ਟਮਾਟਰਾਂ ਦੀ ਅਜਿਹੀ ਚਟਣੀ ਜਿਸ ਦੇ ਅੱਗੇ ਸਾਰੀਆਂ ਸਬਜ਼ੀਆਂ ਫੇਲ੍ਹ! ਜਾਣੋ ਤਰੀਕਾ

Thursday, Apr 09, 2026 - 01:13 PM (IST)

ਟਮਾਟਰਾਂ ਦੀ ਅਜਿਹੀ ਚਟਣੀ ਜਿਸ ਦੇ ਅੱਗੇ ਸਾਰੀਆਂ ਸਬਜ਼ੀਆਂ ਫੇਲ੍ਹ! ਜਾਣੋ ਤਰੀਕਾ

ਵੈੱਬ ਡੈਸਕ - ਜੇਕਰ ਤੁਸੀਂ ਰੋਜ਼ਾਨਾ ਉਹੀ ਸਬਜ਼ੀਆਂ ਖਾ ਕੇ ਬੋਰ ਹੋ ਚੁੱਕੇ ਹੋ ਅਤੇ ਖਾਣੇ 'ਚ ਕੁਝ ਤਿੱਖਾ ਅਤੇ ਚਟਪਟਾ ਸ਼ਾਮਲ ਕਰਨਾ ਚਾਹੁੰਦੇ ਹੋ, ਤਾਂ ਟਮਾਟਰ ਦੀ ਇਹ ਖਾਸ ਚਟਣੀ ਤੁਹਾਡੇ ਲਈ ਇਕ ਵਧੀਆ ਆਪਸ਼ਨ ਸਾਬਤ ਹੋ ਸਕਦੀ ਹੈ। ਇਸ ਚਟਣੀ ਦਾ ਸੁਆਦ ਇੰਨਾ ਲਾਜਵਾਬ ਹੁੰਦਾ ਹੈ ਕਿ ਇਸ ਦੇ ਸਾਹਮਣੇ ਪਨੀਰ ਦਾ ਸੁਆਦ ਵੀ ਫਿੱਕਾ ਲੱਗਣ ਲੱਗਦਾ ਹੈ। ਇਹ ਬਣਾਉਣ 'ਚ ਬਹੁਤ ਆਸਾਨ ਹੈ ਅਤੇ ਤੁਸੀਂ ਇਸ ਨੂੰ ਪਰਾਂਠੇ ਜਾਂ ਚੌਲਾਂ ਨਾਲ ਖਾ ਸਕਦੇ ਹੋ।

ਜ਼ਰੂਰੀ ਸਮੱਗਰੀ ਅਤੇ ਬਣਾਉਣ ਦਾ ਤਰੀਕਾ :-

ਭੁੰਨਣ ਦੀ ਪ੍ਰਕਿਰਿਆ
- ਸਭ ਤੋਂ ਪਹਿਲਾਂ ਇਕ ਪੈਨ 'ਚ 1-2 ਚਮਚ ਤੇਲ ਪਾਓ ਅਤੇ 3 ਟਮਾਟਰਾਂ ਨੂੰ ਵਿਚਕਾਰੋਂ ਕੱਟ ਕੇ ਪੈਨ 'ਚ ਰੱਖ ਦਿਓ। ਇਸ ਦੇ ਨਾਲ ਹੀ 10-12 ਲਸਣ ਦੀਆਂ ਕਲੀਆਂ ਵੀ ਪਾ ਦਿਓ। ਜਦੋਂ ਟਮਾਟਰ ਇਕ ਪਾਸਿਓਂ ਹਲਕੇ ਭੁੰਨ ਜਾਣ ਤਾਂ ਇਨ੍ਹਾਂ ਨੂੰ ਪਲਟ ਦਿਓ ਅਤੇ ਗੈਸ ਘੱਟ ਕਰਕੇ ਢੱਕ ਦਿਓ। 4-5 ਮਿੰਟ ਪਕਾਉਣ ਤੋਂ ਬਾਅਦ ਜਦੋਂ ਟਮਾਟਰ ਦਾ ਛਿਲਕਾ ਉਤਰਨ ਲੱਗੇ ਤਾਂ ਗੈਸ ਬੰਦ ਕਰ ਦਿਓ।

ਮੈਸ਼ ਕਰਨਾ ਅਤੇ ਹੋਰ ਸਮੱਗਰੀ
- ਹੁਣ ਟਮਾਟਰਾਂ ਦਾ ਛਿਲਕਾ ਉਤਾਰ ਕੇ ਸਾਰੀਆਂ ਚੀਜ਼ਾਂ ਨੂੰ ਇਕ ਬਾਊਲ 'ਚ ਪਾ ਕੇ ਮੈਸ਼ਰ ਦੀ ਮਦਦ ਨਾਲ ਚੰਗੀ ਤਰ੍ਹਾਂ ਮੈਸ਼ ਕਰ ਲਓ। ਇਸ 'ਚ ਇਕ ਬਾਰੀਕ ਕੱਟਿਆ ਹੋਇਆ ਪਿਆਜ਼, 4-5 ਬਾਰੀਕ ਕੱਟੀਆਂ ਹਰੀਆਂ ਮਿਰਚਾਂ ਅਤੇ ਬਾਰੀਕ ਕੱਟਿਆ ਹਰਾ ਧਨੀਆ ਮਿਲਾਓ।

ਮਸਾਲੇ ਅਤੇ ਫਿਨਿਸ਼ਿੰਗ
- ਚਟਣੀ 'ਚ ਵਧੀਆ ਰੰਗ ਲਈ 1 ਵੱਡਾ ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ, ਸੁਆਦ ਅਨੁਸਾਰ ਕਾਲਾ ਅਤੇ ਚਿੱਟਾ ਨਮਕ ਪਾਓ। ਅਖੀਰ 'ਚ ਇਕ ਨਿੰਬੂ ਦਾ ਰਸ ਨਿਚੋੜ ਕੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਦਿਓ।

ਖਾਸ ਸੁਝਾਅ :-
ਇਸ ਚਟਣੀ ਨੂੰ ਬਣਾਉਣ ਤੋਂ 2-3 ਘੰਟੇ ਬਾਅਦ ਜਾਂ ਅਗਲੇ ਦਿਨ ਖਾਣ ਨਾਲ ਇਸ ਦਾ ਸੁਆਦ ਹੋਰ ਵੀ ਵੱਧ ਜਾਂਦਾ ਹੈ। ਤੁਸੀਂ ਇਸ ਨੂੰ 1-2 ਦਿਨਾਂ ਲਈ ਫਰਿੱਜ 'ਚ ਸਟੋਰ ਕਰਕੇ ਵੀ ਰੱਖ ਸਕਦੇ ਹੋ। ਜੇਕਰ ਘਰ 'ਚ ਮਹਿਮਾਨ ਆਉਣ ਤਾਂ ਤੁਸੀਂ ਉਨ੍ਹਾਂ ਨੂੰ ਵੀ ਇਹ ਚਟਣੀ ਬਣਾ ਕੇ ਖੁਆ ਸਕਦੇ ਹੋ।


author

Sunaina

Content Editor

Related News