ਕੰਪ੍ਰੈਸ਼ਰ ’ਚ ਗੈਸ ਵਧਣ ਕਾਰਨ ਲੱਗੀ ਧਾਗਾ ਫੈਕਟਰੀ ’ਚ ਅੱਗ

11/15/2018 12:31:43 PM

ਲੁਧਿਆਣਾ (ਜ.ਬ.)-ਸਮਰਾਲਾ ਚੌਕ ਨੇਡ਼ੇ ਬੇਅੰਤਪੁਰਾ ਦੀ ਗਲੀ ਨੰ. 8 ’ਚ ਸਥਿਤ ਸੁਖਮਨੀ ਨਿੱਟ ਫੈੱਬ ’ਚ ਇਕ ਕੰਪ੍ਰੈਸ਼ਰ ’ਚ ਗੈਸ ਦੇ ਓਵਰ ਹੋਣ ਕਾਰਨ ਲੱਗੀ ਅੱਗ ਕਾਰਨ ਲੱਖਾਂ ਰੁਪਏ ਦਾ ਧਾਗਾ ਸਡ਼ ਕੇ ਸੁਆਹ ਹੋ ਗਿਆ। ਮੌਕੇ ’ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਲਗਭਗ ਦੋ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਜਾਣਕਾਰੀ ਅਨੁਸਾਰ ਉਕਤ ਫੈਕਟਰੀ ’ਚ ਕੰਪ੍ਰੈਸ਼ਰ ’ਚ ਭਰੀ ਜਾ ਰਹੀ ਗੈਸ ਓਵਰ ਹੋ ਗਈ, ਜਿਸ ਕਾਰਨ ਅਚਾਨਕ ਅੱਗ ਦੀਆਂ ਤੇਜ਼ ਲਪਟਾਂ ਨੇ ਅੰਦਰ ਪਏ ਹੋਏ ਧਾਗੇ ਨੂੰ ਆਪਣੀ ਲਪੇਟ ’ਚ ਲੈ ਲਿਆ, ਜਿਸ ਨਾਲ ਦੇਖਦੇ ਹੀ ਦੇਖਦੇ ਚਾਰੇ ਪਾਸੇ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ ਤੇ ਮਜ਼ਦੂਰ ਦੂਸਰੇ ਗੇਟ ਰਾਹੀਂ ਆਪਣੀ ਜਾਨ ਬਚਾ ਕੇ ਬਾਹਰ ਨਿਕਲ ਗਏ। ਠੇਕੇਦਾਰ ਨੇ ਇਸ ਦੀ ਜਾਣਕਾਰੀ ਮਾਲਕ ਹਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਨੂੰ ਦਿੱਤੀ, ਜਿਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਕੁੱਝ ਸਮੇਂ ਬਾਅਦ ਮੌਕੇ ’ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਲਗਭਗ ਦੋ ਘੰਟਿਅਾਂ ਦੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਇਸ ਦੇ ਨਾਲ ਹੀ ਸੂਚਨਾ ਮਿਲਣ ’ਤੇ ਥਾਣਾ ਮੋਤੀ ਨਗਰ ਦੇ ਇੰਚਾਰਜ ਇੰਸ. ਹਰਜਿੰਦਰ ਸਿੰਘ ਤੁਰੰਤ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਮਾਮਲੇ ਸਬੰਧੀ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਜਦਕਿ ਫੈਕਟਰੀ ਮਾਲਕਾਂ ਵਲੋਂ ਹੋਏ ਨੁਕਸਾਨ ਸਬੰਧੀ ਅਜੇ ਤੱਕ ਪੂਰੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ।


Related News