‘ਡਾਕਟਰ’ ਬਣਨ ਦੀ ਚਾਹਵਾਨ ਨੌਜਵਾਨ ਪੀੜ੍ਹੀ ਇਨ੍ਹਾਂ ਖੇਤਰਾਂ ’ਚ ਬਣਾ ਸਕਦੀ ਹੈ ਆਪਣਾ ‘ਭਵਿੱਖ’

11/17/2020 10:04:14 AM

ਹਰਸਿਮਰਨ ਸਿੰਘ 
87258-34221 

ਅੱਜ ਦੇ ਆਧੁਨਿਕ ਸਮੇਂ ਵਿੱਚ ਮੈਡੀਕਲ ਖੇਤਰ ਦਾ ਬਹੁਤ ਵਿਸਤਾਰ ਹੋਇਆ ਹੈ। ਪਹਿਲਾਂ ਮੈਡੀਕਲ ਖੇਤਰ ਸੀਮਿਤ ਅਦਾਰੇ ਵਿੱਚ ਸੀ ਪਰ ਅੱਜ ਦੇ ਆਧੁਨਿਕ ਵਿਕਾਸ ਕਾਰਨ ਇਸ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ ਹੈ, ਜਿਸ ਨਾਲ ਸਿਹਤ ਸੁਧਾਰ ਦੇ ਨਾਲ-ਨਾਲ ਰੁਜ਼ਗਾਰ ਦੇ ਵੀ ਬਹੁਤ ਮੌਕੇ ਵੱਧ ਗਏ ਹਨ। 

ਮੈਡੀਕਲ ਦਾ ਖੇਤਰ ਬਹੁਤ ਵਿਸ਼ਾਲ ਹੈ। ਇਹ ਕੇਵਲ ਐੱਮ.ਬੀ.ਬੀ. ਐੱਸ ਵਰਗੇ ਕੋਰਸਾਂ ਤੱਕ ਸੀਮਿਤ ਨਹੀਂ ਸਗੋਂ ਇਸ ਤੋਂ ਇਲਾਵਾ ਵੀ ਅਜਿਹੇ ਬਹੁਤ ਸਾਰੇ ਖੇਤਰ ਹਨ, ਜਿਨ੍ਹਾਂ ਦੀ ਜਾਣਕਾਰੀ ਨਾ ਹੋਣ ਕਰਕੇ ਸਾਡੇ ਹੱਥੋਂ ਕਈ ਮੌਕੇ ਖੁੱਸ ਜਾਂਦੇ ਹਨ। ਮੈਡੀਕਲ ਖੇਤਰ ਦੇ ਮਹੱਤਵਪੂਰਨ ਕੋਰਸਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਸਾਰੇ ਕੋਰਸਾਂ ਵਿੱਚ ਦਾਖਲਾ ਬਾਰਵੀਂ ਮੈਡਕੀਲ ਸਟਰੀਮ 'ਚ ਕਰਨ ਤੋਂ ਬਾਅਦ ਐੱਨ.ਈ.ਈ.ਟੀ ਐਂਟਰਸ ਟੈਸਟ ਦੇ ਬੇਸਡ ਹੀ ਹੁੰਦਾ ਹੈ। 

ਮੁੱਖ ਖੇਤਰ 
ਐੱਮ. ਬੀ.ਬੀ. ਐੱਸ. 
ਬੀ.ਡੀ. ਐੱਸ.
ਬੀ.ਏ. ਐੱਮ. ਐੱਸ. 
ਬੀ.ਯੂ. ਐੱਮ. ਐੱਸ.     

ਐੱਮ.ਬੀ.ਬੀ.ਐੱਸ. 
ਬੈਚੁਲਰ ਆਫ ਮੈਡੀਕਲ ਐਂਡ ਬੈਚੁਲਰ ਆਫ ਸਰਜਰੀ ਕੋਰਸ ਮੈਡੀਕਲ ਦੇ ਖੇਤਰ ਵਿੱਚ ਕਰੀਅਰ ਬਣਾਉਣ ਵਾਲੇ ਵਿਦਿਆਰਥੀਆਂ ਲਈ ਮਹੱਵਤਪੂਰਨ ਕੋਰਸ ਹੈ। ਐੱਮ.ਬੀ.ਬੀ.ਐੱਸ 4.5 ਸਾਲਾਂ ਦਾ ਕੋਰਸ ਹੈ, ਜਿਸ ਦੇ ਨਾਲ 1 ਸਾਲ ਦੀ ਇੰਟਰਨਸ਼ਿਪ ਜ਼ਰੂਰੀ ਹੈ, ਜਿਸ ਤੋਂ ਬਾਅਦ ਵਿਦਿਆਰਥੀ ਰਜਿਸਟਡ ਡਾਕਟਰ ਬਣਦਾ ਹੈ। ਇਸ ਤੋਂ ਬਾਅਦ ਵਿਦਿਆਰਥੀ ਸਪੈਸ਼ਲਿਸਟ ਡਾਕਟਰ ਫਿਜੀਸਨ, ਸਰਜਨ, ਮੈਡਕੀਲ ਪ੍ਰੋਫੈਸਰ ਦੇ ਰੂਪ ਵਿੱਚ ਆਪਣਾ ਭਵਿੱਖ ਬਣਾ ਸਕਦਾ ਹੈ। 

ਬੀ.ਡੀ. ਐੱਸ. 
ਬੈਚੁਲਰ ਆਫ ਡੈਂਟਲ ਸਰਜਰੀ ਕੋਰਸ 4 ਸਾਲਾ ਦਾ ਕੋਰਸ ਹੈ, ਜਿਸ ਨਾਲ 1 ਸਾਲ ਦੀ ਇੰਟਰਨਸ਼ਿਪ ਲਾਜ਼ਮੀ ਹੈ। ਇਹ ਦੰਦਾਂ ਦੀ ਡਾਕਟਰੀ ਦਾ ਕੋਰਸ ਹੈ। ਇਸ ਕੋਰਸ ਤੋਂ ਬਾਅਦ ਡੈਂਟਿਸਟ, ਡੈਂਟਲ ਸਰਜਨ, ਔਰਲ ਸਰਜਨ, ਔਰਥੋਡੋਟਿਕ ਆਦਿ 'ਚ ਭਵਿੱਖ ਬਣਾਇਆ ਜਾ ਸਕਦਾ ਹੈ। 

ਬੀ.ਏ.ਐੱਮ.ਐੱਸ
ਬੈਚੁਲਰ ਆਫ ਆਯੁਰਵੇਦ ਮੈਡੀਸਨ ਐਂਡ ਸਰਜਰੀ ਆਯੂਸ਼ ਮੰਤਰਾਲੇ ਦੇ ਅੰਤਰਗਤ ਇੱਕ ਮਹੱਵਤਪੂਰਨ ਕੋਰਸ ਹੈ। ਇਹ ਕੋਰਸ ਵੀ 4.5 ਸਾਲਾਂ ਦਾ ਹੁੰਦਾ ਹੈ, ਜਿਸ ਤੋਂ ਬਾਅਦ 1 ਸਾਲ ਦੀ ਇੰਟਰਨਸ਼ਿਪ ਲਾਜ਼ਮੀ ਹੈ। ਉਸ ਤੋਂ ਬਾਅਦ ਆਯੂਸ਼ ਮੰਤਰਾਲੇ ਦੁਆਰਾ ਰਜਿਸ਼ਟਰਡ ਡਾਕਟਰ ਦੀ ਉਪਾਧੀ ਦਿੱਤੀ ਜਾਂਦੀ ਹੈ। ਇਸ ਕੋਰਸ ਤੋਂ ਬਾਅਦ ਤੁਸੀਂ ਥਿਰੈਪਿਸਟ, ਆਯੂਰਵੈਦਿਕ ਡਾਕਟਰ, ਮੈਡੀਕਲ ਅਫਸਰ ਆਦਿ ਵਜੋਂ ਆਪਣਾ ਭਵਿੱਖ ਬਣਾ ਸਕਦੇ ਹੋ। 

ਬੀ. ਯੂ. ਐੱਸ. ਐੱਸ. 
ਬੈਚੁਲਰ ਆਫ ਯੂਨਾਨੀ ਮੈਡੀਕਲ ਐਂਡ ਸਰਜਰੀ ਕੋਰਸ ਵੀ 5.5 ਸਾਲਾ ਦਾ ਕੋਰਸ ਹੈ। ਇਸ ਵਿੱਚ ਯੂਨਾਨੀ ਮੈਡੀਕਲ ਬਾਰੇ ਅਧਿਐਨ ਕਰਵਾਇਆ ਜਾਂਦਾ ਹੈ। ਇਸ ਕੋਰਸ ਤੋਂ ਬਾਅਦ ਤੁਸੀਂ ਮੈਡੀਕਲ ਪ੍ਰਤੀਨਿਧ ਜਾਂ ਕਿਸੇ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਵਿੱਚ ਡਾਕਟਰ ਦੇ ਰੂਪ ਵਿੱਚ ਕਰੀਅਰ ਬਣਾ ਸਕਦੇ ਹੋ। 

ਬੀ.ਐੱਚ.ਐੱਮ.ਐੱਸ. 
ਬੈਚੁਲਰ ਆਫ ਹੋਮਿਓਪੈਥੀ ਮੈਡੀਸਨ ਐਂਡ ਸਰਜਰੀ ਕੋਰਸ 5.5 ਸਾਲਾਂ ਦਾ ਮਹੱਵਤਪੁਰਨ ਕੋਰਸ ਹੈ। ਜੇਕਰ ਕੋਈ ਵਿਦਿਆਰਥੀ ਹੋਮਿਓਪੈਥੀ ਵਿੱਚ ਡੁੰਘਾ ਅਧਿਐਨ ਕਰਨਾ ਚਾਹੁੰਦਾ ਹੈ ਤਾਂ ਉਸ ਲਈ ਇਹ ਬਹੁਤ ਵਧੀਆ ਕੋਰਸ ਹੈ। ਇਸ ਕੋਰਸ ਤੋਂ ਬਾਅਦ ਤੁਸੀਂ ਡਾਕਟਰ, ਪਬਲਿਕ ਹੈਲਥ, ਸਪੈਸ਼ਲਿਸਟ, ਮੈਡਕੀਲ ਅਸਿਸਟੈਂਟ ਜਾਂ ਲੈਕਚਰਾਰ ਦੇ ਰੂਪ ਵਿੱਚ ਆਪਣਾ ਭਵਿੱਖ ਬਣਾ ਸਕਦੇ ਹੋ। 

ਬੀ. ਵਾਈ.ਐਨ.ਐੱਸ. 
ਬੈਚੁਲਰ ਆਫ ਨੈਚੁਰੋਪੈਥੀ ਐਂਡ ਯੋਗਾ ਸਿਸਟਮ ਆਯੂਸ਼ ਮੰਤਰਾਲੇ ਦੇ ਅੰਤਰਗਤ 5.5 ਸਾਲਾ ਦਾ ਕੋਰਸ ਹੈ। ਇਸ ਕੋਰਸ ਤੋਂ ਬਾਅਦ ਤੁਸੀਂ ਨੈਚੁਰਲ ਥੇਰੈਪਿਸਟ, ਯੋਗਾ ਇੰਸਟਰਕਟਰ ਦੇ ਰੂਪ ਵਿੱਚ ਆਪਣਾ ਕਰੀਅਰ ਬਣਾ ਸਕਦੇ ਹੋ। 
 
ਬੀ.ਵੀ.ਐੱਸ. ਸੀ. 
ਬੈਚੁਲਰ ਆਫ ਵੈਟਨਰੀ ਸਾਇੰਸ ਐਂਡ ਐਨੀਮਲ ਹਸਬੈਂਡਰੀ ਕੋਰਸ 5 ਸਾਲਾਂ ਦਾ ਵੈਟਨਰੀ ਕੋਰਸ ਹੈ। ਇਸ ਵਿੱਚ ਜਾਨਵਰਾਂ ਦੀ ਮੈਡੀਕਲ ਸਟੱਡੀ ਦਾ ਅਧਿਐਨ ਕਰਵਾਇਆ ਜਾਂਦਾ ਹੈ। ਇਸ ਕੋਰਸ ਤੋਂ ਬਾਅਦ ਤੁਸੀਂ ਸਰਕਾਰੀ ਜਾਂ ਪ੍ਰਾਈਵੇਟ ਵੈਟਨਰੀ ਹਸਪਤਾਲ ਵਿੱਚ ਵੈਟਨਰੀ ਡਾਕਟਰ ਦੇ ਰੂਪ ਵਿੱਚ ਆਪਣਾ ਕਰੀਅਰ ਬਣਾ ਸਕਦੇ ਹੋ। 

ਇਨ੍ਹਾਂ ਕੋਰਸਾਂ ਦੇ ਇਲਾਵਾ ਕੁੱਝ ਮਹੱਤਵਪੂਰਨ ਪੈਰਾਮੈਡੀਕਲ ਕੋਰਸ ਹਨ, ਜਿਨ੍ਹਾਂ ਵਿੱਚ ਤੁਸੀਂ ਆਪਣਾ ਕਰੀਅਰ ਬਣਾ ਸਕਦੇ ਹੋ। ਇਨ੍ਹਾਂ ਕੋਰਸਾਂ ਵਿੱਚ ਦਾਖਲਾ ਨਿੱਜੀ ਐਂਟਰਸ ਟੈਸਟ ਜਾਂ 12ਵੀਂ ਜਮਾਤ ਦੇ ਅੰਕਾਂ ਦੇ ਆਧਾਰ 'ਤੇ ਹੁੰਦਾ ਹੈ। 

ਚਾਰ ਸਾਲਾਂ ਦੇ ਕੋਰਸ 
ਇਹ ਸਾਰੇ ਕੋਰਸ ਪੈਰਾਮੈਡੀਕਲ ਦੇ ਅੰਤਰਗਤ ਹਨ। ਇਨ੍ਹਾਂ ਕੋਰਸਾਂ ਵਿੱਚ ਦਾਖਲਾ ਨਿੱਜੀ ਐਂਟਰਸ ਟੈਸਟ ਦੇ ਆਧਾਰ 'ਤੇ ਜਾਂ 12 ਮੈਡੀਕਲ ਅੰਕਾਂ ਦੇ ਆਧਾਰ 'ਤੇ ਹੁੰਦਾ ਹੈ। ਇਨ੍ਹਾਂ ਕੋਰਸਾਂ ਰਾਹੀਂ ਰੁਜ਼ਗਾਰ ਦੇ ਕਈ ਮੌਕੇ ਖੁੱਲ੍ਹ ਜਾਂਦੇ ਹਨ। 

ਬੀ.ਐੱਸ. ਸੀ. ਨਰਸਿੰਗ 
ਬੀ. ਫਾਰਮੈੱਸੀ 
ਬੀ.ਪੀ.ਟੀ. 

ਬੀ.ਐੱਸ. ਸੀ. ਨਰਸਿੰਗ 
ਇਹ ਇੱਕ ਮਹੱਤਵਪੂਰਨ ਪੈਰਾਮੈਡੀਕਲ ਕੋਰਸ ਹੈ। ਇਹ ਕੋਰਸ 4 ਸਾਲਾਂ ਦਾ ਹੁੰਦਾ ਹੈ। ਇਸ ਕੋਰਸ ਤੋਂ ਬਾਅਦ ਤੁਸੀਂ ਕਿਸੇ ਵੀ ਪ੍ਰਾਈਵੇਟ ਜਾਂ ਸਰਕਾਰੀ ਹਸਪਤਾਲ ਵਿੱਚ ਨਰਸਿੰਗ ਸਟਾਫ ਦੇ ਰੂਪ ਵਿੱਚ ਰੁਜ਼ਗਾਰ ਪ੍ਰਾਪਤ ਕਰ ਸਕਦੇ ਹੋ। 

ਬੀ. ਫਾਰਮੈਸੀ
ਬੀ. ਫਾਰਮੈਸੀ ਵੀ 4 ਸਾਲਾਂ ਦਾ ਮਹੱਤਵਪੂਰਨ ਕੋਰਸ ਹੈ। ਇਸ ਵਿੱਚ ਐਲੋਪੈਥੀ ਡਰੱਗ ਬਾਰੇ ਪੂਰੀ ਪੜ੍ਹਾਈ ਕਰਵਾਈ ਜਾਂਦੀ ਹੈ। ਇਸ ਕੋਰਸ ਤੋਂ ਬਾਅਦ ਤੁਸੀਂ ਥਿਰੈਪਿਸਟ, ਡਰੱਗ ਇੰਸਪੈਕਟਰ, ਹੈਲਥ ਇੰਸਪੈਕਟਰ ਜਾਂ ਫਾਰਮੈਸਿਟ ਦੇ ਰੂਪ ਵਿੱਚ ਆਪਣਾ ਕਰੀਅਰ ਬਣਾ ਸਕਦੇ ਹੋ। 

ਬੀ.ਪੀ.ਟੀ
ਬੈਚੁਲਰ ਇੰਨ ਫਿਜ਼ਿਓਥੈਰਪੀ 4 ਸਾਲਾਂ ਦਾ ਡਿਗਰੀ ਕੋਰਸ ਹੈ। ਇਸ ਵਿੱਚ ਕਈ ਤਰ੍ਹਾਂ ਦੀ ਥੈਰੇਪੀ ਜਾਂ ਕਸਰਤ ਦੇ ਬਾਰੇ ਦੱਸਿਆ ਜਾਂਦਾ ਹੈ, ਜੋ ਸਰੀਰ ਦੇ ਰੋਗਾ ਨੂੰ ਦੂਰ ਕਰਦੀਆਂ ਹਨ। ਫਿਜਿਓਥੈਰਿਪਿਸਟ ਸਰਕਾਰੀ, ਪ੍ਰਾਈਵੇਟ ਹਸਪਤਾਲ, ਹੈਲਥ ਇੰਸਟੀਚਿਉਟ, ਫਿਟਨੈਸ ਸੈਂਟਰ ਵਿੱਚ ਆਪਣਾ ਭਵਿੱਖ ਬਣਾ ਸਕਦਾ ਹੈ। 

ਇਸੇ ਤਰ੍ਹਾਂ ਮਾਈਕ੍ਰੋਬਾਇਉਲਜੀ, ਸਾਇਕੋਲੋਜੀ, ਨਿਊਟਰੀਸ਼ਨਿਸ਼ਟ ਆਦਿ 3 ਸਾਲਾਂ ਦੇ ਮੁੱਖ ਕੋਰਸ ਹਨ, ਜਿਨ੍ਹਾਂ ਵਿੱਚ ਵਿਦਿਆਰਥੀ ਆਪਣਾ ਭਵਿੱਖ ਬਣਾ ਸਕਦੇ ਹਨ। ਇਨ੍ਹਾਂ ਵਿਸ਼ਿਆ ਵਿੱਚ ਦਾਖਲੇ 12ਵੀਂ ਮੈਡੀਕਲ ਦੇ ਅੰਕਾਂ ਦੇ ਆਧਾਰ 'ਤੇ ਹੀ ਹੁੰਦੇ ਹਨ। ਇਨ੍ਹਾਂ ਕੋਰਸਾਂ ਰਾਹੀਂ ਤੁਸੀਂ ਹਸਪਤਾਲਾਂ, ਸਪੋਰਟਸ ਜਾਂ ਪਬਲਿਕ ਹੈਲਥ ਖੇਤਰ ਜਾਂ ਰਿਸਰਚ ਖੇਤਰ ਵਿੱਚ ਆਪਣਾ ਭਵਿੱਖ ਬਣਾ ਸਕਦੇ ਹੋ। 

ਕੁੱਝ ਹੋਰ ਕੋਰਸ 
ਬੀ.ਐੱਸ.ਸੀ. ਇੰਨ ਬਲੱਡ ਬੈਂਕ ਤਕਨਾਲੋਜੀ 
ਬੀ.ਐੱਸ.ਸੀ. ਇੰਨ ਕਾਰਡੀਟਿਕ ਤਕਨਾਲੋਜੀ
ਬੀ.ਐੱਸ.ਸੀ. ਇੰਨ ਡਾਇਲਸਿਸ ਤਕਨਾਲੋਜੀ
ਬੀ.ਐੱਸ.ਸੀ. ਇੰਨ ਮੈਡੀਕਲ ਲੈਬੋਰੇਟਰੀ ਤਕਨਾਲੋਜੀ
ਬੀ.ਐੱਸ.ਸੀ. ਇੰਨ ਔਰਥੋਪੈਡਿਕ ਤਕਨਾਲੋਜੀ
ਏ.ਐੱਨ. ਐੱਮ.
ਜੀ.ਐੱਨ.ਐੱਮ. ਆਦਿ 

ਇਹ ਕੁਝ ਮਹੱਤਵਪੂਰਨ ਮੈਡੀਕਲ ਖੇਤਰਾਂ ਵਿਚਲੇ ਕੋਰਸ ਹਨ। ਵਿਦਿਆਰਥੀਆਂ ਨੂੰ ਇਨ੍ਹਾਂ ਸਾਰਿਆਂ ਕੋਰਸਾਂ ਦਾ ਖਿਆਲ ਰੱਖਦੇ ਹੋਏ, ਜੋ ਕੋਰਸ ਚੰਗਾ ਲੱਗੇ, ਉਸ ਦੀ ਚੋਣ ਕਰਨੀ ਚਾਹੀਦੀ ਹੈ।


rajwinder kaur

Content Editor

Related News