ਦਿਲੋਂ ਤਾਂ ਬੱਚੀ ਹਾਂ

08/13/2015 10:08:41 PM

ਜਦੋਂ ਦਾ  ਆਲੀਆ ਭੱਟ ਨੇ ਸਾਲ 2012 ''ਚ ਫਿਲਮ ''ਸਟੂਡੈਂਟ ਆਫ ਦਿ ਯੀਅਰ'' ਨਾਲ ਬਾਲੀਵੁੱਡ ''ਚ ਕਦਮ ਰੱਖਿਆ ਹੈ, ਉਹ ਬਿਨਾਂ ਰੁਕੇ ਲਗਾਤਾਰ ਕੰਮ ਕਰ ਰਹੀ ਹੈ। ਸ਼ੁਰੂਆਤ ਤੋਂ ਹੁਣ ਤਕ ਰਿਲੀਜ਼ ਉਸਦੀਆਂ ਸਾਰੀਆਂ ਫਿਲਮਾਂ ਹਿੱਟ ਰਹੀਆਂ ਹਨ। ਇਸ ਸਮੇਂ ਵੀ 3 ਫਿਲਮਾਂ ''ਚ ਕੰਮ ਕਰ  ਰਹੀ ਆਲੀਆ ਕਹਿੰਦੀ ਹੈ ਕਿ ਉਸ ਨੂੰ ਕੰਮ ਕਰਦਿਆਂ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ ਹੈ। ਉਸ ਨੇ ਇੰਨਾ ਸਿੱਖਿਆ ਹੈ, ਜੋ ਉਸ ਦੇ ਜੀਵਨ ਦੇ ਗੁਜ਼ਾਰੇ 22 ਸਾਲਾਂ ''ਚ ਸਿੱਖੀਆਂ ਚੀਜ਼ਾਂ ਤੋਂ ਵੀ ਜ਼ਿਆਦਾ ਹੈ।
ਉਹ ਕਹਿੰਦੀ ਹੈ, ''''ਮੇਰੇ ਲਈ ਉਮਰ ਸਿਰਫ  ਇਕ ਅੰਕ ਹੈ। ਕਈ ਪਲ ਅਜਿਹੇ ਹੁੰਦੇ ਹਨ, ਜਦੋਂ ਮੈਂ ਮਚਿਓਰ ਮਹਿਸੂਸ ਕਰਦੀ ਹਾਂ ਅਤੇ ਅਜਿਹੇ ਵੀ ਪਲ ਹਨ, ਜਦੋਂ ਮੇਰਾ ਵਿਵਹਾਰ ਬਚਕਾਨਾ ਹੋ ਜਾਂਦਾ ਹੈ। ਮੇਰਾ ਵਿਸ਼ਵਾਸ ਹੈ ਕਿ ਕੰਮ ਕਰਨਾ ਤੇ ਜ਼ਿੰਮੇਵਾਰੀ ਲੈਣਾ ਤੁਹਾਨੂੰ ਬਹੁਤ ਕੁਝ ਸਿਖਾਉਂਦਾ ਹੈ। ਮੈਂ ਆਪਣਾ ਕਰੀਅਰ ਛੋਟੀ ਉਮਰ ''ਚ ਸ਼ੁਰੂ ਕੀਤਾ ਅਤੇ ਪਿਛਲੇ 2 ਸਾਲਾਂ ਤੋਂ ਮੈਂ ਬਹੁਤ ਕੁਝ ਸਿੱਖਿਆ ਹੈ। ਫਿਰ ਵੀ ਮੈਂ ਇਹੀ ਕਹਾਂਗੀ ਕਿ ਦਿਲੋਂ ਤਾਂ ਅਜੇ ਵੀ ਮੈਂ ਬੱਚੀ ਹਾਂ। ਮੈਂ ਅਜੇ ਇਕ ਲੰਬਾ ਸਫਰ ਤਹਿ ਕਰਨਾ ਹੈ।''''
ਹੁਣ ਤਕ ਦੀਆਂ ਸਾਰੀਆਂ ਫਿਲਮਾਂ ਦੇ  ਹਿੱਟ ਹੋਣ ਦੇ ਬਾਵਜੂਦ ਵੀ ਆਲੀਆ ਆਪਣੇ ਕੰਮ ਨੂੰ ਹਲਕੇ ''ਚ ਨਹੀਂ ਲੈਂਦੀ। ਉਸ ਅਨੁਸਾਰ ਉਹ ਕਦੇ ਵੀ ਨਹੀਂ ਸੋਚਦੀ ਕਿ ਉਸ ਨੇ ਅਜੇ ਤਕ ਕੁਝ ਵੀ ਹਾਸਲ ਕੀਤਾ ਹੈ। ਸੰਤੁਸ਼ਟ ਹੋਣ ਦੀ ਬਜਾਏ ਉਹ ਆਪਣੀ ਸਥਿਤੀ ਤੋਂ ਉਤਸ਼ਾਹਿਤ ਹੋਣ ਦੇ ਨਾਲ-ਨਾਲ ਥੋੜ੍ਹੀ ਜਿਹੀ ਨਰਵਸ ਵੀ ਮਹਿਸੂਸ ਕਰਦੀ ਹੈ ਕਿ ਹੁਣ ਉਸ ਨੇ ਹੋਰ ਚੰਗੀਆਂ ਫਿਲਮਾਂ ਕਰਨੀਆਂ ਹਨ।


Related News