ਆਟੋ ਕਰੀਅਰ ''ਚ ਨੌਕਰੀਆਂ ਲਈ ਕੀ ਕਰੀਏ ...?

Wednesday, Apr 08, 2020 - 01:33 PM (IST)

ਪ੍ਰੋ. ਜਸਵੀਰ ਸਿੰਘ, ਗੁਰਪ੍ਰੀਤ ਸਿੰਘ 'ਲੋਹਗੜ੍ਹ
ਆਟੋ ਕਰੀਅਰ ਦਾ ਘੇਰਾ ਬੜਾ ਵਿਸਥਾਰਿਤ ਹੈ। ਅੱਜਕਲ੍ਹ ਅਸੀਂ ਤਕਨੀਕ ਅਤੇ ਵਿਗਿਆਨ ਦੇ ਯੁੱਗ ਵਿਚ ਜੀ ਰਹੇ ਹਾਂ। ਜਿੱਥੇ ਨਿੱਤ ਨਵੀਆਂ ਮੋਟਰ ਕਾਰਾਂ ਦੀ ਖੋਜ 'ਤੇ ਉਤਪਾਦਨ ਹੁੰਦਾ ਰਹਿੰਦਾ ਹੈ। ਆਓ ਅੱਜ ਆਪਾਂ ਅਜਿਹੇ ਖੇਤਰ ਵੱਲ ਝਾਤ ਮਾਰੀਏ ਅਤੇ ਆਪਣੇ ਲਈ ਸੁਖਾਵਾਂ, ਢੁਕਵਾਂ ਅਤੇ ਸਮੇਂ ਦੀਆਂ ਲੋੜਾਂ ਨੂੰ ਪੂਰਦਾ ਐਪਰ ਕਮਾਈ ਯੋਗ ਰੁਜ਼ਗਾਰ ਲੱਭੀਏ .....

ਪਿਆਰੇ ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿਸੇ ਕੰਮ ਵਿੱਚ ਮਾਹਰ ਹੋਣ ਲਈ ਪਹਿਲਾਂ ਉਸ ਕੰਮ ਦਾ ਗਿਆਨ ਹੋਣਾ ਅਤੀ ਜ਼ਰੂਰੀ ਹੈ ਇਸ ਲਈ ਪਹਿਲਾਂ ਆਟੋ ਮੋਬਾਈਲ ਨਾਲ ਸੰਬੰਧਿਤ ਕੋਰਸਾਂ ਬਾਰੇ ਸੰਖੇਪ ਵਿਚ ਜਾਣਦੇ ਹਾਂ। ਅੱਠਵੀਂ ਜਮਾਤ ਕਰਨ ਮਗਰੋਂ ਮਕੈਨਿਕ ਟਰੈਕਟਰ ਅਤੇ ਵੈਲਡਰ (ਬਿਜਲੀ ਅਤੇ ਗੈਸ) ਇਕ ਸਾਲਾ ਕੋਰਸ ਕੀਤੇ ਜਾ ਸਕਦੇ ਹਨ। ਇਸੇ ਤਰ੍ਹਾਂ ਦਸਵੀਂ ਕਰਨ ਮਗਰੋਂ ਡਰਾਈਵਰ-ਕਮ-ਮਕੈਨਿਕ ਵਹੀਕਲ, ਡਰਾਈਵਰ-ਕਮ-ਮਕੈਨਿਕ ਲਾਈਟ ਵਹੀਕਲ, ਵੈਲਡਿੰਗ ਅਤੇ ਆਟੋ ਇਲੈਕਟਰੀਸ਼ਨ ਆਦਿ ਛਮਾਹੀ ਕੋਰਸ ਕੀਤੇ ਜਾ ਸਕਦੇ ਹਨ। ਇਸੇ ਤਰ੍ਹਾਂ ਦੋ ਸਾਲਾ ਕੋਰਸ ਮਕੈਨਿਕ ਮੋਟਰ ਗੱਡੀ, ਲਿਫਟ ਮਕੈਨਿਕ, ਨਕਸ਼ਾ ਨਵੀਸ (ਮਕੈਨੀਕਲ) ਅਤੇ ਟੂਲ ਐਂਡ ਡਾਈ ਮੇਕਰ ਆਦਿ ਕੀਤੇ ਜਾ ਸਕਦੇ ਹਨ।ਇਸੇ ਤਰ੍ਹਾਂ ਸ੍ਵੈ ਰੁਜ਼ਗਾਰ ਇਲੈਕਟ੍ਰੀਕਲ ਇੰਜੀਨੀਅਰਿੰਗ ਅਤੇ ਮਕੈਨੀਕਲ ਇੰਜਨੀਅਰਿੰਗ ਦਾ 6 ਮਹੀਨੇ ਤੋਂ ਇਕ ਸਾਲ ਤੱਕ ਦਾ ਪਾਰਟ ਟਾਈਮ ਡਿਪਲੋਮਾ ਕੋਰਸ ਕਰ ਸਕਦੇ ਹੋ।

ਸਰਟੀਫਿਕੇਟ ਕੋਰਸ
ਇੱਥੇ ਜ਼ਿਕਰਯੋਗ ਹੈ ਕਿ ਮੈਟ੍ਰਿਕ ਕਰਨ ਮਗਰੋਂ ਸਰਟੀਫਿਕੇਟ ਕੋਰਸ ਜਿਵੇਂ ਕਲਿੱਲ ਤਕਨੀਸ਼ੀਅਨ, ਮਸ਼ੀਨ ਮੈਨਟੀਨੈਂਸ (ਅਸੈਬਲਿੰਗ) , ਮਸ਼ੀਨ ਰਿਪੇਅਰ ਅਤੇ ਕੁਆਲਟੀ ਇੰਸ਼ੋਰੈਂਸ ਇੰਸਪੈਕਟਰ ਆਦਿ ਕੋਰਸ ਕੀਤੇ ਜਾ ਸਕਦੇ ਹਨ। ਮੈਟ੍ਰਿਕ ਕਰਨ ਮਗਰੋਂ ਤਿੰਨ ਸਾਲਾ ਡਿਪਲੋਮਾ ਕੋਰਸ ਜਿਵੇਂ ਕੰਪਿਊਟਰ ਇੰਜੀਨੀਅਰਿੰਗ, ਇਲੈਕਟ੍ਰੀਕਲ ਇੰਜੀਨੀਅਰਿੰਗ, ਆਟੋ ਮੋਬਾਈਲ ਇੰਜੀਨੀਅਰਿੰਗ, ਇਲੈਕਟ੍ਰੀਨਿਕ ਅਤੇ ਕਾਮਨੀਕੇਸ਼ਨ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ, ਇਨਸਟਰੂਮੈਂਨਟੇਸ਼ਨ ਤਕਨੋਲੋਜੀ, ਇਨਟਰੀਅਰੀਅਰ/ਡਿਜ਼ਾਈਨ ਅਤੇ ਡੈਕੋਰੇਸ਼ਨ ਤਕਨੋਲੋਜੀ ਅਤੇ ਇਲੈਕਟ੍ਰੋਨਿਕਸ ਅਤੇ ਇੰਡਸਟਰੀਅਲ ਇੰਟਾਗ੍ਰੇਟਿਡ ਇੰਜੀਨੀਅਰਿੰਗ ਆਦਿ ਕੀਤੇ ਜਾ ਸਕਦੇ ਹਨ।

- ਉਦਯੋਗਿਕ ਸਿਖਲਾਈ ਸੰਸਥਾਵਾਂ
ਉਦਯੋਗਿਕ ਸਿਖਲਾਈ ਸੰਸਥਾਵਾਂ (ਕਰਾਫਟਮੈਨ ਟ੍ਰੇਨਿੰਗ ਸਕੀਮ) ਪੰਜਾਬ ਵਿਚ 113 ਸਰਕਾਰੀ ਅਤੇ 255 ਦੇ ਕਰੀਬ ਪ੍ਰਾਈਵੇਟ ਉਦਯੋਗਿਕ ਸਿਖਲਾਈ ਸੰਸਥਾਵਾਂ ਟ੍ਰੇਨਿੰਗ ਪ੍ਰਦਾਨ ਕਰ ਰਹੀਆਂ ਹਨ। ਜਿੰਨ੍ਹਾਂ ਵਿਚੋਂ 49 ਸਰਕਾਰੀ ਸੰਸਥਾਵਾਂ ਸਿਰਫ਼ ਲੜਕੀਆਂ ਲਈ ਹਨ। ਕਰਾਫਟਮੈਨ ਸਕੀਮ (ਸੀ.ਟੀ.ਐੱਸ.) ਅਧੀਨ 43 ਦੇ ਕਰੀਬ ਇੰਜੀਨੀਅਰਿੰਗ ਟਰੇਡਜ਼ ਅਤੇ 23 ਦੇ ਕਰੀਬ ਨਾਨ-ਇੰਜੀਨੀਅਰਿੰਗ ਟਰੇਡਜ਼ ਚਲਦੀਆਂ ਹਨ। ਜਿਸ ਦੀ ਅਪਡੇਟਡ ਜਾਣਕਾਰੀ ਲਈ www.punjabitis.gov.in 'ਤੇ ਲਾਗਿਨ ਕੀਤਾ ਜਾ ਸਕਦਾ ਹੈ। ਆਈ.ਟੀ.ਆਈ. ਪਾਸ ਕਰਨ ਉਪਰੰਤ ਉਮੀਦਵਾਰ- ੳ) ਅਪਰੈਂਟਿਸਸ਼ਿਪ ਐਕਟ, 1961 ਅਧੀਨ ਅਪਰੈਂਟਿਸਸ਼ਿਪ ਟ੍ਰੇਨਿੰਗ, ਅ) ਸ੍ਵੈ ਉਦਯੋਗ ਲਗਾਉਣ ਅਤੇ ੲ) ਲੇਟਰਲ ਐਂਟਰੀ ਰਾਹੀਂ ਉਚੇਰੀ ਡਿਪਲੋਮਾ/ਡਿਗਰੀ ਆਦਿ ਕਰ ਸਕਦਾ ਹੈ। 

ਪੰਜਾਬ ਵਿਚ ਸੰਜੀਦਾ ਤੇ ਨਿਪੁੰਨ ਡਰਾਇਵਿੰਗ ਦੇ ਗੁਰ ਸਿੱਖਣ ਲਈ ਮੋਟਰ ਕਾਰ ਤੇ ਡਰਾਈਵਰ ਹੁਨਰ ਸਟੇਟ ਇੰਸਟੀਚਿਊਟ, ਮਹੂਆਣਾ ਨਾਲ ਰਾਬਤਾ ਕੀਤਾ ਜਾ ਸਕਦਾ ਹੈ। ਜਿੱਥੇ ਡਰਾਈਵਿੰਗ ਟ੍ਰੇਨਿੰਗ ਇੰਸਟੀਚਿਊਟ ਅਤੇ ਆਟੋਮੋਬਾਇਲ/ਮੋਟਰ ਕਾਰ ਨਾਲ ਸੰਬੰਧਿਤ ਆਈ.ਟੀ.ਆਈ. ਦੇ ਪੰਜ ਕਿੱਤੇ ਮਹੁੱਈਆਂ ਕਰਵਾਏ ਜਾਂਦੇ ਹਨ। ਜੇਕਰ ਆਪਾਂ ਡਰਾਈਵਰ ਟ੍ਰੇਨਿੰਗ ਇੰਸਟੀਚਿਊਟ ਦੀ ਗੱਲ ਕਰੀਏ ਤਾਂ ਅਦਾਰੇ ਵਲੋਂ ਰੋਡ ਟਰਾਂਸਪੋਰਟ ਤੇ ਹਾਈਵੇ ਮੰਤਰਾਲਾ, ਉੱਤਰ ( ਰੋਡ ਸੇਫਟੀ ਸੈੱਲ ਲ ਕੇਂਦਰ ਸਰਕਾਰ) ਦੇ ਤਹਿਤ ਡਰਾਈਵਰਾਂ ਲਈ ਦੋ ਦਿਨ ਦਾ ਮੁੜ ਤਾਜ਼ਾ ਉਰਨ ਵਾਲਾ ਕੋਰਸ ਕਰਵਾਇਆ ਜਾਂਦਾ ਹੈ। ਜਿਸ ਵਿਚ ਰੋਡ ਸੇਫਟੀ, ਸੰਕੇਤ ਚਿੰਨ ਤੇ ਦੁਰਘਟਨਾ ਤੋਂ ਬਚਾਉਣ ਲਈ ਡਰਾਈਵਰਾਂ ਦਾ ਹੁਨਰ ਵਧਾਉਣ ਲਈ ਕਾਰ, ਲਾਈਟ ਮੋਟਰ ਵਹੀਕਲ, ਹੈਵੀ ਮੋਟਰ ਵਹੀਕਲ ਤੇ ਅਰਥ ਮੂਵਿੰਗ ਮਸ਼ੀਨਰੀ ਜਿਵੇਂ ਜੇ.ਸੀ.ਬੀ. ਤੇ ਖੁਦਾਈ ਵਾਲੀਆਂ ਮਸ਼ੀਨਾਂ ਆਦਿ ਲਈ ਸਪੈਸ਼ਲ ਟ੍ਰੇਨਿੰਗ ਪ੍ਰੋਗਰਾਮ ਉਲੀਕਿਆ ਜਾਂਦਾ ਹੈ। ਜਿਸ ਦਾ ਸਰਕਾਰੀ ਮਾਨਤਾ ਪ੍ਰਾਪਤ ਸਰਟੀਫਿਕੇਟ ਅਦਾਰੇ ਵਲੋਂ ਪ੍ਰਦਾਨ ਕੀਤਾ ਜਾਂਦਾ ਹੈ।

ਦਸਵੀਂ ਕਰਨ ਉਪਰੰਤ ਰੇਲ ਵਿਭਾਗ ਵਿਚ ਆਉਣ ਵਾਲੀਆਂ ਭਰਤੀਆਂ ਲਈ ਅਪਲਾਈ ਕੀਤਾ ਜਾ ਸਕਦਾ ਹੈ। ਜਿਸ ਵਿਚ 50 ਪ੍ਰਤੀਸ਼ਤ ਅੰਕ ਪ੍ਰਾਪਤ ਕਰਦਿਆਂ ਮੈਟ੍ਰਿਕ ਪਾਸ ਹੋਣਾ ਲਾਜ਼ਮੀ ਹੈ ਅਤੇ ਉਮਰ ਹੱਦ 18 ਸਾਲ ਤੋਂ 30 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ।ਇਸ ਵਿਚ ਲਿਖਤੀ ਟੈਸਟ ਅਧੀਨ ਨੂਮੈਰੀਕਲ ਯੋਗਤਾ ਅਤੇ ਆਮ/ਜਨਰਲ ਅਵੇਅਰਨੈਸ ਸੰਬੰਧੀ ਸਵਾਲ ਪੁੱਛੇ ਜਾਂਦੇ ਹਨ। ਉਸ ਮਗਰੋਂ ਇੰਟਰਵਿਊ ਦੌਰਾਨ ਸਰਟੀਫਿਕੇਟਾਂ ਦੀ ਸਕੈਨਿੰਗ ਕੀਤੀ ਜਾਂਦੀ ਹੈ। ਲਿਖਤੀ ਟੈਸਟ ਅਤੇ ਇੰਟਰਵਿਊ ਵਿਚ ਕੁਆਲੀਫਾਈ ਕਰਨ ਤੋਂ ਬਾਅਦ ਮੈਡੀਕਲ ਚੈੱਕਅਪ ਕੀਤਾ ਜਾਂਦਾ ਹੈ। ਉਮੀਦਵਾਰ ਕਮਰਸ਼ੀਅਲ ਕਲਰਕ, ਟ੍ਰੇਨਸ ਕਲਰਕ, ਟਿਕਟ ਚੈੱਕਰ, ਟਿਕਟ ਕੌਲੈਕਟਰ ਅਤੇ ਜੂਨੀਅਰ ਕਲਰਕ-ਕਮ-ਟਾਈਪਿਸਟ (ਇਸ ਅਸਾਮੀ ਲਈ ਟਾਈਪਿੰਗ ਦਾ ਟੈਸਟ ਵੱਖਰਾ ਹੁੰਦਾ) ਆਦਿ ਲਈ ਅਪਲਾਈ ਕਰ ਸਕਦੇ ਹਨ। ਜਿਸ ਦੇ ਨੋਟੀਫਿਕੇਸ਼ਨ ਸਮੇਂ ਸਮੇਂ ਰੇਲ ਵਿਭਾਗ ਦੀ ਔਫੀਸ਼ੀਅਲ ਵੈੱਬਸਾਈਟ ਅਤੇ ਅਖ਼ਬਾਰਾਂ ਦੇ ਇਸ਼ਤਿਹਾਰ ਤੋਂ ਵਾਚੇ ਜਾ ਸਕਦੇ ਹਨ। 

ਆਰ.ਆਰ.ਬੀ. ਹਰੇਕ ਸਾਲ ਬਾਰਵੀਂ ਪਾਸ ਉਮੀਦਵਾਰ ਬਤੌਰ ਨੌਨ ਟੈਕਨੀਕਲ ਸਟਾਫ਼ ਗਰੁੱਪ ਸੀ ਅਤੇ ਆਈ.ਟੀ.ਆਈਸ਼ ਉਮੀਦਵਾਰ ਬਤੌਰ ਟੈਕਨੀਕਲ ਗਰੁੱਪ ਸੀ ਦੀ ਭਰਤੀ ਵੀ ਕਰਦਾ ਹੈ ਅਤੇ ਸਟਾਫ਼ ਗਰੁੱਪ ਸੀ ਤੇ ਡੀ ਦੀ ਭਰਤੀ ਵੀ ਕੀਤੀ ਜਾਂਦੀ ਹੈ।ਰੇਲਵੇ ਵਿਭਾਗ ਵਿਚ ਸਹਾਇਕ ਸਟੇਸ਼ਨ ਮਾਸਟਰ ਦੀ ਅਸਾਮੀ ਲਈ 'ਟਰਾਂਸਪੋਰਟ ਐਂਡ ਮੈਨੇਜਮੈਂਟ ਦਾ ਡਿਪਲੋਮਾ ਕੀਤਾ ਹੋਣਾ ਜ਼ਰੂਰੀ ਹੈ। ਇਹ ਡਿਪਲੋਮਾ ਨਵੀਂ ਦਿੱਲੀ ਸਥਿਤ ਰੇਲ ਟਰਾਂਸਪੋਰਟ ਵਿਭਾਗ ਵਲੋਂ ਕਰਵਾਇਆ ਜਾਂਦਾ ਹੈ। ਇੱਥੇ ਗੌਲਣਯੋਗ ਹੈ ਕਿ ਇਹ ਡਿਪਲੋਮਾ ਜਿੱਥੇ ਮਾਨਤਾ ਪ੍ਰਾਪਤ ਹੈ ਉੱਥੇ ਸਹਾਇਕ ਸਟੇਸ਼ਨ ਮਾਸਟਰ ਤੋਂ ਇਲਾਵਾ ਟਰਾਂਸਪੋਰਟ ਵਣਜ, ਕੰਪਿਊਟਰ, ਇਲੈਕਟਰੀਕਲ, ਮਕੈਨੀਕਲ ਤੇ ਸਿਵਲ ਇੰਜੀਨੀਅਰਿੰਗ ਲਈ ਵੀ ਸਾਰਥਕ ਭੂਮਿਕਾ ਨਿਭਾਉਂਦਾ ਹੈ। ਇਹ ਡਿਪਲੋਮਾ ਪੱਤਰ ਵਿਹਾਰ ਰਾਹੀਂ ਕਰਵਾਇਆ ਜਾਂਦਾ ਹੈ। ਜੋ ਕਿ ਹਰ ਸਾਲ ਜੂਨ ਮਹੀਨੇ ਸ਼ੁਰੂ ਹੁੰਦਾ ਹੈ। ਜਿਸ ਦੇ ਇਸ਼ਤਿਹਾਰ ਸਮੇਂ ਸਮੇਂ ਅਖ਼ਬਾਰਾਂ ਵਿਚ ਦਿੱਤੇ ਜਾਂਦੇ ਹਨ।

ਸੋਨਾਲੀਕਾ ਟਰੈਟਰਜ਼, ਹੁਸ਼ਿਆਰਪੁਰ ਵਲੋਂ ਵੱਖ ਵੱਖ ਕਾਮਿਆਂ ਦੀ ਭਰਤੀਲਈ ਬਿਨੈ ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ। ਜਿਸ ਵਿਚ ਮਕੈਨਿਕ, ਕੰਪਿਊਟਰ ਗ੍ਰਾਫਰ ਅਤੇ ਸੁਰੱਖਿਆ ਕਰਮਚਾਰੀ ਆਦਿ। ਜਿੰਨ੍ਹਾਂ ਦੀ ਅਹੁੱਦੇ ਮੁਤਾਬਿਕ ਸਿੱਖਿਆ ਅਤੇ ਉਮਰ ਹੱਦ ਸੁਨਿਸ਼ਚਿਤ ਕੀਤੀ ਗਈ ਹੈ ਜਿਵੇਂ ਮਕੈਨਿਕ ਦੀ ਭਰਤੀ ਜਾਂ ਕੰਪਿਊਟਰ ਕਰਮਚਾਰੀ ਦੇ ਅਹੁੱਦੇ ਲਈ ਆਈ.ਟੀ.ਆਈ. ਕੋਰਸ ਤੋਂ ਮਗਰੋਂ ਡਿਪਲੋਮਾ ਜਾਂ ਡਿਗਰੀ ਕੀਤੀ ਹੋਣੀ ਜ਼ਰੂਰੀ ਹੈ। ਇਸੇ ਤਰ੍ਹਾਂ ਸੁਰੱਖਿਆ ਗਾਰਡ ਦਾ ਦਸਵੀਂ ਪਾਸ ਹੋਣਾਂ ਅਤੇ 18 ਤੋਂ 45 ਸਾਲ ਦੀ ਉਮਰ ਦੇ ਦਰਮਿਆਨ ਹੋਣਾ ਲਾਜ਼ਮੀ ਹੈ। ਇਨ੍ਹਾਂ ਅਹੁੱਦਿਆਂ ਲਈ ਆਨ ਲਾਈਨ ਅਪਲਾਈ ਕਰਨ ਮਗਰੋਂ ਲਿਖਤੀ ਟੈਸਟ ਵੀ ਲਿਆ ਜਾਂਦਾ ਹੈ। ਮਕੈਨੀਕਲ ਇੰਜੀਨੀਅਰਿੰਗ ਕਰਨ ਵਾਲੇ ਉਮੀਦਵਾਰਾਂ ਨੂੰ ਆਟੋ ਕੈਡ, ਕੇਟੀਆ, ਯੂਨੀਗ੍ਰਾਫਿਕਸ ਆਦਿ ਸਾਫ਼ਟਵੇਅਰਾਂ ਬਾਰੇ ਜਾਣਦੇ ਹੋਣਾ ਬੜਾ ਜ਼ਰੂਰੀ ਹੈ।


Vandana

Content Editor

Related News