ਘਰ ''ਚ ਆਸਾਨ ਤਰੀਕੇ ਨਾਲ ਬਣਾਓ ਅੰਬ ਦਾ ਆਚਾਰ, ਜਾਣੋ ਸਮੱਗਰੀ
Tuesday, Apr 14, 2026 - 12:57 PM (IST)
ਵੈੱਬ ਡੈਸਕ - ਗਰਮੀਆਂ ਦਾ ਮੌਸਮ ਆਉਂਦੇ ਹੀ ਹਰ ਘਰ 'ਚ ਅੰਬ ਦੇ ਆਚਾਰ ਦੀ ਖੁਸ਼ਬੂ ਆਉਣੀ ਸ਼ੁਰੂ ਹੋ ਜਾਂਦੀ ਹੈ ਪਰ ਅਕਸਰ ਸ਼ਿਕਾਇਤ ਰਹਿੰਦੀ ਹੈ ਕਿ ਆਚਾਰ ਜਲਦੀ ਖ਼ਰਾਬ ਹੋ ਜਾਂਦਾ ਹੈ ਜਾਂ ਉਹ ਸੁਆਦ ਨਹੀਂ ਬਣਦਾ। ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ 'ਸੀਕਰੇਟ ਤਰੀਕਾ' ਜਿਸ ਨਾਲ ਤੁਹਾਡਾ ਆਚਾਰ ਸਾਲਾਂ-ਸਾਲ ਤਾਜ਼ਾ ਅਤੇ ਸੁਆਦੀ ਰਹੇਗਾ।
ਜ਼ਰੂਰੀ ਸਮੱਗਰੀ :-
ਕੱਚੇ ਅੰਬ (ਰਾਮਕੇਲਾ ਅੰਬ ਸਭ ਤੋਂ ਵਧੀਆ) - 2 ਕਿੱਲੋ
ਸਰ੍ਹੋਂ ਦਾ ਤੇਲ - 500 ਮਿ.ਲੀ.
ਸੌਂਫ, ਮੇਥੀ ਦਾਣਾ, ਕਲੌਂਜੀ - 50-50 ਗ੍ਰਾਮ
ਹਲਦੀ, ਲਾਲ ਮਿਰਚ, ਨਮਕ - ਸਵਾਦ ਅਨੁਸਾਰ
ਹਿੰਗ - 1 ਚਮਚ
ਬਣਾਉਣ ਦਾ ਸਹੀ ਤਰੀਕਾ :-
ਅੰਬਾਂ ਦੀ ਸਫਾਈ
- ਸਭ ਤੋਂ ਪਹਿਲਾਂ ਅੰਬਾਂ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਲਓ। ਯਾਦ ਰੱਖੋ, ਅੰਬਾਂ 'ਚ ਥੋੜ੍ਹੀ ਵੀ ਨਮੀ (ਪਾਣੀ) ਨਹੀਂ ਹੋਣੀ ਚਾਹੀਦੀ, ਨਹੀਂ ਤਾਂ ਆਚਾਰ ਜਲਦੀ ਖ਼ਰਾਬ ਹੋ ਜਾਵੇਗਾ।
ਧੁੱਪ ਲਗਵਾਉਣਾ
- ਅੰਬਾਂ ਨੂੰ ਛੋਟੇ ਟੁਕੜਿਆਂ 'ਚ ਕੱਟ ਕੇ 4-5 ਘੰਟੇ ਲਈ ਧੁੱਪ 'ਚ ਸੁਕਾਓ ਤਾਂ ਜੋ ਵਾਧੂ ਪਾਣੀ ਨਿਕਲ ਜਾਵੇ।
ਮਸਾਲੇ ਤਿਆਰ ਕਰਨਾ
- ਸੌਂਫ ਅਤੇ ਮੇਥੀ ਦਾਣੇ ਨੂੰ ਹਲਕਾ ਜਿਹਾ ਭੁੰਨ ਕੇ ਦਰੜਾ (ਕੁੱਟ) ਲਓ। ਹੁਣ ਇਸ 'ਚ ਹਲਦੀ, ਮਿਰਚ, ਨਮਕ, ਕਲੌਂਜੀ ਅਤੇ ਹਿੰਗ ਮਿਲਾਓ।
ਤੇਲ ਦਾ ਜਾਦੂ
- ਸਰ੍ਹੋਂ ਦੇ ਤੇਲ ਨੂੰ ਪਹਿਲਾਂ ਚੰਗੀ ਤਰ੍ਹਾਂ ਗਰਮ ਕਰੋ ਅਤੇ ਫਿਰ ਠੰਢਾ ਹੋਣ ਦਿਓ। ਠੰਢੇ ਤੇਲ 'ਚ ਮਸਾਲੇ ਮਿਲਾ ਕੇ ਅੰਬਾਂ ਦੇ ਟੁਕੜਿਆਂ 'ਤੇ ਚੰਗੀ ਤਰ੍ਹਾਂ ਲਗਾਓ।
ਸੰਭਾਲਣ ਦਾ ਤਰੀਕਾ
- ਆਚਾਰ ਨੂੰ ਕੱਚ ਦੇ ਮਰਤਬਾਨ 'ਚ ਪਾਓ। ਉੱਪਰ ਤੱਕ ਤੇਲ ਪਾ ਕੇ ਰੱਖੋ ਤਾਂ ਜੋ ਅੰਬ ਤੇਲ 'ਚ ਡੁੱਬੇ ਰਹਿਣ।
ਆਚਾਰ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਖ਼ਾਸ ਟਿਪਸ :-
- ਕਦੇ ਵੀ ਗਿੱਲੇ ਚਮਚ ਦੀ ਵਰਤੋਂ ਨਾ ਕਰੋ।
- ਆਚਾਰ ਨੂੰ ਹਮੇਸ਼ਾ ਕੱਚ ਜਾਂ ਚੀਨੀ ਮਿੱਟੀ ਦੇ ਬਰਤਨ 'ਚ ਹੀ ਰੱਖੋ।
- ਸਰ੍ਹੋਂ ਦੇ ਤੇਲ ਦੀ ਮਾਤਰਾ ਵਧੀਆ ਰੱਖੋ, ਇਹ ਕੁਦਰਤੀ ਰੱਖਿਅਕ (Preservative) ਦਾ ਕੰਮ ਕਰਦਾ ਹੈ।
