ ਵੱਧ 176214 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕਰਕੇ ਪਨਗ੍ਰੇਨ ਖ਼ਰੀਦ ਏਜੰਸੀ ਬਾਕੀ ਖ਼ਰੀਦ ਏਜੰਸੀਆਂ ਵਿਚੋਂ ਮੋਹਰੀ ਰਹੀ ਹੈ, ਜਦਕਿ ਮਾਰਕਫੈਡ ਨੇ 154080, ਪਨਸਪ ਨੇ 155376, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਨੇ 143990, ਕੇਂਦਰੀ ਖੁਰਾਕ ਨਿਗਮ ਨੇ 20652 ਮੀਟਰਕ ਟਨ ਕਣਕ ਦੀ ਖ਼ਰੀਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ 'ਚੋਂ ਸਾਰੀ ਫ਼ਸਲ ਹੀ ਸਰਕਾਰੀ ਖ਼ਰੀਦੇ ਏਜੰਸੀਆਂ ਵੱਲੋਂ ਖ਼ਰੀਦੀ ਗਈ ਹੈ।

ਇਹ ਵੀ ਪੜ੍ਹੋ-  ਨੌਜਵਾਨ ਦੀ ਕਹੀ ਗੱਲ ਤੋਂ ਖਫ਼ਾ ਕੁੜੀ ਨੇ ਜੜ੍ਹਿਆ ਥੱਪੜ, ਹੈਰਾਨ ਕਰੇਗੀ ਗੁਰਦਾਸਪੁਰ ਦੀ ਇਹ ਘਟਨਾ

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਬੀਤੀ ਸ਼ਾਮ ਤੱਕ ਖ਼ਰੀਦੀ ਗਈ ਕਣਕ ਦੀ 96 ਫ਼ੀਸਦੀ ਲਿਫ਼ਟਿੰਗ ਮੁਕੰਮਲ ਕਰ ਲਈ ਗਈ ਹੈ ਅਤੇ ਬਕਾਇਆ ਲਿਫ਼ਟਿੰਗ ਵੀ ਅੱਜ-ਕੱਲ ਵਿੱਚ ਮੁਕੰਮਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਣਕ ਦੀ ਖ਼ਰੀਦ ਦੇ 48 ਘੰਟੇ ਦੇ ਅੰਦਰ-ਅੰਦਰ ਅਦਾਇਗੀ ਨੂੰ ਯਕੀਨੀ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ-  ਤਰਨਤਾਰਨ ਵਿਖੇ ਮੁਲਜ਼ਮ ਨੂੰ ਫੜਨ ਗਈ ਮਹਿਲਾ ਸਬ ਇੰਸਪੈਕਟਰ ਨਾਲ ਹੋਈ ਬਦਸਲੂਕੀ

ਇਸਦੇ ਨਾਲ ਹੀ ਮੰਡੀਆਂ 'ਚ ਕਣਕ ਦੀ ਨਿਰਵਿਗਨ ਹੋਈ ਖ਼ਰੀਦ ਲਈ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਪਿੰਡ ਹਰਪੁਰਾ ਦੇ ਕਿਸਾਨ ਸੁਖਦੇਵ ਸਿੰਘ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਕਿਹਾ ਕਿ ਉਸਦੀ ਫ਼ਸਲ ਉਸ ਦਿਨ ਹੀ ਪੂਰੀ ਭਾਅ ’ਤੇ ਵਿਕ ਗਈ ਸੀ ਅਤੇ ਉਸਨੂੰ ਪੇਮੈਂਟ ਵੀ 48 ਘੰਟੇ ਤੋਂ ਪਹਿਲਾਂ ਮਿਲ ਗਈ ਸੀ। ਕਿਸਾਨ ਇਸ ਵਾਰ ਖਰੀਦ ਪ੍ਰਬੰਧਾਂ ਤੋਂ ਪੂਰੇ ਸੰਤੁਸ਼ਟ ਹਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Anuradha

Content Editor

Related News