ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਸ਼ਾਰਟ ਕੁੜਤੀ ਲਹਿੰਗਾ ਸੈੱਟ
Sunday, Mar 15, 2026 - 09:34 AM (IST)
ਵੈੱਬ ਡੈਸਕ- ਭਾਰਤੀ ਰਵਾਇਤੀ ਪਹਿਰਾਵਿਆਂ ’ਚ ਸਾੜ੍ਹੀ ਅਤੇ ਲਹਿੰਗਾ-ਚੋਲੀ ਔਰਤਾਂ ਅਤੇ ਮੁਟਿਆਰਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਇਹ ਦੋਵੇਂ ਹੀ ਪੋਸ਼ਾਕਾਂ ਵਿਆਹਾਂ, ਤਿਉਹਾਰਾਂ, ਮਹਿੰਦੀ, ਮੰਗਣੀ ਅਤੇ ਹੋਰ ਸਮਾਰੋਹਾਂ ’ਚ ਖੂਬ ਦੇਖੀਆਂ ਜਾਂਦੀਆਂ ਹਨ। ਸਮੇਂ ਦੇ ਨਾਲ ਫੈਸ਼ਨ ’ਚ ਬਦਲਾਅ ਆਇਆ ਹੈ ਅਤੇ ਲਹਿੰਗਾ-ਚੋਲੀ ਦੇ ਡਿਜ਼ਾਈਨ ’ਚ ਵੀ ਨਵੇਂ-ਨਵੇਂ ਪ੍ਰਯੋਗ ਦੇਖਣ ਨੂੰ ਮਿਲ ਰਹੇ ਹਨ। ਇਸੇ ਬਦਲਦੇ ਟ੍ਰੈਂਡ ਵਿਚਾਲੇ ਸ਼ਾਰਟ ਕੁੜਤੀ ਲਹਿੰਗਾ ਸੈੱਟ ਕਾਫੀ ਲੋਕਪ੍ਰਿਯ ਹੋ ਚੁੱਕਾ ਹੈ। ਇਹ ਕੰਬੀਨੇਸ਼ਨ ਰਵਾਇਤੀ ਲੁੱਕ ਪ੍ਰਦਾਨ ਕਰਦਾ ਹੈ। ਸ਼ਾਰਟ ਕੁੜਤੀ ਲਹਿੰਗਾ ਸੈੱਟ ’ਚ ਆਮ ਤੌਰ ’ਤੇ 3 ਪੀਸ ਹੁੰਦੇ ਹਨ ਜਿਨ੍ਹਾਂ ’ਚ ਸ਼ਾਰਟ ਕੁੜਤੀ, ਲਹਿੰਗਾ ਅਤੇ ਦੁਪੱਟਾ (ਚੁੰਨੀ) ਸ਼ਾਮਲ ਹੁੰਦਾ ਹੈ। ਕੁੜਤੀ ਦੀ ਲੰਬਾਈ ਆਮ ਤੌਰ ’ਤੇ ਮੀਡੀਅਮ ਰਹਿੰਦੀ ਹੈ ਜੋ ਇਸ ਨੂੰ ਰਵਾਇਤੀ ਚੋਲੀ ਤੋਂ ਅਲੱਗ ਬਣਾਉਂਦੀ ਹੈ। ਕੁੜਤੀ ਦੇ ਡਿਜ਼ਾਈਨ ’ਚ ਵੱਖਰੇਵਾਂ ਦੇਖਣ ਨੂੰ ਮਿਲਦਾ ਹੈ। ਸਲੀਵਜ਼ ਦੇ ਬਦਲ ’ਚ ਫੁੱਲ ਸਲੀਵਜ਼, ਚੂੜੀਦਾਰ ਸਲੀਵਜ਼, ਹਾਫ ਸਲੀਵਜ਼, ਥ੍ਰੀ-ਕੁਆਰਟਰ ਸਲੀਵਜ਼, ਡਿਜ਼ਾਈਨਰ ਸਲੀਵਜ਼ ਜਾਂ ਸਲੀਵਲੈੱਸ ਸਟਾਈਲ ਉਪਲਬਧ ਹੁੰਦੇ ਹਨ। ਨੈੱਕਲਾਈਨ ਵੀ ਖਿੱਚ ਦਾ ਮੁੱਖ ਕੇਂਦਰ ਰਹਿੰਦੀ ਹੈ। ਇਸ ’ਚ ਰਾਊਂਡ ਨੈੱਕ, ਬੋਟ ਨੈੱਕ, ਸਵੀਟਹਾਰਟ ਨੈੱਕ, ਸੁਕੇਅਰ ਨੈੱਕ, ਵੀ-ਨੈੱਕ ਜਾਂ ਡੀਪ ਨੈੱਕ ਵਰਗੇ ਕਈ ਬਦਲ ਮਿਲਦੇ ਹਨ। ਬੈਕ ਨੈੱਕ ਡਿਜ਼ਾਈਨ ਵੀ ਖਾਸ ਹੁੰਦਾ ਹੈ। ਕਈ ਕੁੜਤੀਆਂ ’ਚ ਡੀਪ ਬੈਕ ਦੇ ਨਾਲ ਲਟਕਣ ਜਾਂ ਸਟ੍ਰਿੰਗਸ ਲੱਗੇ ਹੁੰਦੇ ਹਨ।
ਲਹਿੰਗੇ ਦੀ ਡਿਜ਼ਾਈਨਿੰਗ ਵੀ ਕਮਾਲ ਦੀ ਹੁੰਦੀ ਹੈ। ਇਹ ਫਲੇਅਰਡ, ਸੀਕੁਐਂਸ ਜਾਂ ਗੋਟਾ-ਪੱਟੀ ਵਾਲਾ ਹੋ ਸਕਦਾ ਹੈ। ਲਹਿੰਗੇ ’ਤੇ ਲੇਸ ਵਰਕ, ਮਿਰਰ ਵਰਕ, ਸਟੋਨ ਵਰਕ, ਬੀਡਸ, ਥ੍ਰੈੱਡ ਜਾਂ ਜ਼ਰੀ ਵਰਕ, ਕਢਾਈ, ਪ੍ਰਿੰਟਿਡ ਪੈਟਰਨ ਜਾਂ ਹੈਂਡਕ੍ਰਾਫਟ ਵਰਗੇ ਕਈ ਤਰ੍ਹਾਂ ਦੇ ਸ਼ਿੰਗਾਰ ਦੇਖੇ ਜਾ ਸਕਦੇ ਹਨ। ਲਹਿੰਗੇ ਦੀ ਲੰਬਾਈ ਆਮ ਤੌਰ ’ਤੇ ਫਲੋਰ ਲੈਂਥ ਹੁੰਦੀ ਹੈ। ਦੁਪੱਟਾ ਜਾਂ ਚੁੰਨੀ ਵੀ ਇਸ ਸੈੱਟ ਦਾ ਮਹੱਤਵਪੂਰਨ ਹਿੱਸਾ ਹੈ। ਇਹ ਭਾਰੀ ਵਰਕ ਵਾਲੀ ਹੁੰਦੀ ਹੈ। ਚੁੰਨੀ ਦੇ ਚਾਰੋਂ ਪਾਸੇ ਬਾਰਡਰ ’ਤੇ ਲੇਸ, ਫ੍ਰਿੰਜ, ਟੈਸਲ ਜਾਂ ਮੋਟਿਫਸ ਲੱਗੇ ਹੁੰਦੇ ਹਨ। ਕਈ ਵਾਰ ਚੁੰਨੀ ’ਤੇ ਵੀ ਲਟਕਣ ਜਾਂ ਪੋਮ-ਪੋਮ ਲਗਾਏ ਜਾਂਦੇ ਹਨ, ਜੋ ਇਸ ਨੂੰ ਰਾਇਲ ਟੱਚ ਦਿੰਦੇ ਹਨ। ਕਲਰ ਆਪਸ਼ਨਜ਼ ਦੀ ਗੱਲ ਕਰੀਏ ਤਾਂ ਸ਼ਾਰਟ ਕੁੜਤੀ ਲਹਿੰਗਾ ਸੈੱਟ ’ਚ ਡਾਰਕ ਅਤੇ ਲਾਈਟ ਦੋਵੇਂ ਸ਼ੇਡਸ ਉਪਲਬਧ ਹਨ।
ਇਸ ਲੁੱਕ ਨੂੰ ਪੂਰਾ ਕਰਨ ਲਈ ਜਿਊਲਰੀ ਦੀ ਚੋਣ ਮਹੱਤਵਪੂਰਨ ਹੈ। ਔਰਤਾਂ ਲਾਈਟ ਜਿਊਲਰੀ ਤੋਂ ਲੈ ਕੇ ਹੈਵੀ ਸਟੇਟਮੈਂਟ ਪੀਸ ਤੱਕ ਚੁਣਦੀਆਂ ਹਨ। ਜਿਵੇਂ–ਝੁਮਕੇ, ਮਾਥਾਪੱਟੀ, ਹਾਰ, ਚੂੜੀਆਂ, ਕੰਗਣ ਅਤੇ ਪਾਇਲ ਆਦਿ। ਫੁੱਟਵੀਅਰ ’ਚ ਰਵਾਇਤੀ ਜੁੱਤੀ, ਮੋਜ਼ੜੀ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ, ਪਰ ਕੁਝ ਔਰਤਾਂ ਹਾਈ ਹੀਲਜ਼, ਵੈੱਜ ਹੀਲਜ਼ ਜਾਂ ਬੈਲੀ ਸੈਂਡਲਜ਼ ਵੀ ਸਟਾਈਲ ਕਰਦੀਆਂ ਹਨ। ਹੇਅਰ ਸਟਾਈਲ ’ਚ ਇਨ੍ਹਾਂ ਦੇ ਨਾਲ ਓਪਨ ਹੇਅਰ, ਲੂਜ਼ ਵੇਵਜ਼, ਲੰਬੀ ਚੋਟੀ, ਬਨ, ਜੂੜਾ, ਬ੍ਰੇਡਿਡ ਸਟਾਈਲ ਜਾਂ ਫਲਾਵਰ ਅਸੈਸਰੀਜ਼ ਦੇ ਨਾਲ ਸਜਿਆ ਹੋਇਆ ਲੁੱਕ ਸਾਰੇ ਮੌਕਿਆਂ ’ਤੇ ਫਿੱਟ ਬੈਠਦਾ ਹੈ। ਸ਼ਾਰਟ ਕੁੜਤੀ ਵਿਦ ਲਹਿੰਗਾ ਅੱਜਕੱਲ ਹਰ ਉਮਰ ਦੀਆਂ ਔਰਤਾਂ ਲਈ ਆਦਰਸ਼ ਬਦਲ ਬਣ ਚੁੱਕਾ ਹੈ। ਇਹ ਨਾ ਸਿਰਫ ਟ੍ਰੈਡੀਸ਼ਨਲ ਵੈਲਿਊ ਬਣਾਈ ਰੱਖਦਾ ਹੈ, ਸਗੋਂ ਆਧੁਨਿਕ ਕੰਫਰਟ ਅਤੇ ਸਟਾਈਲ ਵੀ ਪ੍ਰਦਾਨ ਕਰਦਾ ਹੈ। ਚਾਹੇ ਵਿਆਹ ਹੋਵੇ ਜਾਂ ਤਿਉਹਾਰ, ਇਹ ਆਊਟਫਿੱਟ ਔਰਤਾਂ ਅਤੇ ਮੁਟਿਆਰਾਂ ਨੂੰ ਹਮੇਸ਼ਾ ਖੂਬਸੂਰਤ ਦਿਖਾਉਂਦਾ ਹੈ ਅਤੇ ਉਨ੍ਹਾਂ ਦਾ ਆਤਮ-ਵਿਸ਼ਵਾਸ ਬਣਾਈ ਰੱਖਦਾ ਹੈ।
