ਬੱਚੀ ਨਾਲ ਜਬਰ-ਜ਼ਨਾਹ ਕਰਨ ਵਾਲੇ ਨੂੰ 10 ਸਾਲ ਦੀ ਸਜ਼ਾ ਤੇ ਜੁਰਮਾਨਾ

Tuesday, Aug 20, 2019 - 07:44 PM (IST)

ਬੱਚੀ ਨਾਲ ਜਬਰ-ਜ਼ਨਾਹ ਕਰਨ ਵਾਲੇ ਨੂੰ 10 ਸਾਲ ਦੀ ਸਜ਼ਾ ਤੇ ਜੁਰਮਾਨਾ

ਗੁਰਦਾਸਪੁਰ (ਵਿਨੋਦ, ਹਰਮਨਪ੍ਰੀਤ)-ਇਕ 10 ਸਾਲਾ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਵਾਲੇ ਨੂੰ ਪ੍ਰੇਮ ਕੁਮਾਰ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਗੁਰਦਾਸਪੁਰ ਨੇ ਇਸ ਕੇਸ ਦੀ ਸੁਣਵਾਈ ਕਰਦਿਆਂ ਗਵਾਹਾਂ ਅਤੇ ਸਬੂਤਾਂ ਦੇ ਆਧਾਰ 'ਤੇ ਉਕਤ ਨੂੰ ਦੋਸ਼ੀ ਠਹਿਰਾਉਂਦੇ ਹੋਏ ਅੱਜ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਅਤੇ 1 ਲੱਖ ਰੁਪਏ ਜੁਰਮਾਨੇ ਦਾ ਆਦੇਸ਼ ਦਿੱਤਾ।

ਕੀ ਸੀ ਮਾਮਲਾ
ਇਸ ਸਬੰਧੀ ਦੀਨਾਨਗਰ ਪੁਲਸ ਸਟੇਸ਼ਨ 'ਚ ਦਰਜ ਐੱਫ. ਆਈ. ਆਰ. ਅਨੁਸਾਰ ਦੀਨਾਨਗਰ ਪੁਲਸ ਸਟੇਸ਼ਨ ਅਧੀਨ ਇਕ ਪਿੰਡ 'ਚ ਇੱਟ-ਭੱਠੇ 'ਤੇ ਮਜ਼ਦੂਰੀ ਕਰਨ ਵਾਲੇ ਇਕ ਵਿਅਕਤੀ ਜੋ ਭੱਠੇ 'ਤੇ ਕੰਮ ਨਾ ਹੋਣ ਕਾਰਣ ਰਿਕਸ਼ਾ ਚਲਾਉਣ ਲਈ 30 ਅਗਸਤ 2018 ਨੂੰ ਦੀਨਾਨਗਰ ਗਿਆ ਹੋਇਆ ਸੀ ਤਾਂ ਪਿੱਛਿਓਂ ਉਸ ਦੀ 10 ਸਾਲਾ ਬੇਟੀ ਜਿਹੜੀ ਕਿ ਪਿੰਡ ਦੇ ਹੀ ਸਕੂਲ 'ਚ ਚੌਥੀ ਜਮਾਤ ਦੀ ਵਿਦਿਆਰਥਣ ਹੈ। ਸਵੇਰੇ ਸਕੂਲ ਲਈ ਗਈ ਪਰ ਦੁਪਹਿਰ ਨੂੰ ਵਾਪਸ ਘਰ ਨਹੀਂ ਆਈ, ਜਿਸ 'ਤੇ ਉਸ ਦੀ ਪਤਨੀ ਜਦੋਂ ਆਪਣੀ ਬੇਟੀ ਦੀ ਤਲਾਸ਼ ਲਈ ਘਰ ਤੋਂ ਨਿਕਲ ਕੇ ਸਕੂਲ ਵੱਲ ਜਾ ਰਹੀ ਸੀ ਤਾਂ ਰਸਤੇ 'ਚ ਇਕ ਚਾਰੇ ਦੇ ਖੇਤ 'ਚ ਉਸ ਦੀ ਬੇਟੀ ਦੇ ਚਿਲਾਉਣ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਉਸ ਨੇ ਖੇਤ 'ਚ ਜਾ ਕੇ ਦੇਖਿਆ ਤਾਂ ਪ੍ਰਕਾਸ਼ ਮਸੀਹ ਪੁੱਤਰ ਸੀਨਾ ਮਸੀਹ ਨਿਵਾਸੀ ਪਿੰਡ ਲੰਗਰ ਕੋਟ ਜਿਹੜਾ ਨਾਲ ਵਾਲੇ ਭੱਠੇ 'ਤੇ ਕੰਮ ਕਰਦਾ ਸੀ, ਉਸ ਦੀ ਬੇਟੀ ਨਾਲ ਜਬਰ-ਜ਼ਨਾਹ ਕਰ ਰਿਹਾ ਸੀ। ਪੀੜਤਾ ਦੀ ਮਾਂ ਨੂੰ ਦੇਖ ਕੇ ਦੋਸ਼ੀ ਮੌਕੇ ਤੋਂ ਭੱਜ ਗਿਆ। ਪੁਲਸ ਨੇ ਇਸ ਸਬੰਧੀ ਪੀੜਤਾ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਵਿਰੁੱਧ ਧਾਰਾ 376 ਅਧੀਨ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਸੀ।


author

Karan Kumar

Content Editor

Related News