ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਤ ਅਰਦਾਸ ਸਮਾਗਮ ਕਰਵਾਇਆ

Thursday, Dec 27, 2018 - 10:35 AM (IST)

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਤ ਅਰਦਾਸ ਸਮਾਗਮ ਕਰਵਾਇਆ

ਲੁਧਿਆਣਾ (ਸੰਦੀਪ)-ਹਰ ਤਰ੍ਹਾਂ ਦੇ ਮਨੁੱਖੀ ਜੁਲਮ ਖਿਲਾਫ ਲਡ਼ਦੇ ਹੋਏ ਸੱਚਾਈ, ਦ੍ਰਿਡ਼ਤਾ ਅਤੇ ਹੌਸਲੇ ਨਾਲ ਉੱਚ ਕੋਟੀ ਦੇ ਮਨੁੱਖੀ ਕਦਰਾਂ ਕੀਮਤਾਂ ਦੀ ਰਾਖੀ ਕਰਦੇ ਹੋਏ ਸੱਤ ਅਤੇ ਨੌ ਸਾਲ ਦੀ ਉਮਰ ਵਿਚ ਆਪਣੀਆਂ ਜਿੰਦਡ਼ੀਆਂ ਵਾਰਨ ਵਾਲੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਦੇ ਮਕਸਦ ਨਾਲ ਸ.ਪ੍ਰ.ਸ ਸਕੂਲ ਮੰਗਲੀ ਉਚੀ ਵਿਖੇ ਅਰਦਾਸ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਜਗਜੀਤ ਸਿੰਘ ਮਾਨ ਨੇ ਦੱਸਿਆ ਕਿ ਸਾਡਾ ਵਿਰਸਾ, ਸੱਭਿਆਚਾਰ, ਇਤਹਾਸ ਬਹੁਤ ਹੀ ਅਮੀਰ ਹੈ, ਜਿਸ ਦਾ ਮੁੱਖ ਕਾਰਨ ਸਿੱਖ ਗੁਰੂ ਸਾਹਿਬਾਨਾਂ ਵੱਲੋਂ ਸਦੀਆਂ ਤੋਂ ਦਬੇ ਕੁਚਲੇ ਲੋਕਾਂ ਅੰਦਰ ਮਨੁੱਖੀ ਸਵੈਮਾਣ ਦੀ ਪੈਦਾ ਕੀਤੀ ਗਈ ਚਿਣਗ ਹੈ, ਜਿਸ ਦੀ ਅਦੁੱਤੀ ਮਿਸਾਲ ਛੋਟੇ ਸਾਹਿਬਜ਼ਾਦਿਆਂ ਵੱਲੋਂ ਮਨੁੱਖੀ ਅਧਿਕਾਰਾਂ ਲਈ ਦਿੱਤੀ ਗਈ ਲਾਸਾਨੀ ਸ਼ਹਾਦਤ ਹੈ। ਮਨੁੱਖੀ ਇਤਿਹਾਸ ਵਿਚ ਅੱਜ ਤੱਕ ਕਿਧਰੇ ਵੀ ਅਜਿਹਾ ਨਹੀਂ ਵਾਪਰਿਆ ਕਿ ਮਾਸੂਮ ਬੱਚਿਆਂ ਨੇ ਸਮੇਂ ਦੀ ਜਾਲਮ ਹਕੂਮਤ ਤੇ ਉਸਦੇ ਅਹਿਲਕਾਰਾਂ ਨਾਲ ਕਰਡ਼ੀ ਟੱਕਰ ਲਈ ਹੋਵੇ। ਉਨ੍ਹਾਂ ਇਤਿਹਾਸ ਵਿਚ ਦਰਜ ਜੁਲਮੀ ਮਨੁੱਖਾਂ ਜਿਵੇਂ ਵਜੀਰ ਖਾਨ, ਸੁੱਚਾਨੰਦ, ਗੰਗਾ ਰਾਮ ਅਤੇ ਧਰਮੀ ਮਨੁੱਖਾਂ ਬਾਬਾ ਮੋਤੀ ਰਾਮ, ਦੀਵਾਨ ਟੋਡਰ ਮੱਲ, ਕੁੰਮਾ ਮਾਸ਼ਕੀ ਅਤੇ ਨਵਾਬ ਸ਼ੇਰ ਮੁਹੰਮਦ ਖਾਨ ਬਾਰੇ ਵਿਸਥਾਰ ਪੂਰਵਕ ਦੱਸਿਆ। ਮਾਤਾ ਗੁਜਰ ਕੌਰ ਜੀ ਵੱਲੋਂ ਸਾਹਿਬਜ਼ਾਦਿਆਂ ਅੰਦਰ ਭਰੀ ਮੋਹ ਮਮਤਾ ਤੇ ਉੱਚ ਕੋਟੀ ਦੇ ਬਹਾਦਰੀ ਗੁਣਾਂ ਅਤੇ ਬਿਖਰੇ ਪੈਂਡਿਆਂ ਵਿਚ ਕਦੇ ਨਾ ਡੋਲਣ ਵਾਲਾ ਜੇਰਾ ਪੈਦਾ ਕਰਨ ਉਪਰ ਵੀ ਚਾਨਣਾ ਪਾਇਆ। ਇਸ ਮੌਕੇ ਸੈਂਟਰ ਮਾਸਟਰ ਟਰੇਨਰ ਰੁਪਿੰਦਰ ਸਿੰਘ ਨੇ ਵੀਰ ਰਸੀ ਕਵਿਤਾ ਬੱਚਿਆਂ ਸਨਮੁੱਖ ਪੇਸ਼ ਕੀਤੀ, ਜਦਕਿ ਵਿਦਿਆਰਥੀਆਂ ਵੱਲੋਂ ਛੋਟੇ ਸਾਹਿਬਜ਼ਾਦਿਆਂ ਨਾਲ ਸੰਬੰਧਤ ਕਵਿਤਾਵਾਂ ਦਾ ਲੈਬੱਧ ਉਚਾਰਣ ਕੀਤਾ ਗਿਆ। ਮੌਕੇ ’ਤੇ ਗ੍ਰੰਥੀ ਸਿੰਘਾਂ ਨੇ ਸ੍ਰੀ ਆਨੰਦ ਸਾਹਿਬ ਦਾ ਪਾਠ ਕੀਤਾ ਅਤੇ ਅਰਦਾਸ ਕੀਤੀ। ਸਕੂਲ ਪ੍ਰਬੰਧਕਾਂ ਵੱਲੋਂ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਬਾਲ ਸਾਹਿਤ ਭੇਟ ਕੀਤਾ ਗਿਆ, ਦੇਗ ਵਰਤਾਈ ਗਈ। ਇਸ ਮੌਕੇ ਪਡ਼੍ਹੋ ਪੰਜਾਬ, ਪਡ਼੍ਹਾਓ ਪੰਜਾਬ ਦੇ ਸੀ.ਐੱਮ.ਟੀ. ਰੋਹਿਤ ਕੁਮਾਰ ਅਵਸਥੀ, ਸੂਰਜ ਪ੍ਰਕਾਸ਼, ਮੈਡਮ ਸੁਮਨ ਗੁਪਤਾ, ਮੈਡਮ ਪਰਮਿੰਦਰ ਕੌਰ ਅਤੇ ਮੈਡਮ ਕਰਮਜੀਤ ਕੌਰ ਵਿਸ਼ੇਸ਼ ਰੂਪ ’ਤੇ ਹਾਜ਼ਰ ਸਨ।


Related News