ਇਨ੍ਹਾਂ ਤਰੀਕਿਆਂ ਨਾਲ ਬੱਚੇ ਦੀ ਚੋਰੀ ਕਰਨ ਦੀ ਆਦਤ ਛੁਡਵਾਓ

06/10/2017 5:57:30 PM

ਨਵੀਂ ਦਿੱਲੀ— ਇਹ ਇਕ ਸਧਾਰਨ ਗੱਲ ਹੈ ਕਿ ਤੁਹਾਡਾ ਬੱਚਾ ਕਿਸੇ ਹੋਰ ਦਾ ਖਿਡੌਣਾ ਘਰ ਲੈ ਆਵੇ। ਉਸ ਨੂੰ ਪਤਾ ਨਹੀਂ ਕਿ ਚੋਰੀ ਕੀ ਹੈ ਅਤੇ ਇਸ 'ਚ ਗਲਤ ਕੀ ਹੈ? ਉਸ ਲਈ ਇਹ ਸਭ ਕੁਝ ਇਸ ਤਰ੍ਹਾਂ ਹੈ ਜਿਵੇਂ ਜਿਸ ਚੀਜ਼ ਦਾ ਮਨ ਕੀਤਾ ਉਹ ਲੈ ਲਈ। ਬੱਚਿਆਂ ਦੀ ਮਨੋਵਿਗਿਆਨੀ ਡਾਕਟਰ ਸ਼ੁਚੀ ਮੁਤਾਬਕ,''ਬੱਚਿਆਂ ਦਾ ਖੁਦ 'ਤੇ ਕੰਟਰੋਲ ਨਹੀਂ ਹੁੰਦਾ, ਜੋ ਕਿ ਉਨ੍ਹਾਂ ਨੂੰ ਸਿਖਾਇਆ ਜਾਣ ਵਾਲਾ ਵਿਹਾਰ ਹੈ।''
ਜੇ ਤੁਹਾਡਾ ਬੱਚਾ ਚੀਜ਼ਾਂ ਚੁਰਾਉਣ ਲੱਗਾ ਹੈ ਜਾਂ ਅਣਜਾਣੇ 'ਚ ਆਪਣੇ ਦੋਸਤ ਦੇ ਖਿਡੌਣੇ ਘਰ ਲੈ ਆਉਂਦਾ ਹੈ ਤਾਂ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ। ਇਸ ਦੇ ਨਾਲ ਹੀ ਬੱਚੇ ਨੂੰ ਸਮਝਾਉਣਾ ਹੋਵੇਗਾ ਕਿ ਉਹ ਝੂਠ ਨਾ ਬੋਲੇ। ਅੱਜ ਅਸੀਂ ਤੁਹਾਨੂੰ ਕੁਝ ਤਰੀਕੇ ਦੱਸਾਂਗੇ ਕਿ ਜਿਸ ਨਾਲ ਤੁਸੀਂ ਆਪਣੇ ਬੱਚੇ ਨੂੰ ਚੋਰੀ ਕਰਨ ਦੀ ਆਦਤ ਤੋਂ ਬਚਾ ਸਕਦੇ ਹੋ।
1. ਉਸ ਨੂੰ ਸਵੈ-ਕੰਟਰੋਲ ਕਰਨਾ ਸਿਖਾਓ
ਜਿਵੇਂ ਕਿ ਪਹਿਲਾਂ ਵੀ ਦੱਸਿਆ ਹੈ ਕਿ ਬੱਚਿਆਂ 'ਚ ਸਵੈ-ਕੰਟਰੋਲ ਨਹੀਂ ਹੁੰਦਾ ਅਤੇ ਮਾਤਾ-ਪਿਤਾ ਇਸ ਨੂੰ ਹੋਰ ਜ਼ਿਆਦਾ ਵਧਾਵਾ ਦਿੰਦੇ ਹਨ। ਮਾਤਾ-ਪਿਤਾ ਬੱਚੇ ਦੀ ਹਰ ਜਿੱਦ ਪੂਰੀ ਕਰਦੇ ਹਨ। ਉਸ ਨੂੰ ਦੁਨੀਆ ਭਰ ਦੀਆਂ ਚੀਜ਼ਾਂ ਲਿਆ ਕੇ ਦਿੰਦੇ ਹਨ ਪਰ ਇਕ ਚੀਜ਼ ਨਹੀਂ ਦਿੰਦੇ ਉਹ ਹੈ ਪਸੰਦ। ਜੇ ਤੁਸੀਂ ਆਪਣੇ ਬੱਚੇ ਨੂੰ ਸਵੈ-ਕੰਟਰੋਲ ਸਿਖਾਉਣਾ ਚਾਹੁੰਦੇ ਹੋ ਤਾਂ ਉਸ ਨੂੰ ਚੀਜ਼ਾਂ ਚੁਨਣਾ ਸਿਖਾਓ। ਜਿਵੇਂ ਖਿਡੌਣਿਆਂ ਦੀ ਦੁਕਾਨ 'ਚ ਜਾ ਕੇ ਇਕ ਖਿਡੌਣਾ ਲੈਣਾ, ਪੂਰੇ ਹਫਤੇ 'ਚ ਇਕ ਕੈਂਡੀ ਲੈਣਾ ਆਦਿ।
2. ਮੁੱਲ ਅਤੇ ਨੈਤਿਕਤਾ ਉਸ ਦੇ ਜੀਵਨ ਦਾ ਹਿੱਸਾ ਬਣੇ
ਜੇ ਤੁਸੀਂ ਖੁਦ ਚੰਗਾ ਵਿਹਾਰ ਅਤੇ ਈਮਾਨਦਾਰੀ ਅਪਨਾਉਂਦੇ ਹੋ ਤਾਂ ਬੱਚੇ ਨੂੰ ਸਮਝਾਉਣਾ ਆਸਾਨ ਹੋਵੇਗਾ। ਤੁਹਾਨੂੰ ਬੱਚੇ ਦੁਆਰਾ ਬੁਰਾ ਵਿਹਾਰ ਕਰਨ 'ਤੇ ਉਸ ਨੂੰ ਸ਼ਰਮਿੰਦਾ ਕਰਨ ਦੀ ਥਾਂ ਉਸ ਦੇ ਚੰਗੇ ਕੰਮਾਂ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ। ਉਸ ਨੂੰ ਹਰ ਸਮੇਂ ਸਕਾਰਾਤਮਕ ਵਿਹਾਰ ਕਰਨਾ ਸਿਖਾਉਣਾ ਚਾਹੀਦਾ ਹੈ। ਬਚਪਨ 'ਚ ਸਿੱਖੀਆਂ ਹੋਈਆਂ ਗੱਲਾਂ ਪੂਰੀ ਜਿੰਦਗੀ ਯਾਦ ਰਹਿੰਦੀਆਂ ਹਨ।
3. ਬੱਚੇ ਨੂੰ ਵਿਸ਼ਵਾਸ ਦਾ ਮਹੱਤਵ ਸਮਝਾਓ
ਜੇ ਤੁਹਾਡਾ ਬੱਚਾ ਕੁਝ ਚੋਰੀ ਕਰਦਾ ਹੈ ਤਾਂ ਉਸ ਨੂੰ ਸਮਝਾਓ ਕਿ ਇਸ ਤਰ੍ਹਾਂ ਕਰਨ ਨਾਲ ਉਹ ਦੂਜਿਆਂ ਦਾ ਵਿਸ਼ਵਾਸ ਗਵਾ ਰਿਹਾ ਹੈ। ਖੇਡ-ਖੇਡ 'ਚ ਉਸ ਨੂੰ ਸਿਖਾਓ ਕਿ ਆਪਣੀ ਗਲਤ ਇੱਛਾ ਨੂੰ ਦਬਾ ਕੇ ਵਿਸ਼ਵਾਸ ਬਣਾਇਆ ਜਾ ਸਕਦਾ ਹੈ।
4. ਉਸ ਦੇ ਚੋਰੀ ਕਰਨ ਦੇ ਪੈਟਰਨ ਨੂੰ ਸਮਝਣਾ
ਬੱਚਾ ਘਰ 'ਚ ਚੋਰੀ ਕਰ ਰਿਹਾ ਹੈ ਜਾਂ ਬਾਹਰ। ਉਸ ਦੇ ਚੋਰੀ ਕਰਨ ਦੇ ਪੈਟਰਨ ਨੂੰ ਸਮਝਣਾ ਚਾਹੀਦਾ ਹੈ। ਹੋ ਸਕੇ ਤਾਂ ਕਿਸੇ ਮਾਹਰ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਸਥਿਤੀ 'ਚ ਬੱਚੇ ਨੂੰ ਡਾਂਟਣ ਦੀ ਥਾਂ ਸਮਝਦਾਰੀ ਨਾਲ ਕੰਮ ਲੈਣਾ ਚਾਹੀਦਾ ਹੈ।


Related News