ਇੰਗਲੈਂਡ ਤੋਂ ਪਰਤੇ ਵਿਅਕਤੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ
Monday, Sep 21, 2026 - 08:36 PM (IST)
ਲੁਧਿਆਣਾ (ਰਾਜ/ਤਰੁਣ): ਪੱਖੋਵਾਲ ਰੋਡ 'ਤੇ ਸਥਿਤ ਇੰਪੀਰੀਅਲ ਹੋਟਲ ਦੇ ਕਮਰੇ ਵਿਚੋਂ ਇਕ ਬਜ਼ੁਰਗ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਬਜ਼ੁਰਗ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਅਤੇ ਫਿੰਗਰ ਐਕਸਪਰਟ ਇਨਵੈਸਟੀਗੇਸ਼ਨ ਟੀਮ ਮੌਕੇ 'ਤੇ ਪਹੁੰਚੀ। ਪੁਲਸ ਨੂੰ ਮ੍ਰਿਤਕ ਦੇ ਕਮਰੇ ਵਿਚੋਂ ਇਕ ਸੁਸਾਈਡ ਨੋਟ ਬਰਾਮਦ ਹੋਇਆ ਹੈ।
ਹੋਟਲ ਦੇ ਮੈਨੇਜਰ ਨੇ ਦੱਸਿਆ ਕਿ 67 ਸਾਲਾ ਸਤਨਾਮ ਸਿੰਘ ਨੇ ਐਤਵਾਰ ਨੂੰ ਹੋਟਲ ਦੇ ਕਮਰੇ ਵਿਚ ਚੈੱਕ-ਇਨ ਕੀਤਾ ਸੀ। ਸੋਮਵਾਰ ਸਵੇਰੇ ਕਾਫ਼ੀ ਦੇਰ ਤੱਕ ਜਦੋਂ ਉਹ ਬਾਹਰ ਨਹੀਂ ਆਏ ਤਾਂ ਸ਼ੱਕ ਹੋਇਆ, ਜਿਸ ਤੋਂ ਬਾਅਦ ਮੈਨੇਜਰ ਨੇ ਉਨ੍ਹਾਂ ਦੇ ਮੋਬਾਈਲ 'ਤੇ ਕਈ ਵਾਰ ਕਾਲ ਕੀਤੀ ਪਰ ਫੋਨ ਨਹੀਂ ਚੁੱਕਿਆ ਗਿਆ। ਮੈਨੇਜਰ ਨੇ ਹੋਟਲ ਮਾਲਕ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਪੁਲਸ ਮੌਕੇ 'ਤੇ ਪਹੁੰਚੀ।
ਥਾਣਾ ਮੁਖੀ ਹਮਰਾਜ ਸਿੰਘ ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮ੍ਰਿਤਕ ਦੇ ਸਰੀਰ 'ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਹੈ। ਉਹ ਲੁਧਿਆਣਾ ਦੇ ਸਰਾਭਾ ਨਗਰ ਇਲਾਕੇ ਦੇ ਰਹਿਣ ਵਾਲੇ ਸਨ ਅਤੇ ਕੁਝ ਦਿਨ ਪਹਿਲਾਂ ਹੀ ਇੰਗਲੈਂਡ ਤੋਂ ਪਰਤੇ ਸਨ। ਕਮਰੇ 'ਚੋਂ ਮਿਲੇ ਸੁਸਾਈਡ ਨੋਟ ਵਿਚ ਸਤਨਾਮ ਸਿੰਘ ਨੇ ਆਪਣੀ ਮੌਤ ਲਈ ਕੁਝ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਸਤਨਾਮ ਸਿੰਘ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਸਨ ਅਤੇ ਕਾਫ਼ੀ ਸਮਾਂ ਇੰਗਲੈਂਡ ਵਿੱਚ ਬਿਤਾ ਚੁੱਕੇ ਸਨ। ਪੁਲਸ ਨੇ ਕਮਰੇ ਵਿੱਚੋਂ ਉਨ੍ਹਾਂ ਦਾ ਸਾਮਾਨ ਕਬਜ਼ੇ ਵਿਚ ਲੈ ਲਿਆ ਹੈ ਅਤੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਸ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ।
