ਕਰਤਾਰ ਸਿੰਘ ਦੁੱਗਲ: ਕਈ ਵਾਰ ਵੱਡੇ ਬੰਦੇ ਨਿੱਕੀਆਂ ਗੱਲਾਂ ਨੂੰ ਦਿਲ ''ਤੇ ਲਾ ਲੈਂਦੇ ਨੇ

04/09/2021 5:23:19 PM

ਕਰਤਾਰ ਸਿੰਘ ਦੁੱਗਲ ਦੀ ਇਹ ਤਸਵੀਰ ਮੈਨੂੰ ਚੰਗੀ ਨਹੀਂ ਲੱਗਦੀ। ਇਸ ਦਾ ਇਹ ਅਰਥ ਨਹੀਂ ਕਿ ਮੂਰਤ ਵਿੱਚ ਕੋਈ ਨੁਕਸ ਹੈ ਸਗੋਂ ਇਸ ਪਿੱਛੇ ਲੁਕਵਾਂ ਕਾਰਨ ਹੋਰ ਹੈ। ਇਹ ਤਸਵੀਰ ਖਿਚਵਾਈ ਵੀ ਮੈਂ ਹੀ ਸੀ 2002 ਵਿੱਚ। ਆਪਣੇ ਮਿੱਤਰ ਤੇਜ ਪ੍ਰਤਾਪ ਸਿੰਘ ਸੰਧੂ ਤੋਂ ਸੰਧੂ ਸਟੁਡੀਓ ਲੁਧਿਆਣਾ 'ਚ। ਜ਼ਿਲ੍ਹਾ ਪ੍ਰਸ਼ਾਸਨ ਤੋਂ ਸੁਨੇਹਾ ਮਿਲਿਆ ਕਿ ਪੰਜਾਬੀ ਲਿਖਾਰੀ ਤੇ ਰਾਜ ਸਭਾ ਮੈਂਬਰ ਕਰਤਾਰ ਸਿੰਘ ਦੁੱਗਲ ਲੁਧਿਆਣਾ ਆ ਰਹੇ ਨੇ। ਉਹ ਆਪਣੇ ਐੱਮ.ਪੀ. ਇਲਾਕਾ ਵਿਕਾਸ ਫੰਡ ਨੂੰ ਸਿਰਫ਼ ਲਾਇਬਰੇਰੀਆਂ ਤੇ ਸਭਿਆਚਾਰ ਕੇਂਦਰ ਉਸਾਰਨ ਲਈ ਖ਼ਰਚਣਾ ਚਾਹੁੰਦੇ ਨੇ। ਸਾਡੇ ਮੂੰਹ 'ਚ ਪਾਣੀ ਆ ਗਿਆ ਕਿ ਕਿਉਂ ਨਾ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਲਈ ਬੇਨਤੀ ਕਰ ਵੇਖੀਏ। 

ਸੁਰਜੀਤ ਪਾਤਰ ਜੀ ਪ੍ਰਧਾਨ ਸਨ ਤੇ ਮੈਂ ਸੀਨੀਅਰ ਮੀਤ ਪ੍ਰਧਾਨ। ਡਾ: ਸੁਖਦੇਵ ਸਿਰਸਾ ਤੇ ਇੱਕ ਦੋ ਸੱਜਣ ਨਾਲ ਲੈ ਕੇ ਅਸਾਂ ਉਸ ਕਮਰੇ ਦਾ ਕੁੰਡਾ ਜਾ ਖੜਕਾਇਆ ਜਿਸ 'ਚ ਦੁੱਗਲ ਜੀ ਠਹਿਰੇ ਹੋਏ ਸਨ। ਉਨ੍ਹਾਂ ਸਾਨੂੰ ਚਾਹ ਪਾਣੀ ਪੁੱਛਿਆ ਪਰ ਸਾਡੇ ਮਨ 'ਚ ਆਪਣਾ ਏਜੰਡਾ ਦੱਸਣ ਦੀ ਕਾਹਲ ਸੀ। ਡਰ ਸੀ ਕਿ ਸਾਥੋਂ ਪਹਿਲਾਂ ਕੋਈ ਹੋਰ ਨਾ ਕਰੋੜ ਰੁਪਈਆ ਲੈ ਜਾਵੇ। ਸਾਡੀ ਹਾਲਤ ਬਾਰਾਤ ਅੱਗੇ ਫਿਰਦੇ ਉਨ੍ਹਾਂ ਜੁਆਕਾਂ ਵਰਗੀ ਸੀ ਜੋ ਲਾੜੇ ਉੱਪਰੋਂ ਦੀ ਬਾਪ ਵੱਲੋਂ ਹੁੰਦੀ ਸੋਟ ਬੁੱਚਦੇ ਨੇ। ਦੁੱਗਲ ਜੀ ਪੰਜਾਬੀ ਸਾਹਿੱਤ ਅਕਾਡਮੀ ਦਾ ਨਾਮ ਸੁਣ ਕੇ ਤਲਖ਼ ਹੋ ਗਏ। 

ਮੈਂ ਦਵਾਨੀ ਨਾ ਦੇਸਾਂ! 
ਮੈਂ ਜੇ ਤੁਹਾਨੂੰ ਪ੍ਰਧਾਨ ਪ੍ਰਵਾਨ ਨਹੀਂ ਤਾਂ ਪੈਸੇ ਕਿੰਜ ਪ੍ਰਵਾਨ ਨੇ? 

ਅਸੀਂ ਛਿੱਥੇ ਜਹੇ ਹੋ ਪਰਤ ਆਏ। ਮੈਨੂੰ ਇੰਜ ਲੱਗਿਆ ਜਿਵੇਂ ਵੱਡਾ ਬੰਦਾ ਨਿੱਕੀ ਗੱਲ ਨੂੰ ਦਿਲ ਦੇ ਧੁਰ ਅੰਦਰ ਬਿਰਾਜਮਾਨ ਕਰੀ ਬੈਠਾ ਹੋਵੇ। ਅਸਲ ਚ ਜਦ ਸ: ਅਮਰੀਕ ਸਿੰਘ ਪੂਨੀ ਜੀ ਦੀ ਪ੍ਰਧਾਨਗੀ ਮਿਆਦ ਮੁੱਕੀ ਤਾਂ ਸਾਡੇ ਬਜ਼ੁਰਗਾਂ ਨੇ ਦੁੱਗਲ ਜੀ ਦੇ ਫੰਡ 'ਤੇ ਨਜ਼ਰ ਟਿਕਾਉਂਦਿਆਂ ਉਨ੍ਹਾਂ ਤੋਂ ਪ੍ਰਧਾਨਗੀ ਪਦ ਲਈ ਦਿੱਲੀ ਜਾ ਕੇ ਫਾਰਮ ਭਰਵਾ ਲਏ। ਉਨ੍ਹਾਂ ਸਪਸ਼ਟ ਕਿਹਾ ਕਿ ਤਦ ਹੀ ਪ੍ਰਧਾਨ ਬਣਨਾ ਪ੍ਰਵਾਨ ਕਰਾਂਗਾ ਜੇ ਸਰਬ ਸੰਮਤੀ ਹੋਵੇ। ਖ਼ੈਰ! ਸਰਬ ਸੰਮਤੀ ਹੋ ਨਾ ਸਕੀ ਤੇ ਦੁੱਗਲ ਜੀ ਸਾਡੇ ਪ੍ਰਧਾਨ ਨਾ ਬਣ ਸਕੇ। ਇਹ ਕੁੜੱਤਣ ਮਰਦੇ ਦਮ ਤੀਕ ਦੁੱਗਲ ਜੀ ਦੇ ਨਾਲ ਜੀਵੀ। 

ਇਹ ਵੀ ਪੜ੍ਹੋ: ਸ਼ੌਕਤ ਅਲੀ ਦੇ ਜਾਣ ਨਾਲ ਪੰਜਾਬੀ ਲੋਕ ਸੰਗੀਤ ਦਾ ਕਿਲ੍ਹਾ ਢਹਿ ਗਿਆ

ਇਹ ਦੱਸਣਾ ਵਾਜਬ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਉਨ੍ਹਾਂ ਦੀ ਦਿੱਤੀ ਰਾਸ਼ੀ ਨਾਲ ਵਿਰਸਾ ਵਿਹਾਰ ਬਣੇ। ਅੰਮ੍ਰਿਤਸਰ, ਜਲੰਧਰ, ਕਪੂਰਥਲਾ ਤੇ ਲੁਧਿਆਣਾ ਦਾ ਤਾਂ ਮੈਨੂੰ ਪਤਾ ਹੈ ਪਰ ਹੋਰ ਥਾਈਂ ਵੀ ਸ਼ਾਇਦ ਬਣੇ ਹੋਣ। 
ਲੁਧਿਆਣਾ 'ਚ ਮਿੰਨੀ ਗੁਰੂ ਨਾਨਕ ਭਵਨ ਅਸਲ ‘ਚ ਵਿਰਸਾ ਵਿਹਾਰ ਹੀ ਹੈ ਜੋ ਦੁੱਗਲ ਜੀ ਦੀ ਦਿੱਤੀ ਰਾਸ਼ੀ ਨਾਲ ਉੱਸਰਿਆ। ਇਹ ਗੱਲ ਵੱਖਰੀ ਹੈ ਕਿ ਦੁੱਗਲ ਜੀ ਦੀ ਯਾਦ ਵਿੱਚ ਏਥੇ ਕੋਈ ਚਿਰਾਗ ਨਹੀਂ ਬਾਲ਼ਦਾ। ਅੰਮ੍ਰਿਤਸਰ ਚ ਜ਼ਰੂਰ ਆਡੀਟੋਰੀਅਮ ਉਨ੍ਹਾਂ ਦੇ ਨਾਮ 'ਤੇ ਹੈ। 

ਦੁੱਗਲ ਵੱਡੀ ਹਸਤੀ ਦਾ ਨਾਮ ਸੀ। ਦੇਸ਼ ਵੰਡ ਮਗਰੋਂ ਜਲੰਧਰ 'ਚ ਅਕਾਸ਼ਵਾਣੀ ਕੇਂਦਰ ਦਾ ਬਾਨੀ ਡਾਇਰੈਕਟਰ। ਓਪਰੇਸ਼ਨ ਬਲਿਊਸਟਾਰ ਤੇ ਦਿੱਲੀ ਕਤਲੇਆਮ ਤੋਂ ਬਾਅਦ ਕੁਲਦੀਪ ਨੱਈਅਰ, ਜਨਰਲ ਜਗਜੀਤ ਸਿੰਘ ਅਰੋੜਾ ਤੇ ਅਜਿਹੇ ਚੰਗੇ ਲੋਕਾਂ ਨਾਲ ਇਨਸਾਫ਼ ਲਈ ਤੁਰੇ ਕਾਫ਼ਲੇ ਦਾ ਸੰਗੀ। ਇੰਦਰ ਕੁਮਾਰ ਗੁਜਰਾਲ ਵਾਂਗ ਸੈਕੂਲਰ ਮੁਹਾਂਦਰਾ। ਅਲੀ ਸਰਦਾਰ ਜਾਫਰੀ ਦਾ ਸਾਂਢੂ। ਜਲੰਧਰ  'ਚ ਗੁਰਦੁਆਰਾ ਪ੍ਰਬੰਧ ਦੇ ਲੰਮਾ ਸਮਾਂ ਪ੍ਰਧਾਨ ਰਹੇ ਬਾਪੂ ਜੀਵਨ ਸਿੰਘ ਦੁੱਗਲ ਦਾ ਸਪੁੱਤਰ। ਰਾਵਲਪਿੰਡੀਆ ਧਮਿਆਲੀ ਜਾਤਕ। ਵੱਡੇ ਬੰਦੇ ਨਿੱਕੀਆਂ ਗੱਲਾਂ ਕਿਵੇਂ ਦਿਲ ਨੂੰ ਲਾ ਲੈਂਦੇ ਨੇ, ਪਹਿਲੀ ਵਾਰ ਅੱਖੀਂ ਵੇਖਿਆ। ਇਹ ਸੁੰਦਰ ਤਸਵੀਰ ਜਦ ਵੀ ਵੇਖਦਾ ਹਾਂ ਤਾਂ ਡਰ ਜਾਂਦਾ ਹਾਂ ਦੁੱਗਲ ਜੀ ਦਾ ਰੌਦਰ ਰਸ ਚੇਤੇ ਕਰਕੇ ਪਰ ਪੰਜਾਬੀ ਜ਼ਬਾਨ ਦਾ ਵੱਡਾ ਪਿੱਤਰ ਹੋਣ ਨਾਤੇ ਸਾਡਾ ਵਡਪੁਰਖਾ ਸੀ। 
ਏਸ ਸਾਕੋਂ ਸਲਾਮ!
 

ਗੁਰਭਜਨ ਗਿੱਲ
ਨੋਟ: ਕਰਤਾਰ ਸਿੰਘ ਦੁੱਗਲ ਨਾਲ ਜੁੜੀ ਕੋਈ ਯਾਦ ਤੁਸੀਂ ਵੀ ਕੁਮੈਂਟ ਬਾਕਸ ਵਿੱਚ ਸਾਂਝੀ ਕਰ ਸਕਦੇ ਹੋ


Harnek Seechewal

Content Editor

Related News