ਪੀਏਯੂ ਵਿੱਚ ਮਨਾਇਆ ਗਿਆ ਵਿਸ਼ਵ ਧਰਤੀ ਦਿਹਾੜਾ

04/28/2019 1:42:28 PM

ਲੁਧਿਆਣਾ : ਪੀਏਯੂ ਵਿੱਚ ਅੱਜ ਕਈ ਵਿਭਾਗਾਂ ਨੇ ਸਾਂਝੇ ਤੌਰ ਤੇ ਵਿਸ਼ਵ ਧਰਤੀ ਦਿਵਸ ਮਨਾਇਆ। ਭੂਮੀ ਵਿਗਿਆਨ ਵਿਭਾਗ, ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ, ਫ਼ਸਲ ਵਿਗਿਆਨ ਵਿਭਾਗ ਦੇ ਵਿਦਿਆਰਥੀ ਅਤੇ ਅਧਿਆਪਕ ਇਕੱਤਰ ਹੋਏ ਅਤੇ ਆਈ ਸੀ ਏ ਆਰ ਦੇ ਐਨ ਏ ਐਚ ਈ ਪੀ ਸੀ ਏ ਏ ਐਸ ਟੀ ਪ੍ਰੋਜੈਟਕ ਤਹਿਤ ਇਸ ਦਿਨ ਨੂੰ ਮਨਾਇਆ। 22 ਅਪ੍ਰੈਲ ਨੂੰ ਸੰਸਾਰ ਪੱਧਰ ਤੇ ਵਿਸ਼ਵ ਧਰਤੀ ਦਿਵਸ ਮਨਾਇਆ ਜਾਂਦਾ ਹੈ ਅਤੇ 2019 ਦੇ ਧਰਤੀ ਦਿਵਸ ਦਾ ਮੁੱਖ ਵਿਸ਼ਾ ਹਰੇਕ ਜੀਵ ਦੀ ਸਾਂਭ ਅਤੇ ਸੁਰੱਖਿਆ ਮਿਥਿਆ ਗਿਆ ਹੈ । ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਦੇ ਮੁਖੀ ਡਾ. ਐਸ ਕੇ ਚੌਹਾਨ ਨੇ ਵਿਸ਼ਵ ਧਰਤੀ ਦਿਹਾੜੇ ਦੇ ਇਤਿਹਾਸ ਅਤੇ ਮਹੱਤਵ ਬਾਰੇ ਭਰਪੂਰ ਗੱਲਬਾਤ ਕੀਤੀ ਅਤੇ ਦੱਸਿਆ ਕਿ 1970 ਵਿੱਚ ਕੁਦਰਤੀ ਸਮਤੋਲ ਨੂੰ ਬਰਕਰਾਰ ਰੱਖਣ ਲਈ ਪਹਿਲੀ ਵਾਰੇ ਵਿਸ਼ਵ ਧਰਤੀ ਦਿਹਾੜਾ ਮਨਾਇਆ ਗਿਆ ਸੀ । ਇਸੇ ਦੌਰਾਨ ਇਸ ਗ੍ਰਹਿ ਤੇ ਜੀਵਨ ਅਤੇ ਕੁਦਰਤ ਦੇ ਸੰਤੁਲਨ ਨੂੰ ਕਾਇਮ ਰੱਖਣ ਲਈ ਪਾਣੀ, ਹਵਾ ਅਤੇ ਭੂਮੀ ਦੀ ਸੰਭਾਲ ਦੇ ਮੁੱਦੇ ਉਠਾਏ ਗਏ। ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ. ਓ ਪੀ ਚੌਧਰੀ ਨੇ ਇਸ ਮੌਕੇ ਵਿਸ਼ਵ ਧਰਤੀ ਦਿਵਸ ਦੀ ਸਾਰਥਕਤਾ ਅਤੇ ਭਵਿੱਖ ਵਿੱਚ ਇਸ ਕਾਰਜ ਦੀ ਦਿਸ਼ਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ । ਉਹਨਾਂ ਨੇ ਵਾਤਾਵਰਨੀ ਤਬਦੀਲੀਆਂ ਦੇ ਮੱਦੇਨਜ਼ਰ ਆਉਣ ਵਾਲੇ ਬਦਲਾਵਾਂ ਅਤੇ ਉਹਨਾਂ ਦਾ ਧਰਤੀ ਦੇ ਪੌਣ ਪਾਣੀ ਉਪਰ ਅਸਰ ਅਤੇ ਜੈਵਿਕ ਢਾਂਚੇ ਵਿੱਚ ਤਬਦੀਲੀ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ । ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਬਹੁਤ ਸਾਰੇ ਰੁੱਖ 
ਲਗਾਉਣ ਲਈ ਪ੍ਰੇਰਿਤ ਕਰਦਿਆਂ ਡਾ. ਚੌਧਰੀ ਨੇ ਧਰਤੀ ਮਾਤਾ ਨੂੰ ਹਰੀ ਭਰੀ ਅਤੇ ਸਾਫ਼-ਸੁਥਰੀ ਬਣਾ ਕੇ ਭਵਿੱਖ ਦੀਆਂ ਪੀੜ੍ਹੀਆਂ ਲਈ ਸੁੰਦਰ ਵਿਰਾਸਤ ਛੱਡਣ ਲਈ ਪ੍ਰੇਰਿਤ ਕੀਤਾ ।


Aarti dhillon

Content Editor

Related News