ਦਿਮਾਗੀ ਬੀਮਾਰੀਆਂ ਅਤੇ ਉਨ੍ਹਾਂ ਦਾ ਇਲਾਜ
Thursday, May 28, 2020 - 01:50 PM (IST)

ਡਾਕਟਰ ਅਰਵਿੰਦਰ ਸਿੰਘ ਨਾਗਪਾਲ
9815177324
ਆਧੁਨਿਕ ਸਮਾਜ ਵਿੱਚ ਦਿਮਾਗੀ ਬੀਮਾਰੀਆਂ ਬਾਰੇ ਜਾਣਕਾਰੀ ਲੈਣ ਅਤੇ ਇਲਾਜ ਕਰਵਾਉਣ ਵਿੱਚ ਉਨ੍ਹੀਂ ਝਿਜਕ ਨਹੀਂ ਹੈ, ਜਿੰਨੀ ਪਿਛਲੇ ਦਹਾਕਿਆਂ ਵਿਚ ਸੀ। ਓਦੋਂ ਲੋਕ ਅਜਿਹੀ ਹਾਲਤ ਨੂੰ ਆਪਣਿਆਂ ਤੋਂ ਅਤੇ ਜਾਣਕਾਰਾਂ ਤੋਂ ਛੁਪਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਸਨ। ਇਸ ਕਾਰਨ ਬੀਮਾਰੀ ਦੇ ਵਧਣ ਜਾਂ ਜਾਨ ਤੋਂ ਹੱਥ ਧੋ ਬੈਠਣ ਤੱਕ ਦਾ ਖਤਰਾ ਵਧ ਜਾਂਦਾ ਸੀ। ਮੈਂ ਇਕ ਡਾਕਟਰ ਹੋਣ ਦੇ ਨਾਤੇ ਸਮਾਜ ਵਿਚ ਆ ਰਹੀ ਇਸ ਤਬਦੀਲੀ ਤੋਂ ਖੁਸ਼ ਹਾਂ। ਮੀਡੀਆ ਵਿੱਚ ਵੀ ਚਾਹੇ ਉਹ ਪ੍ਰਿਟ ਹੋਵੇ ਜਾਂ ਇਲੈਕਟ੍ਰਾਨਿਕ ਜਾਂ ਸੋਸ਼ਲ ,ਹਰ ਜਗ੍ਹਾ ਇਸ ਦਾ ਚਰਚਾ ਹੋ ਰਿਹਾ ਹੈ। ਹੁਣ ਇਸ ਨੂੰ ਛੁਪਾਉਣ ਦੀ ਲੋੜ ਨਹੀਂ ਸਮਝੀ ਜਾ ਰਹੀ। ਇਹ ਕੋਈ ਦਾਗ਼ ਨਹੀਂ ਸਮਝਿਆ ਜਾਂਦਾ ।
ਕੋਰੋਨਾ ਕਾਲ ਅਤੇ ਇਸਦੇ ਨਾਲ ਪੈਦਾ ਹੋਏ ਡਰ ਦੇ ਮਾਹੌਲ ਕਾਰਨ ਲੋਕ ਦਿਮਾਗੀ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਪਰ ਇਸ ਸਭ ਬਾਰੇ ਮੇਰੀ ਇਕ ਵੱਖਰੀ ਰਾਏ ਹੈ। ਨੌਜਵਾਨ ਪੀੜ੍ਹੀ ਵਿਚ ਇਹ ਇਕ ਫੈਸ਼ਨ ਸਟੇਟਮੈਂਟ ਬਣਦੀ ਜਾ ਰਹੀ ਹੈ ਕਿ ਮੈਨੂੰ ਡਿਪਰੈਸ਼ਨ ਹੈ ਜਾਂ ਕੋਈ ਹੋਰ ਦਿਮਾਗੀ ਬੀਮਾਰੀ । ਜਦੋਂ ਤੋਂ ਫ਼ਿਲਮੀ ਸਿਤਾਰਿਆਂ ਨੇ ਸਾਹਮਣੇ ਆ ਕੇ ਇਸ ਦਾ ਖੁਲਾਸਾ ਕਰਨਾ ਸ਼ੁਰੂ ਕੀਤਾ ਹੈ, ਇਹ ਫੈਸ਼ਨ ਹੋਰ ਵੀ ਵਧ ਗਿਆ ਹੈ। ਇਹ ਹੋ ਸਕਦਾ ਹੈ ਕਿ ਦੁਨੀਆਂ ਦੀ ਦੌੜ ਕਰਕੇ ਇਸ ਪਦਾਰਥਵਾਦੀ ਦੁਨੀਆਂ ਵਿੱਚ ਅੱਜ-ਕੱਲ੍ਹ ਨੌਜਵਾਨਾਂ ਨੂੰ ਵਧੇਰੇ ਮੁਕਾਬਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਹ ਵੀ ਹੋ ਸਕਦਾ ਹੈ ਕਿ ਪੱਛਮੀ ਸੋਚ ਦਾ ਪਿੱਛਾ ਕਰਦੇ ਹੋਏ ਉਹ ਇਸ ਤੋਂ ਪ੍ਰਭਾਵਤ ਹੋ ਰਹੇ ਹੋਣ।
ਪੱਛਮ ਦੇ ਵਾਸੀ ਹਰ ਛੋਟੀ ਵੱਡੀ ਚਿੰਤਾ ਲਈ ਆਪਣੇ ਮਨੋ ਰੋਗੀ ਡਾਕਟਰ ਕੋਲੋਂ ਸਲਾਹ ਲੈਂਦੇ ਹਨ। ਉਨ੍ਹਾਂ ਦੀਆਂ ਫਿਲਮਾਂ ਅਤੇ ਟੀ.ਵੀ. ਸੀਰੀਅਲਾਂ ਨੂੰ ਵੇਖ ਕੇ ਇਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਸਾਡੀ ਭਾਰਤੀ ਸੰਸ੍ਰਕਿਤੀ ਇਸ ਤੋਂ ਵੱਖਰੀ ਹੈ। ਸਾਡੇ ਕੋਲ ਸਾਡੇ ਪਰਿਵਾਰ ਦਾ ਸਹਿਯੋਗ ਹੁੰਦਾ ਹੈ। ਉਹ ਅਜਿਹੀ ਹਾਲਤ ਵਿੱਚ ਸਾਨੂੰ ਸਲਾਹ ਵੀ ਦੇ ਸਕਦੇ ਹਨ ਅਤੇ ਮਾੜੇ ਦਿਨਾਂ ਵਿਚ ਸਾਡੀ ਮਦਦ ਵੀ ਕਰ ਸਕਦੇ ਹਨ। ਗੱਲਬਾਤ ਕਰਕੇ ਸਾਰੀਆਂ ਚਿੰਤਾਵਾਂ ਅਤੇ ਮੁਸੀਬਤਾਂ ਦਾ ਹਲ ਵੀ ਕੱਢ ਸਕਦੇ ਹਨ। ਸਾਡਾ ਧਰਮ ਵੀ ਸਾਨੂੰ ਆਤਮ ਚਿੰਤਨ ਕਰਨਾ ਸਿਖਾਉਂਦਾ ਹੈ।
ਅੱਜਕਲ ਦੀ ਨੌਜਵਾਨ ਪੀੜ੍ਹੀ ਪਰਿਵਾਰ ਅਤੇ ਸਮਾਜ ਦੀ ਮਦਦ ਲੈਣ ਦੀ ਥਾਂ ਮਨੋਰੋਗੀ ਚਿਕਿਤਸਕ ਜਾਂ ਸਲਾਹਕਾਰ ਦੀ ਮਦਦ ਲੈਣਾ ਬਿਹਤਰ ਸਮਝਦੇ ਹਨ। ਪਹਿਲੀ ਗੱਲ ਤਾਂ ਇਹ ਹੈ 135 ਕਰੋੜ ਭਾਰਤ ਵਾਸੀਆਂ ਨੂੰ ਸਲਾਹ ਦੇਣ ਲਈ ਉਨ੍ਹੇ ਮਨੋਰੋਗ ਚਕਿਤਸਕ ਸਾਡੇ ਕੋਲ ਨਹੀਂ ਹਨ, ਜਿੰਨੇ ਹਨ ਉਹ ਵੀ ਇਸ ਦਾ ਸੰਪੂਰਨ ਇਲਾਜ ਨਹੀਂ ਕਰ ਸਕਦੇ। ਜ਼ਿੰਦਗੀ ਵਿਚ ਉਤਾਰ ਚੜ੍ਹਾਅ ਚੱਲਦੇ ਹੀ ਰਹਿੰਦੇ ਹਨ। ਇਕ ਕਾਮਯਾਬ ਵਿਅਕਤੀ ਗਲਤੀਆਂ ਤੋਂ ਸਿੱਖਦਾ ਹੈ, ਉੱਠਦਾ ਹੈ ਤੇ ਅੱਗੇ ਵਧ ਜਾਂਦਾ ਹੈ। ਪਰਿਵਾਰ, ਦੋਸਤ ਅਤੇ ਸਮਾਜ ਉਸਦੀ ਇਸ ਵਿਚ ਮਦਦ ਕਰਦੇ ਹਨ।
ਇਹ ਚੰਗੀ ਗੱਲ ਹੈ ਕਿ ਅਜਿਹੇ ਵਿਸ਼ਿਆਂ ’ਤੇ ਸਮਾਜ ਵਿੱਚ ਖੁੱਲ੍ਹੀ ਚਰਚਾ ਹੋ ਰਹੀ ਹੈ। ਇਨ੍ਹਾਂ ਬੀਮਾਰੀਆਂ ’ਤੇ ਪੂਰੀ ਪਕੜ ਪਾਉਣ ਲਈ ਸਾਨੂੰ ਸਾਡੇ ਪਰਿਵਾਰ ਅਤੇ ਸਮਾਜ ਦੀ ਸ਼ਕਤੀ ਦੀ ਮਦਦ ਲੈਣੀ ਚਾਹੀਦੀ ਹੈ। ਕੋਈ ਵੀ ਬਾਹਰੀ ਵਿਅਕਤੀ ਤੁਹਾਨੂੰ ਇਸ ਤਰ੍ਹਾਂ ਦੀ ਮਦਦ ਨਹੀਂ ਦੇ ਸਕਦਾ।