ਖੰਨਾ ਅਨਾਜ ਮੰਡੀ ’ਚ ਆਇਆ 103623 ਟਨ ਝੋਨਾ, ਲਿਫਟਿੰਗ ਦਾ ਕੰਮ ਜ਼ੋਰਾਂ ’ਤੇ

10/25/2018 12:55:50 PM

ਲੁਧਿਆਣਾ, ਖੰਨਾ(ਸੁਖਵਿੰਦਰ ਕੌਰ) : ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ’ਚ ਝੋਨੇ ਦੀ ਆਮਦ ਪੂਰੇ ਜ਼ੋਰਾਂ-ਸ਼ੋਰਾਂ ਨਾਲ ਆ ਰਹੀ ਹੈ, ਭਾਵੇਂ ਕਿ ਪਹਿਲਾਂ-ਪਹਿਲਾਂ ਝੋਨੇ ਦੀ ਆਮਦ ਮੱਠੀ ਰਹੀ ਹੈ ਅਤੇ ਖੰਨਾ ਮੰਡੀ ਨਾਲ ਸਬੰਧਿਤ ਸਬ ਸੈਂਟਰਾਂ ਰੌਣੀ, ਈਸਡ਼ੂ ਅਤੇ ਰਾਏਪੁਰ ’ਚ ਅਜੇ ਝੋਨਾ ਆ ਰਿਹਾ ਹੈ। ਪੰਜਾਬ ਦੀਆਂ ਸਾਰੀਆਂ ਖ੍ਰੀਦ ਏਜੰਸੀਆਂ ਵੱਲੋਂ ਖੰਨਾ ਮੰਡੀ ’ਚ ਬੋਲੀ ਦੌਰਾਨ ਝੋਨੇ ਦੀ ਖ੍ਰੀਦਦਾਰੀ ਕੀਤੀ ਜਾ ਰਹੀ ਹੈ। 24 ਅਕਤੂਬਰ ਦੇਰ ਸ਼ਾਮ ਤੱਕ ਖੰਨਾ ਮੰਡੀ ’ਚ ਆਈ ਕੁੱਲ 103623 ਟਨ ਫਸਲ ’ਚੋਂ ਪਨਗਰੇਨ ਨੇ 33480 ਟਨ, ਮਾਰਕਫੈਡ ਨੇ 14305 ਟਨ, ਪਨਸਪ ਨੇ 18578 ਟਨ, ਵੇਅਰ ਹਾਊਸ ਕਾਪੋਰੇਸ਼ਨ ਨੇ 12892 ਟਨ, ਪੰਜਾਬ ਐਗਰੋ ਨੇ 13671 ਟਨ ਅਤੇ ਪ੍ਰਾਈਵੇਟ ਵਪਾਰੀਆਂ ਨੇ 4101 ਟਨ ਅਤੇ ਇਸ ਤੋਂ ਇਲਾਵਾ ਪਨਗਰੇਨ ਸਬ ਸੈਂਟਰਾਂ ਰੌਣੀ ’ਚ 3967 ਟਨ, ਈਸਡ਼ੂੁ ’ਚ 1743 ਟਨ ਅਤੇ ਰਾਏਪੁਰ ’ਚ 743 ਟਨ ਸਮੇਤ ਕੁੱਲ 103480 ਟਨ ਝੋਨੇ ਦੀ ਖ੍ਰੀਦ ਕੀਤੀ ਹੈ।

ਖ੍ਰੀਦ ਏਜੰਸੀਆਂ ਵੱਲੋਂ ਖ੍ਰੀਦ ਕੀਤੀ ਝੋਨੇ ਦੀ ਫਸਲ ਦੀ ਲਿਫਟਿੰਗ ਦਾ ਕੰਮ ਵੀ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਮਾਰਕੀਟ ਕਮੇਟੀ ਖੰਨਾ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਵੱਖ-ਵੱਖ ਏਜੰਸੀਆਂ ਅਤੇ ਪ੍ਰਾਈਵੇਟ ਵਪਾਰੀਆਂ ਵੱਲੋਂ ਖ੍ਰੀਦੇ ਝੋਨੇ ’ਚੋਂ 85248 ਟਨ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ, ਜਦੋਂ ਕਿ 18232 ਟਨ ਝੋਨਾ ਮੰਡੀ ’ਚ ਅਜੇ ਵੀ ਅਣਲਿਫਟਡ ਪਿਆ ਹੈ। ਪਿਛਲੇ ਸਾਲ ਖੰਨਾ ਮੰਡੀ ’ਚ ਅੱਜ ਦੇ ਹੀ ਦਿਨ 160042 ਟਨ ਝੋਨਾ ਮੰਡੀ ’ਚ ਆਇਆ ਸੀ, ਜਿਹਡ਼ਾ ਕਿ ਇਸ ਸਾਲ ਨਾਲੋਂ 56419 ਟਨ ਵੱਧ ਸੀ। ਇਸ ਵਾਰ ਅਜੇ ਵੀ ਝੋਨੇ ਦੀ ਕਟਾਈ ਦਾ ਕੰਮ ਅਜੇ ਖੇਤਾਂ ’ਚ ਜਾਰੀ ਹੈ, ਕਿਉਂਕਿ ਮੀਂਹ ਕਾਰਨ ਫਸਲਾਂ ਖੇਤਾ ’ਚ ਡਿੱਗ ਗਈਆਂ ਸਨ ਅਤੇ ਨਮੀ ਕਾਰਨ ਕਟਾਈ ਦਾ ਕੰਮ ਵੀ ਲੇਟ ਸ਼ੁਰੂ ਹੋਇਆ ਸੀ। ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾ ਰਹੀ : ਸਕੱਤਰ ਦਲਵਿੰਦਰ ਸਿੰਘ ਇਸ ਦੌਰਾਨ ਮਾਰਕੀਟ ਕਮੇਟੀ ਖੰਨਾ ਦੇ ਸਕੱਤਰ ਦਲਵਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਪੈਡੀ ਸੀਜ਼ਨ ਦੌਰਾਨ ਕਿਸਾਨਾਂ ਨੂੰ ਮੰਡੀਆਂ ’ਚ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾ ਰਹੀ।

ਉਨ੍ਹਾਂ ਕਿਹਾ ਕਿ ਅਨਾਜ ਮੰਡੀ ’ਚ ਕਿਸਾਨਾਂ ਦੇ ਪੀਣ ਲਈ ਪਾਣੀ, ਸਟਰੀਟ ਲਾਈਟਾਂ, ਸਾਫ਼-ਸਫ਼ਾਈ ਆਦਿ ਪ੍ਰਬੰਧ ਕੀਤੇ ਗਏ ਹਨ ਅਤੇ ਹਰ ਰੋਜ਼ ਸਾਰੇ ਕੰਮਾਂ ਦੀ ਮੰਡੀ ਅਧਿਕਾਰੀਆਂ ਵੱਲੋਂ ਸਮੀਖਿਆ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਲਿਆਂਦੀ ਜਾ ਰਹੀ ਫਸਲ ਦੀ ਨਮੀ ਦੀ ਜਾਂਚ ਕਰਨ ਉਪਰੰਤ ਹੀ ਟਰਾਲੀਆਂ ਨੂੰ ਅੰਦਰ ਆਉਣ ਦਿੱਤਾ ਜਾਂਦਾ ਹੈ, ਤਾਂ ਜੋ ਵੱਧ ਨਮੀ ਕਾਰਨ ਕਿਸਾਨਾਂ ਨੂੰ ਮੰਡੀ ’ਚ ਖੱਜਲ-ਖੁਆਰ ਨਾ ਹੋਣਾ ਪਵੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ’ਚ ਸੁੱਕਾ ਝੋਨਾ ਹੀ ਲੈ ਕੇ ਆਉਣ, ਤਾਂ ਜੋ ਉਹਨਾਂ ਨੂੰ ਕਿਸੇ ਪ੍ਰੇਸ਼ਾਨੀ ਸਾਹਮਣਾ ਨਾ ਕਰਨਾ ਪਵੇ। ਸਕੱਤਰ ਦਲਵਿੰਦਰ ਸਿੰਘ ਨੇ ਕਿਹਾ ਕਿ ਖ੍ਰੀਦ ਏਜੰਸੀਆਂ ਆਪਣੇ ਪੱਧਰ ’ਤੇ ਝੋਨਾ ਖਰੀਦ ਰਹੀਆਂ ਹਨ, ਝੋਨੇ ਦੀ ਲਿਫਟਿੰਗ ਨਾਲੋ-ਨਾਲ ਹੋ ਰਹੀ ਹੈ, ਜੇਕਰ ਕਿਸੇ ਵੀ ਕਿਸਾਨ ਨੂੰ ਕੋਈ ਪ੍ਰੇਸ਼ਾਨੀ ਹੈ ਤਾਂ ਉਹ ਉਹਨਾਂ ਨੂੰ ਦਫ਼ਤਰੀ ਸਮੇਂ ਬਿਨਾਂ ਝਿਜਕ ਮਿਲ ਸਕਦਾ ਹੈ।


Related News