ਲੋਹੜੀ ਦਾ ਬਦਲਦਾ ਰੂਪ

Thursday, Jan 12, 2017 - 10:14 AM (IST)

ਲੋਹੜੀ ਦਾ ਬਦਲਦਾ ਰੂਪ

ਜਲੰਧਰ— ਲੋਹੜੀ ਉੱਤਰ ਭਾਰਤ ''ਚ ਮਨਾਇਆ ਜਾਣ ਵਾਲਾ ਪ੍ਰਸਿੱਧ ਤਿਓਹਾਰ ਹੈ। ਨਵਾਂ ਸਾਲ ਆਉਂਦੇ ਹੀ ਲੋਕ ਲੋਹੜੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ। ਮਾਘ ਦੀ ਸੰਗਰਾਂਦ ਤੋਂ 1 ਦਿਨ ਪਹਿਲਾਂ 13 ਜਨਵਰੀ ਨੂੰ ਇਹ ਤਿਓਹਾਰ ਮਨਾਇਆ ਜਾਂਦਾ ਹੈ। ਖੁਸ਼ੀਆਂ ਮਨਾਉਣ, ਹੱਸਣ, ਨੱਚਣ ਅਤੇ ਗਾਉਣ ਲਈ ਇਸ ਤਿਓਹਾਰ ਦਾ ਇੰਤਜਾਰ ਹਰ ਕਿਸੇ ਨੂੰ ਬੇਸਬਰੀ ਨਾਲ ਰਹਿੰਦਾ ਹੈ। ਇਸ ਦਿਨ ਅੱਗ ਬਾਲ ਕੇ ਉਸ ''ਚ ਮੂੰਗਫਲੀ, ਰਿਓੜੀਆਂ ਅਤੇ ਤਿਲ ਦੀ ਆਹੂਤੀ ਪਾ ਕੇ ਪੂਜਾ ਕੀਤੀ ਜਾਂਦੀ ਹੈ। ਜਿਨ੍ਹਾਂ ਲੋਕਾਂ ਦੇ ਘਰ ''ਚ ਬੱਚੇ ਦਾ ਜਨਮ ਜਾਂ ਲੜਕੇ ਦਾ ਵਿਆਹ ਹੋਇਆ ਹੋਵੇ, ਉਹ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਇਹ ਤਿਓਹਾਰ ਧੂਮਧਾਮ ਨਾਲ ਮਨਾਉਂਦੇ ਹਨ। ਪੰਜਾਬੀ ਲੋਕ ਇਸ ਦਿਨ ਗਿੱਧਾ ਅਤੇ ਭੰਗੜਾ ਪਾ ਕੇ ਖੁਸ਼ੀਆਂ ਮਨਾਉਂਦੇ ਹਨ।

- ਲੋਹੜੀ ਦੇ ਪਿੱਛੇ ਮਾਨਤਾ 
ਇਕ ਕਹਾਣੀ ਮੁਤਾਬਕ ਕਿਹਾ ਜਾਂਦਾ ਹੈ ਕਿ ਦੁੱਲਾ ਭੱਟੀ ਨਾਂ ਦਾ ਇਕ ਡਾਕੂ ਸੀ, ਜੋ ਲੁੱਟਮਾਰ ਕਰਕੇ ਗਰੀਬ ਲੋਕਾਂ ਦੀ ਮਦਦ ਕਰਦਾ ਸੀ। ਉਸਨੇ ਮੁਸ਼ਕਲ ਸਮੇਂ ''ਚ ਸੁੰਦਰੀ ਅਤੇ ਮੁੰਦਰੀ ਦੋ ਭੈਣਾਂ ਦੀ ਮਦਦ ਕੀਤੀ, ਜਿੰਨ੍ਹਾਂ ਨੂੰ ਉਨ੍ਹਾਂ ਦੇ ਚਾਚੇ ਨੇ ਜ਼ਿਮੀਂਦਾਰਾਂ ਨੂੰ ਸੌਂਪ ਦਿੱਤਾ ਸੀ। ਦੁੱਲੇ ਨੇ ਉਨ੍ਹਾਂ ਨੂੰ ਜ਼ਿੰਮੀਦਾਰਾਂ ਤੋਂ ਛੁਡਾ ਕੇ ਲੋਹੜੀ ਦੀ ਇਸ ਰਾਤ ਅੱਗ ਬਾਲ ਕੇ ਉਨ੍ਹਾਂ ਦਾ ਵਿਆਹ ਕਰਵਾ ਦਿੱਤਾ ਅਤੇ ਇਕ ਸੇਰ ਸ਼ੱਕਰ ਉਨ੍ਹਾਂ ਦੀ ਝੋਲੀ ਪਾ ਕੇ ਵਿਦਾਈ ਦਿੱਤੀ। ਮੰਨਿਆ ਜਾਂਦਾ ਹੈ ਕਿ ਇਸੇ ਘਟਨਾ ਕਾਰਨ ਲੋਕ ਲੋਹੜੀ ਦਾ ਤਿਓਹਾਰ ਮਨਾਉਂਦੇ ਹਨ। ਦੁੱਲਾ ਭੱਟੀ ਨੂੰ ਅੱਜ ਵੀ ਪ੍ਰਸਿੱਧ ਲੋਕ ਗੀਤ ''ਸੁੰਦਰ ਮੁੰਦਰੀਏ'' ਗਾ ਕੇ ਯਾਦ ਕੀਤਾ ਜਾਂਦਾ ਹੈ।
- ਲੋਹੜੀ ਦਾ ਗੀਤ
ਲੋਹੜੀ ਦੇ ਤਿਓਹਾਰ ''ਤੇ ''ਸੁੰਦਰ ਮੁੰਦਰੀਏ..........ਹੋ, ਤੇਰਾ ਕੌਣ ਵਿਚਾਰਾ'' ਪ੍ਰਸਿੱਧ ਗੀਤ ਗਾਇਆ ਜਾਂਦਾ ਹੈ। ਬੱਚੇ ਦੂਜਿਆਂ ਦੇ ਘਰਾਂ ''ਚ ਇਸ ਗੀਤ ਨੂੰ ਗਾ ਕੇ ਲੋਹੜੀ ਮੰਗਦੇ ਹਨ।
- ਇੰਝ ਮਨਾਈ ਜਾਂਦੀ ਹੈ ਲੋਹੜੀ 
ਇਸ ਖੁਸ਼ੀ ਦੇ ਤਿਓਗਹਾਰ ਨੂੰ ਮਨਾਉਣ ਲਈ ਲੋਕ ਆਪਣੇ ਰਿਸ਼ਤੇਦਾਰਾਂ, ਦੋਸਤਾਂ ਅਤੇ ਆਂਢ-ਗੁਆਂਢ ਨੂੰ ਮੂੰਗਫਲੀ, ਰਿਓੜੀਆਂ ਅਤੇ ਤਿਲ ਵੰਡਦੇ ਹਨ ਅਤੇ ਇਸ ਹੀ ਥਾਂ ਇਕੱਠੇ ਹੋ ਕੇ ਲੋਹੜੀ ਮਨਾਉਂਦੇ ਹਨ। ਇਹ ਤਿਓਹਾਰ ਕਿਸਾਨ ਲਈ ਵੀ ਬਹੁਤ ਮਹੱਤਵ ਰੱਖਦਾ ਹੈ। ਇਸਨੂੰ ਫਸਲ ਕਟਾਈ ਦਾ ਤਿਓਹਾਰ ਵੀ ਮੰਨਿਆ ਜਾਂਦਾ ਹੈ। ਸਾਰੇ ਲੋਕ ਇਕ-ਦੂਜੇ ਦੇ ਘਰਾਂ ''ਚ ਜਾ ਕੇ ਨਵੇਂ ਜੰਮੇ ਬੱਚਿਆਂ ਅਤੇ ਨਵੀਂ ਲਾੜੀ ਨੂੰ ਆਸ਼ੀਰਵਾਦ ਦਿੰਦੇ ਹਨ। ਇਸ ਦਿਨ ਹਰ ਪਾਸੇ ਢੋਲ, ਭੰਗੜੇ ਅਤੇ ਗਿੱਧੇ ਦੀ ਧੂਮ ਸੁਣਾਈ ਦਿੰਦੀ ਹੈ।
- ਢੋਲ ਦੇ ਮਾਇਨੇ ਬਦਲੇ ਡੀ.ਜੇ ਦੀ ਧੁਨ ਨੇ
ਸਮਾਂ ਬਦਲਣ ਦੇ ਨਾਲ ਤਿਓਹਾਰ ਦੇ ਮਾਇਨੇ ਵੀ ਬਦਲਦੇ ਜਾ ਰਹੇ ਹਨ। ਪਹਿਲਾਂ ਲੋਹੜੀ ਦਾ ਸੱਦਾ ਦੇਣ ਲਈ ਮੂੰਗਫਲੀ ਅਤੇ ਤਿਓੜੀਆਂ ਵੰਡਿਆਂ ਜਾਂਦੀਆ ਸਨ। ਹੁਣ ਇਸ ਦੀ ਥਾਂ ਚਾਕਲੇਟ ਅਤੇ ਗਚਕ ਨੇ ਲੈ ਲਈ ਹੈ। ਡੀ.ਜੇ ਦੀ ਧੁਨ ਨੇ ਢੋਲ ਦੇ ਮਾਇਨਿਆਂ ਨੂੰ ਵੀ ਬਦਲ ਦਿੱਤਾ ਹੈ ਪਰ ਪਿੰਡਾਂ ''ਚ ਅੱਜ ਵੀ ਪਹਿਲਾਂ ਵਾਂਗ ਬੱਚੇ ਘਰ-ਘਰ ਜਾ ਕੇ ਗੀਤ ਗਾ ਕੇ ਲੋਹੜੀ ਮੰਗਦੇ ਹਨ।


Related News