ਕੈਬਨਿਟ ਮੰਤਰੀ 'ਤੇ ਸਾਬਕਾ ਸਰਪੰਚ ਦੇ ਗੰਭੀਰ ਦੋਸ਼, ਵਿਜੀਲੈਂਸ ਜਾਂਚ ਦੀ ਮੰਗ

Thursday, Apr 16, 2026 - 04:28 PM (IST)

ਕੈਬਨਿਟ ਮੰਤਰੀ 'ਤੇ ਸਾਬਕਾ ਸਰਪੰਚ ਦੇ ਗੰਭੀਰ ਦੋਸ਼, ਵਿਜੀਲੈਂਸ ਜਾਂਚ ਦੀ ਮੰਗ

ਸਾਹਨੇਵਾਲ/ ਕੁਹਾੜਾ (ਬਲਜੀਤ): ਸਾਹਨੇਵਾਲ ਵਿਧਾਨ ਸਭਾ ਹਲਕੇ ਵਿਚ ਰਾਜਨੀਤਿਕ ਮਾਹੌਲ ਉਸ ਵੇਲੇ ਗਰਮਾ ਗਿਆ ਜਦੋਂ ਪਿੰਡ ਜੰਡਿਆਲੀ ਦੇ ਸਾਬਕਾ ਸਰਪੰਚ ਧਰਮਜੀਤ ਸਿੰਘ ਨੇ ਲਾਈਵ ਹੋ ਕੇ ਇਲਾਕੇ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ‘ਤੇ ਸਿੱਧੇ ਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਨੇ ਮੰਤਰੀ ‘ਤੇ ਧੱਕੇਸ਼ਾਹੀ, ਭ੍ਰਿਸ਼ਟਾਚਾਰ, ਚੋਣੀ ਦਖਲਅੰਦਾਜ਼ੀ ਅਤੇ ਪੈਸਿਆਂ ਦੀ ਮੰਗ ਵਰਗੇ ਇਲਜ਼ਾਮ ਲਗਾ ਕੇ ਸਿਆਸੀ ਹਲਚਲ ਮਚਾ ਦਿੱਤੀ ਹੈ।

ਧਰਮਜੀਤ ਸਿੰਘ, ਜੋ 2013 ਤੋਂ 2018 ਤੱਕ ਸਰਪੰਚ ਰਹੇ ਹਨ, ਨੇ ਕਿਹਾ ਕਿ ਪਿਛਲੀਆਂ ਪੰਚਾਇਤੀ ਚੋਣਾਂ ਦੌਰਾਨ ਉਨ੍ਹਾਂ ਦੇ ਪਰਿਵਾਰ ਦੇ ਚਾਰ ਮੈਂਬਰਾਂ ਦੇ ਨਾਮਜ਼ਦਗੀ ਪੱਤਰ ਸਾਜ਼ਿਸ਼ ਤਹਿਤ ਰੱਦ ਕਰਵਾ ਦਿੱਤੇ ਗਏ ਅਤੇ ਇਕ ਖਾਸ ਉਮੀਦਵਾਰ ਨੂੰ “ਧੱਕੇ ਨਾਲ” ਸਰਪੰਚ ਬਣਾਇਆ ਗਿਆ। ਸਾਬਕਾ ਸਰਪੰਚ ਨੇ ਦਾਅਵਾ ਕੀਤਾ ਕਿ ਮੰਤਰੀ ਪੱਖੋਂ ਉਨ੍ਹਾਂ ਤੋਂ ਸਰਪੰਚੀ ਲਈ ਪੈਸਿਆਂ ਦੀ ਮੰਗ ਕੀਤੀ ਗਈ ਸੀ, ਜਿਸ ਨੂੰ ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਠੁਕਰਾ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ‘ਚ ਉਹ ਹਾਈ ਕੋਰਟ ਅਤੇ ਸੁਪਰੀਮ ਕੋਰਟ ਤੱਕ ਗਏ, ਪਰ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ।

ਇਸ ਤੋਂ ਇਲਾਵਾ, ਧਰਮਜੀਤ ਸਿੰਘ ਨੇ ਆਉਣ ਵਾਲੀਆਂ ਜੰਡਿਆਲੀ ਅਤੇ ਰਾਮਗੜ੍ਹ ਸਹਿਕਾਰੀ ਸਭਾਵਾਂ ਦੀਆਂ ਚੋਣਾਂ (20-21 ਅਪ੍ਰੈਲ) ਵਿਚ ਵੀ ਮੰਤਰੀ ਵੱਲੋਂ ਦਖਲ ਦੇ ਦੋਸ਼ ਲਗਾਏ। ਅੰਤ ਵਿਚ, ਉਨ੍ਹਾਂ ਅਪੀਲ ਕੀਤੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਵਿਜੀਲੈਂਸ ਜਾਂਚ ਕਰਵਾਈ ਜਾਵੇ ਅਤੇ ਸਹਿਕਾਰੀ ਸਭਾਵਾਂ ਦੀਆਂ ਚੋਣਾਂ ਨੂੰ ਪੂਰੀ ਤਰ੍ਹਾਂ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਉਹ ਹਰ ਦੋਸ਼ ਲਈ ਸਬੂਤ ਦੇਣ ਨੂੰ ਤਿਆਰ ਹਨ।

ਮੇਰਾ ਸਿਆਸੀ ਅਕਸ਼ ਖ਼ਰਾਬ ਦੀਆਂ ਕੋਝੀਆਂ ਸਾਜ਼ਿਸ਼ਾਂ: ਹਰਦੀਪ ਮੁੰਡੀਆਂ

ਦੂਜੇ ਪਾਸੇ,  ਕੈਬਨਿਟ ਮੰਤਰੀ ਹਰਦੀਪ ਸਿੰਘ ਮ਼ੁੰਡੀਆਂ ਨਾਲ ਜਦੋਂ ਇਨ੍ਹਾਂ ਦੋਸ਼ਾਂ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਧਰਮਜੀਤ ਸਿੰਘ ਗਿੱਲ ਵੱਲੋਂ ਲਗਾਏ ਸਾਰੇ ਦੋਸ਼ ਬੇਬੁਨਿਆਦ ਤੇ ਝੂਠੇ ਦੱਸੇ। ਉਨ੍ਹਾਂ ਕਿਹਾ ਕਿ ਧਰਮਜੀਤ ਸਿੰਘ ਗਿੱਲ ਦਾ ਮੌਜੂਦਾ ਪੰਚਾਇਤ ਨਾਲ ਕੋਈ ਰੌਲਾ ਹੋ ਸਕਦਾ ਹੈ, ਪਰ ਮੇਰੇ ਨਾਲ ਕੋਈ ਨਹੀਂ ਅਤੇ ਨਾ ਹੀ ਮੈਂ ਕਿਸੇ ਅਫ਼ਸਰ ਨੂੰ ਫੋਨ ਕਰਕੇ ਇਹ ਹਦਾਇਤ ਕੀਤੀ ਕਿ ਸਹਿਕਾਰੀ ਸਭਾ ਦੀ ਚੋਣ ਨਾ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਧਰਮਜੀਤ ਸਿੰਘ ਗਿੱਲ ਵਲੋਂ ਜੋ ਮੇਰੇ ’ਤੇ ਪੈਸੇ ਮੰਗਣ ਦੇ ਦੋਸ਼ ਲਗਾਏ ਹਨ, ਉਹ ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਮੇਰਾ ਅਕਸ ਖ਼ਰਾਬ ਦੀਆਂ ਕੋਝੀਆਂ ਸਾਜਿਸ਼ਾਂ ਹਨ, ਜਿਸ ਵਿਚ ਉਹ ਕਦੇ ਸਫ਼ਲ ਨਹੀਂ ਹੋਣਗੇ।


author

Anmol Tagra

Content Editor

Related News