ਸ਼ਹਿਰ ’ਚ ਭਾਜਪਾ ਵਲੋਂ ਲਾਏ ਹੋਰਡਿੰਗਜ਼ ਦਾ ਮਾਮਲਾ ਬਣਿਆ ਚਰਚਾ ਦਾ ਵਿਸ਼ਾ

Tuesday, Oct 30, 2018 - 12:31 PM (IST)

ਸ਼ਹਿਰ ’ਚ ਭਾਜਪਾ ਵਲੋਂ ਲਾਏ ਹੋਰਡਿੰਗਜ਼ ਦਾ ਮਾਮਲਾ ਬਣਿਆ ਚਰਚਾ ਦਾ ਵਿਸ਼ਾ

ਖੰਨਾ (ਸੁਖਵਿੰਦਰ ਕੌਰ) : ਸ਼ਹਿਰ ’ਚ ਫੈਲੀ ਗੰਦਗੀ ਅਤੇ ਹੋਰਨਾਂ ਮੁੱਢਲੀਆਂ ਸਮੱਸਿਆਵਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵਲੋਂ ਜੀ. ਟੀ. ਰੋਡ ’ਤੇ ਹੋਰਡਿੰਗਜ਼ ਲਾ ਕੇ ਨਗਰ ਕੌਂਸਲ ਅਧਿਕਾਰੀਆਂ ਅਤੇ ਸ਼ਹਿਰ ਵਾਸੀਆਂ ਦਾ ਧਿਆਨ ਇਸ ਪਾਸੇ ਖਿੱਚਣ ਦਾ ਯਤਨ ਕੀਤਾ ਹੈ, ਉਥੇ ਕੌਂਸਲ ਪ੍ਰਧਾਨ ਨੇ ਇਸ ਨੂੰ ਭਾਜਪਾ ਵਲੋਂ ਫੋਕੀ ਸ਼ੋਹਰਤ ਖੱਟਣ ਦੀ ਗੱਲ ਕਹੀ ਹੈ। ਜ਼ਿਲਾ ਭਾਜਪਾ ਨੇ ਲਾਏ ਬੋਰਡ ’ਚ ਲਿਖਿਆ ਹੈ ਕਿ ‘ਖੰਨਾ ਸ਼ਹਿਰ ਵਿਚ ਤੁਹਾਡਾ ਸਵਾਗਤ ਹੈ, ਕ੍ਰਿਪਾ ਕਰ ਕੇ ਹਾਰਨ ਨਾ ਬਜਾਓ, ਨਗਰ ਕੌਂਸਲ ਸੌਂ ਰਹੀ ਹੈ’।

ਇਸ ਹੋਰਡਿੰਗ ਦੀਆਂ ਤਸਵੀਰਾਂ ਸਾਰਾ ਦਿਨ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ। ਭਾਰਤੀ ਜਨਤਾ ਪਾਰਟੀ ਦੇ ਹੋਰਡਿੰਗਜ਼ ਨਾਲ ਖੰਨਾ ਸ਼ਹਿਰ ਦੀ ਰਾਜਨੀਤੀ ਗਰਮਾ ਗਈ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਖੰਨਾ ਨਗਰ ਕੌਂਸਲ ਵਲੋਂ ਸ਼ਹਿਰ ਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ ਅਤੇ ਸ਼ਹਿਰ ’ਚ ਥਾਂ-ਥਾਂ ਉਪਰ ਗੰਦਗੀ ਦੇ ਢੇਰ, ਸਫਾਈ ਦਾ ਬੁਰਾ ਹਾਲ, ਸਡ਼ਕਾਂ ’ਤੇ ਫਿਰਦੇ ਅਾਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਕਰਨ ਦੇ ਮਕਸਦ ਨੂੰ ਲੈ ਕੇ ਕੌਂਸਲ ਅਧਿਕਾਰੀਆਂ ਨੂੰ ਜਗਾਉਣ ਲਈ ਅਜਿਹੇ ਬੋਰਡ ਲਾਏ ਗਏ ਹਨ। ਭਾਜਪਾ ਆਗੂਆਂ ਨੇ ਕਿਹਾ ਕਿ ਤਿਉਹਾਰਾਂ ਦੇ ਦਿਨ ਚੱਲ ਰਹੇ ਹਨ, ਹਰੇਕ ਵਿਅਕਤੀ ਆਪਣੇ ਘਰ ਦੀ ਸਾਫ਼ ਸਫਾਈ ਕਰਦਾ ਹੈ, ਪਰ ਨਗਰ ਕੌਂਸਲ ਜਿਸ ਦੀ ਜ਼ਿੰਮੇਵਾਰੀ ਸ਼ਹਿਰ ’ਚ ਸਫਾਈ ਕਰਵਾਉਣੀ ਬਣਦੀ ਹੈ, ਵਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।

ਉਨ੍ਹਾਂ ਕਿਹਾ ਕਿ ਸ਼ਹਿਰ ਦੇ ਪ੍ਰਮੁੱਖ ਚੌਕਾਂ ਵਿਚ ਗੰਦਗੀ ਦੇ ਢੇਰਾਂ ਕੋਲੋਂ ਲੋਕਾਂ ਨੂੰ ਆਪਣੇ ਮੁੰਹ ਢੱਕ ਕੇ ਲੰਘਣ ਲਈ ਮਜਬੂਰ ਹੋਣਾ ਪੈਂਦਾ ਹੈ। ਕੌਂਸਲ ਨੂੰ ਜਗਾਉਣ ਲਈ ਹੋਰਡਿੰਗਜ਼ ਲਾਏ : ਹੀਰਾ ਇਸ ਸਬੰਧੀ ਗੱਲਬਾਤ ਕਰਦਿਆਂ ਭਾਜਪਾ ਦੇ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਹੀਰਾ ਨੇ ਕਿਹਾ ਕਿ ਨਗਰ ਕੌਂਸਲ ਕੁੰਭਕਰਨੀ ਨੀਂਦ ਸੌਂ ਰਹੀ ਹੈ। ਸ਼ਹਿਰ ’ਚ ਕੋਈ ਕੰਮ ਨਹੀਂ ਹੋ ਰਿਹਾ ਹੈ, ਲੋਕ ਬੇਹੱਦ ਪ੍ਰੇਸ਼ਾਨ ਹਨ, ਸਫਾਈ ਦਾ ਬਹੁਤ ਬੁਰਾ ਹਾਲ ਹੈ। ਅਾਵਾਰਾ ਅਤੇ ਲਵਾਰਸ ਪਸ਼ੂਆਂ ਦੀ ਸਾਂਭ-ਸੰਭਾਲ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਕੌਂਸਲ ਨੂੰ ਜਗਾਉਣ ਲਈ ਹੋਰਡਿੰਗਜ਼ ਲਾਏ ਹਨ। ਕਾਂਗਰਸ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜੀ : ਘਈ ਇਸੇ ਦੌਰਾਨ ਭਾਰਤੀ ਜਨਤਾ ਯੁਵਾ ਮੋਰਚਾ ਦੇ ਜ਼ਿਲਾ ਪ੍ਰਧਾਨ ਮਨੋਜ ਘਈ ਨੇ ਕਿਹਾ ਖੰਨਾ ਦੀ ਕੌਂਸਲ ’ਤੇ ਕਾਬਜ਼ ਕਾਂਗਰਸੀ ਆਗੂਆਂ ਵਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਸਨ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਅਤੇ ਨਾ ਹੀ ਲਾਈਨੋਂ ਪਾਰ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਵੱਲ ਕੋਈ ਧਿਆਨ ਦਿੱਤਾ ਜਾ ਰਿਹਾ ਹੈ। ਆਗੂ ਨੇ ਕਿਹਾ ਕਿ ਜੇਕਰ ਕੌਂਸਲ ਵਲੋਂ ਲੋਕਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਭਾਜਪਾ ਵਲੋਂ ਸੰਘਰਸ਼ ਨੂੰ ਤੇਜ਼ ਕਰ ਦਿੱਤਾ ਜਾਵੇਗਾ। ਇਸ ਲਈ ਪਾਰਟੀ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਧਰਨਾ, ਪ੍ਰਦਰਸ਼ਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ।

ਪਹਿਲਾਂ ਮੋਦੀ ਨੂੰ ਜਗਾ ਲੈਣ ਭਾਜਪਾ ਵਾਲੇ : ਮਹਿਤਾ ਇਸ ਸਬੰਧੀ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਵਿਕਾਸ ਮਹਿਤਾ ਨੇ ਕਿਹਾ ਕਿ ਭਾਜਪਾ ਵਾਲੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਗਾ ਲੈਣ ਤਾਂ ਜੋ ਦੇਸ਼ ਦਾ ਕੁਝ ਭਲਾ ਹੋ ਜਾਵੇ, ਪਿਛਲੇ ਚਾਰ ਸਾਲਾਂ ਤੋਂ ਦੇਸ਼ ਦੀ ਬਰਬਾਦੀ ਦਾ ਤਮਾਸ਼ਾ ਵੇਖ ਰਹੇ ਭਾਜਪਾ ਆਗੂਆਂ ਵਲੋਂ ਹੁਣ ਸ਼ਹਿਰ ਵਾਸੀਆਂ ਨੂੰ ਗੁੰਮਰਾਹ ਕਰਨ ਲਈ ਹੋਰਡਿੰਗ ਦੀ ਰਾਜਨੀਤੀ ਕੀਤੀ ਜਾ ਰਹੀ ਹੈ, ਜਿਸ ਵਿਚ ਉਹ ਕਾਮਯਾਬ ਨਹੀਂ ਹੋ ਸਕਣਗੇ।


Related News