ਥਾਣੇਦਾਰ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਬੱਸ ਸਟੈਂਡ ਵਿਖੇ ਪੁਲਸ ਖ਼ਿਲਾਫ਼ ਧਰਨਾ

Wednesday, Oct 10, 2018 - 11:48 AM (IST)

ਜਗਰਾਓਂ (ਮਾਲਵਾ) : ਪੁਲਸ ਜਬਰ ਵਿਰੋਧੀ ਐਕਸ਼ਨ ਕਮੇਟੀ ਜਗਰਾਓਂ ਦੀ ਅਗਵਾਈ ’ਚ ਆਰ. ਟੀ. ਆਈ. ਕਾਰਕੁੰਨ ਇਕਬਾਲ ਸਿੰਘ ਰਸੂਲਪੁਰ ਅਤੇ ਉਸ ਦੇ ਪਰਿਵਾਰ ’ਤੇ ਕਤਲ ਦਾ ਝੂਠਾ ਮੁਕੱਦਮਾ ਦਰਜ ਕਰਨ ਅਤੇ ਵਹਿਸ਼ੀ ਜਬਰ-ਜ਼ੁਲਮ ਢਾਹੁਣ ਖ਼ਿਲਾਫ਼ ਬੱਸ ਸਟੈਂਡ ਜਗਰਾਓਂ ਪਾਰਕ ਵਿਖੇ ਰੋਸ ਧਰਨਾ ਦਿੱਤਾ ਗਿਆ। ਧਰਨੇ ’ਚ ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ, ਪੇਂਡੂ ਮਜ਼ਦੂਰ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਇਨਕਲਾਬੀ ਕੇਂਦਰ ਪੰਜਾਬ ਦੇ ਵਰਕਰਾਂ ਨੇ ਸ਼ਮੂਲੀਅਤ ਕਰ ਕੇ 2005 ’ਚ ਵਾਪਰੀ ਇਸ ਘਟਨਾ ਦੀ ਸਰਕਾਰੀ ਏਜੰਸੀਆਂ ਸੀ. ਆਈ. ਡੀ., ਐੱਸ. ਸੀ./ ਐੱਸ. ਟੀ. ਐਕਟ, ਕੌਮੀ ਮਨੁੱਖੀ ਅਧਿਕਾਰ ਕਮਿਸ਼ਨ, ਡੀ. ਆਈ. ਜੀ. ਵਲੋਂ ਕੀਤੀਆਂ ਪਡ਼ਤਾਲਾਂ ਅਤੇ ਸੈਸ਼ਨ ਕੋਰਟ ਦੇ ਫ਼ੈਸਲੇ ਮੁਤਾਬਿਕ ਐੱਫ. ਆਈ. ਆਰ. ਝੂਠੀ ਤੇ ਦੋਸ਼ ਗ਼ਲਤ ਸਾਬਿਤ ਹੋਏ ਅਤੇ ਪਰਿਵਾਰ ’ਤੇ ਅੰਨਾ ਜਬਰ ਢਾਹੁਣ ਦੇ ਦੋਸ਼ੀ ਇੰਸਪੈਕਟਰ ਖ਼ਿਲਾਫ਼ ਪਰਚਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਗਈ।

ਦੋਸ਼ੀ ਇੰਸਪੈਕਟਰ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਦੂਜੀ ਵਾਰ ਫਿਰ ਦਿੱਤੇ ਇਸ ਧਰਨੇ ’ਚ ਰਸੂਲਪੁਰ ਪਰਿਵਾਰ ਦੀ ਜਬਰ ਤੋਂ ਪੀਡ਼ਤ ਕੁਲਵੰਤ ਕੌਰ ਨੇ ਵੀ ਐਂਬੂਲੈਂਸ ਰਾਹੀਂ ਸ਼ਮੂਲੀਅਤ ਕੀਤੀ। ਇਸ ਮੌਕੇ ਅਵਤਾਰ ਸਿੰਘ ਰਸੂਲਪੁਰ, ਕੰਵਲਜੀਤ ਖੰਨਾ, ਹਰਦੀਪ ਸਿੰਘ ਗਾਲਿਬ, ਤਰਲੋਚਨ ਸਿੰਘ ਝੋਰਡ਼ਾਂ, ਇੰਦਰਜੀਤ ਸਿੰਘ ਜਗਰਾਓਂ, ਸਾਧੂ ਸਿੰਘ ਅੱਚਰਵਾਲ, ਕਰਮਜੀਤ ਕੋਟਕਪੂਰਾ, ਮਦਨ ਸਿੰਘ ਨੇ ਕਿਹਾ ਕਿ ਭਾਵੇਂ ਅੱਜ ਦੇ ਧਰਨੇ ’ਚ ਪੁਲਸ ਵਿਭਾਗ ਵਲੋਂ ਇਨਸਾਫ਼ ਦਾ ਭਰੋਸਾ ਦਿੱਤਾ ਹੈ ਪਰ ਜੇਕਰ ਇਕ ਮਹੀਨੇ ’ਚ ਇਨਸਾਫ਼ ਨਾ ਮਿਲਿਆ ਤਾਂ ਸੰਘਰਸ਼ ਮੁਡ਼ ਅਾਰੰਭਿਆ ਜਾਵੇਗਾ। ਇਸ ਮੌਕੇ ਧਰਨਾਕਾਰੀਆਂ ਨੂੰ ਸ਼ਾਂਤ ਕਰਵਾਉਣ ਲਈ ਪੁੱਜੇ ਡੀ. ਐੱਸ. ਪੀ. ਰਣਧੀਰ ਸਿੰਘ ਨੇ ਕਿਹਾ ਕਿ ਇਹ ਮਾਮਲੇ ’ਚ ਜਗਰਾਓਂ ਪੁਲਸ ਕੋਈ ਕਾਰਵਾਈ ਨਹੀਂ ਕਰ ਸਕਦੀ ਪਰ ਹੋਰ ਦਿੱਤੇ ਮਸਲਿਆਂ ਨੂੰ ਜਲਦ ਤੋਂ ਜਲਦ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਸਮੇਂ ਮੰਚ ਸੰਚਾਲਨ ਸੁਖਦੇਵ ਸਿੰਘ ਮਾਣੂਕੇ ਨੇ ਕੀਤਾ। ਇਸ ਮੌਕੇ ਕੁਲਵੰਤ ਸਹੋਤਾ, ਪਲਵਿੰਦਰ ਸਿੰਘ ਭਮਾਲ, ਹੁਕਮਰਾਜ ਦੇਹਡ਼ਕਾ, ਸਤਪਾਲ ਦੇਹਡ਼ਕਾ, ਦੇਵਿੰਦਰ ਸਲੇਮਪੁਰੀ ਤੋਂ ਇਲਾਵਾ ਵੱਡੀ ਗਿਣਤੀ ’ਚ ਮਜ਼ਦੂਰ ਹਾਜ਼ਰ ਸਨ।


Related News