ਹਮੇਸ਼ਾ ਰਹੇਗੀ ਖਿੜੀ-ਖਿੜੀ ਸਕਿਨ, ਸੌਣ ਤੋਂ ਪਹਿਲਾਂ ਅਜ਼ਮਾਓ ਇਹ 5 ਬਿਊਟੀ ਟਿਪਸ

Thursday, Apr 08, 2021 - 04:45 PM (IST)

ਹਮੇਸ਼ਾ ਰਹੇਗੀ ਖਿੜੀ-ਖਿੜੀ ਸਕਿਨ, ਸੌਣ ਤੋਂ ਪਹਿਲਾਂ ਅਜ਼ਮਾਓ ਇਹ 5 ਬਿਊਟੀ ਟਿਪਸ

ਜਲੰਧਰ : ਸੌਣ ਤੋਂ ਪਹਿਲਾਂ ਕਈ ਲੋਕ ਥਕਾਵਟ ਕਾਰਨ ਆਪਣੀ ਸਕਿਨ ਲਈ ਕੁਝ ਨਹੀਂ ਕਰਦੇ ਪਰ ਜੇ ਇਸ ਆਦਤ ਨੂੰ ਥੋੜ੍ਹਾ ਜਿਹਾ ਬਦਲ ਲੈਣ ਤਾਂ ਇਸ ਨਾਲ ਬਹੁਤ ਫਾਇਦਾ ਹੋ ਸਕਦਾ ਹੈ। ਦਿਨ ਵੇਲੇ ਭੱਜ-ਦੌੜ ਕਾਰਨ ਸਕਿਨ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਜਾ ਸਕਦਾ ਪਰ ਜੇ ਰਾਤ ਨੂੰ ਸੌਂਦੇ ਸਮੇਂ ਹੀ ਇਸ ਵੱਲ ਧਿਆਨ ਦਿੱਤਾ ਜਾਵੇ ਤਾਂ ਕਾਫ਼ੀ ਕੁਝ ਹੋ ਸਕਦਾ ਹੈ। ਹੁਣ ਗਲੋਇੰਗ ਸਕਿਨ ਲਈ ਇੰਨਾ ਤਾਂ ਕੀਤਾ ਹੀ ਸਕਦਾ ਹੈ।
ਕੁਝ ਬੀਬੀਆਂ ਦਿਨ ਵੇਲੇ ਤਾਂ ਆਪਣੀ ਸਕਿਨ ਦੀ ਦੇਖਭਾਲ ਸਹੀ ਤਰ੍ਹਾਂ ਨਾਲ ਕਰਦੀਆਂ ਪਰ ਰਾਤ ਵੇਲੇ ਸਰੀਰਕ ਥਕਾਵਟ ਕਾਰਨ ਉਸ ਨੂੰ ਅਣਦੇਖਿਆ ਕਰ ਕੇ ਸੌਂ ਜਾਂਦੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਰਾਤ ਵੇਲੇ ਜਦੋਂ ਅਸੀਂ ਸੌਂ ਰਹੇ ਹੁੰਦੇ ਹਾਂ ਤਾਂ ਵੀ ਸਾਰੇ ਸਰੀਰਕ ਅੰਗ ਆਪਣਾ ਕੰਮ ਸੁਚਾਰੂ ਰੂਪ ’ਚ ਕਰ ਰਹੇ ਹੁੰਦੇ ਹਨ, ਜਿਸ ਨਾਲ ਤੁਸੀਂ ਸਵੇਰੇ ਉੱਠ ਕੇ ਆਪਣੇ ਆਪ ’ਚ ਫ੍ਰੈੱਸ਼ ਜਿਹਾ ਮਹਿਸੂਸ ਕਰ ਸਕੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਸਕਿਨ ਹਮੇਸ਼ਾ ਗਲੋਅ ਕਰੇ ਅਤੇ ਸਕਿਨ ਨਾਲ ਜੁੜੀਆਂ ਪ੍ਰੇਸ਼ਾਨੀਆਂ ਤੋਂ ਹਮੇਸ਼ਾ ਦੂਰ ਰਹੋ ਤਾਂ ਤੁਹਾਨੂੰ ਬਿਸਤਰ ’ਤੇ ਜਾਣ ਤੋਂ ਪਹਿਲਾਂ ਇਹ 5 ਕੰਮ ਕਰਨੇ ਹੋਣਗੇ।

ਪਾਣੀ ਨਾਲ ਚਿਹਰੇ ਨੂੰ ਧੋਣਾ ਨਾ ਭੁੱਲੋ
ਸਕਿਨ ਦੀ ਉਚਿਤ ਦੇਖਭਾਲ ਲਈ ਜਾਂ ਇਹ ਕਹੋ ਕਿ ਉਸ ਦੇ ਸਹੀ ਆਰਾਮ ਲਈ ਸਾਨੂੰ ਕੁਝ ਚੀਜ਼ਾਂ ਨੂੰ ਕਰਨ ਦੀ ਕਾਫ਼ੀ ਲੋੜ ਹੁੰਦੀ ਹੈ, ਜਿਸ ਨਾਲ ਸਾਡੀ ਸਕਿਨ ਸੁੰਦਰ, ਮੁਲਾਇਮ ਅਤੇ ਚਮਕਦਾਰ ਬਣ ਸਕਦੀ ਹੈ। ਸਕਿਨ ਦੀ ਦੇਖਭਾਲ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਕੁਝ ਗੱਲਾਂ ਨੂੰ ਅਪਣਾਉਣਾ ਜ਼ਰੂਰੀ ਹੁੰਦਾ ਹੈ ਤੇ ਉਸ ’ਚ ਸਭ ਤੋਂ ਪਹਿਲਾਂ ਆਉਂਦਾ ਹੈ, ਸਾਫ ਪਾਣੀ ਨਾਲ ਚਿਹਰੇ ਨੂੰ ਧੋਣਾ। ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਨੂੰ ਸਾਫ ਪਾਣੀ ਨਾਲ ਧੋਣਾ ਚਾਹੀਦਾ ਹੈ। ਸਕਿਨ ਦੀਆਂ ਅਸ਼ੁੱਧੀਆਂ ਨੂੰ ਦੂਰ ਕਰਨ ਲਈ ਪਾਣੀ ਕਾਫੀ ਜ਼ਰੂਰੀ ਹੁੰਦਾ ਹੈ। ਇਸ ਦੇ ਲਈ ਤੁਸੀਂ ਹਮੇਸ਼ਾ ਰਾਤ ਨੂੰ ਸੌਣ ਤੋਂ ਪਹਿਲਾਂ ਠੰਡੇ ਅਤੇ ਸਾਫ ਪਾਣੀ ਨਾਲ ਆਪਣੀ ਸਕਿਨ ਨੂੰ ਸਾਫ ਕਰ ਕੇ ਹੀ ਬਿਸਤਰ ’ਤੇ ਸੌਣ ਲਈ ਜਾਓ।

PunjabKesari

ਅੱਖਾਂ ਦਾ ਰੱਖੋ ਖਾਸ ਧਿਆਨ
ਰਾਤ ਨੂੰ ਸੌਣ ਤੋਂ ਪਹਿਲਾਂ ਅੱਖਾਂ ਦੇ ਉਪਰ ਕ੍ਰੀਮ ਅਤੇ ਡ੍ਰਾਪ ਪਾਉਣਾ ਨਾ ਭੁੱਲੋ। ਅੱਖਾਂ ਦੀ ਸਤ੍ਹਾ ਦਾ ਹਿੱਸਾ ਸਭ ਤੋਂ ਕੋਮਲ ਹੁੰਦਾ ਹੈ, ਇਸ ਲਈ ਇਸ ਦੀ ਜ਼ਿਆਦਾ ਦੇਖਭਾਲ ਕਰਨ ਦੀ ਲੋੜ ਜ਼ਿਆਦਾ ਹੁੰਦੀ ਹੈ। ਅੱਖਾਂ ਦੇ ਨੇੜਲੀ ਸਕਿਨ ’ਤੇ ਹੋ ਰਹੇ ਕਾਲੇ ਦਾਗ਼ਾਂ ਨੂੰ ਦੂਰ ਕਰਨ ਦੇ ਨਾਲ ਹੀ ਝੁਰੜੀਆਂ ਨੂੰ ਦੂਰ ਕਰਨ ਲਈ ਅੱਖਾਂ ਦੀ ਕ੍ਰੀ੍ਮ ਦੀ ਵਰਤੋਂ ਕਰਨੀ ਕਾਫ਼ੀ ਜ਼ਰੂਰੀ ਹੈ। ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਅੱਖਾਂ ਦੇ ਹੇਠਾਂ ਕ੍ਰੀਮ ਲਾਉਣਾ ਨਾ ਭੁੱਲੋ ਅਤੇ ਨਾਲ ਹੀ ਤੁਸੀਂ ਅੱਖਾਂ ’ਚ ਡ੍ਰਾਪ ਪਾਉਣਾ ਵੀ ਨਾ ਭੁੱਲੋ। ਇਸ ਨਾਲ ਤੁਹਾਡੇ ਪੂਰੇ ਦਿਨ ਦੀ ਥਕਾਵਟ ਦੂਰ ਹੋ ਜਾਵੇਗੀ।

PunjabKesari

ਹਰਬਲ ਫੇਸ ਮਾਸਕ ਦੀ ਕਰੋ ਵਰਤੋਂ
ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ’ਤੇ ਲਾਉਣ ਵਾਲਾ ਹਰਬਲ ਫੇਸ ਮਾਸਕ ਸਕਿਨ ਨੂੰ ਸਿਹਤਮੰਦ ਅਤੇ ਪੋਸ਼ਕ ਰੱਖਣ ਦਾ ਸਭ ਤੋਂ ਸ਼ਾਨਦਾਰ ਤਰੀਕਾ ਹੈ। ਇਸ ਦੀ ਵਰਤੋਂ ਕਰਨ ਨਾਲ ਸਕਿਨ ’ਚ ਗੁਆਚੇ ਹੋਏ ਪੋਸ਼ਕ ਤੱਤਾਂ ਤੋਂ ਇਲਾਵਾ ਨਮੀ ਦੀ ਘਾਟ ਵੀ ਦੂਰ ਹੋ ਜਾਂਦੀ ਹੈ, ਜੋ ਤੁਹਾਡੀ ਸਕਿਨ ਲਈ ਹਰ ਤਰ੍ਹਾਂ ਲਾਹੇਵੰਦ ਹੈ। ਗਰਮੀਆਂ ਦੇ ਦਿਨਾਂ ’ਚ ਤੁਸੀਂ ਮੁਲਤਾਨੀ, ਖੀਰੇ ਜਾਂ ਚੰਦਨ ਦਾ ਪਾਊਡਰ ਲਾ ਸਕਦੇ ਹੋ।

PunjabKesari

ਸਕਿਨ ਨੂੰ ਕਰੋ ਮੁਆਇਸਚਰਾਈਜ਼
ਖੁਸ਼ਕ ਸਕਿਨ ’ਚ ਮੁੜ ਨਮੀ ਲਿਆਉਣ ਲਈ ਤੁਸੀਂ ਨਾ ਸਿਰਫ ਚਿਹਰੇ ’ਤੇ ਬਲਕਿ ਪੂਰੇ ਸਰੀਰ ’ਤੇ ਕ੍ਰੀਮ, ਲੋਸ਼ਨ ਜਾਂ ਨਾਰੀਅਲ ਤੇਲ ਦੀ ਵਰਤੋਂ ਕਰ ਕੇ ਸਕਿਨ ’ਤੇ ਨਮੀ ਲਿਆ ਸਕਦੇ ਹੋ। ਇਸ ਨੂੰ ਲਾ ਕੇ ਸੌਣ ਨਾਲ ਤੁਹਾਡੀ ਸਕਿਨ ’ਚ ਨਮੀ ਬਣੀ ਰਹੇਗੀ ਅਤੇ ਸਮੇਂ ਤੋਂ ਪਹਿਲਾਂ ਹੋ ਰਹੀਆਂ ਝੁਰੜੀਆਂ ਵੀ ਠੀਕ ਹੋ ਜਾਣਗੀਆਂ।

PunjabKesari

ਵਾਲਾਂ ਦੀ ਕਰੋ ਮਾਲਿਸ਼
ਸਕਿਨ ਦੇ ਨਾਲ-ਨਾਲ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਵਾਲਾਂ ਦੀ ਵੀ ਮਸਾਜ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਡੀ ਪੂਰੇ ਦਿਨ ਦੀ ਥਕਾਵਟ ਦੂਰ ਹੋ ਜਾਵੇਗੀ ਤੇ ਤੁਸੀਂ ਗੂੜ੍ਹੀ ਨੀਂਦ ਸੌਂ ਸਕੋਗੇ। ਗੂੜ੍ਹੀ ਨੀਂਦ ਸੌਣ ਕਾਰਨ ਤੁਹਾਡੀ ਸਕਿਨ ਗਲੋਅ ਕਰਨ ਲੱਗੇਗੀ।


author

Anuradha

Content Editor

Related News