ਹੁਣ ਵਾਲਮਾਰਟ ਗਾਹਕਾਂ ਤੋਂ ਨਹੀਂ ਲਵੇਗਾ ਡਲਿਵਰੀ ਫੀਸ

05/22/2018 11:03:46 PM

ਟੋਰਾਂਟੋ—ਵਾਲਮਾਰਟ ਕੈਨੇਡਾ ਕਾਰਪੋਰੇਸ਼ਨ ਨੇ ਆਨਲਾਈਨ ਆਰਡਰਾਂ ਲਈ ਆਪਣੇ ਸਾਰੇ ਕੈਨੇਡੀਅਨ ਸਟੋਰਾਂ ਤੋਂ ਮੁਫਤ ਪਿਕਅੱਪ ਸੇਵਾ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਟੋਰਾਂਟੋ ਵਿਖੇ ਈਟੇਲ ਕੈਨੇਡਾ ਕਾਨਫਰੰਸ ਦੌਰਾਨ ਕੰਪਨੀ ਦੇ ਆਨਲਾਈਨ ਗਰੌਸਰੀ ਮਾਮਲਿਆਂ ਦੇ ਨਿਗਰਾਨ ਡੈਰਿਲ ਪੋਰਟਰ ਨੇ ਕਿਹਾ ਕਿ ਸਾਰੀਆਂ ਵਪਾਰਕ ਵਸਤਾਂ ਅਤੇ ਹੋਰ ਉਤਪਾਦ ਜੋ ਪਹਿਲਾਂ ਰਵਾਇਤੀ ਕੈਰੀਅਰ ਰਾਹੀਂ ਭੇਜੇ ਜਾਂਦੇ ਹਨ, ਹੁਣ ਸਾਡੇ ਟਰੱਕਾਂ ਰਾਹੀਂ ਸਾਡੇ ਸਟੋਰਾਂ ਤਕ ਪਹੁੰਚਾਏ ਜਾਣਗੇ ਅਤੇ ਗਾਹਕ ਇਨ੍ਹਾਂ ਨੂੰ ਬਗੈਰ ਕਿਸੇ ਡਲਿਵਰੀ ਫੀਸ ਤੋਂ ਬਿਲਕੁਲ ਮੁਫਤ ਲਿਜਾ ਸਕਦੇ ਹਨ।

ਪੋਰਟਰ ਨੇ ਦੱਸਿਆ ਕਿ ਵਾਲਮਾਰਟ ਵੱਲੋਂ ਆਨਲਾਈਨ ਵਿਕਰੀ ਤਹਿਤ ਅਜਿਹੀਆਂ ਵਸਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਜੋ ਸਟੋਰਾਂ 'ਚ ਉਪਲੱਬਧ ਨਹੀਂ ਹੁੰਦੀਆਂ ਅਤੇ ਮੁਫਤ ਪਿਕਅੱਪ ਸੇਵਾ ਨਾਲ ਗਾਹਰ ਆਨਲਾਈਨ ਖਰੀਦ ਕੀਤੀਆਂ ਵਸਤਾਂ ਨੂੰ ਆਪਣੀ ਸਹੂਲਤ ਵਾਲੇ ਸਟੋਰ 'ਤੇ ਮੰਗਵਾ ਸਕਦੇ ਹਨ। ਇਸ ਸੇਵਾ ਨਾਲ ਗਾਹਕਾਂ ਨੂੰ ਡਲਿਵਰੀ ਫੀਸਦੀ ਬੱਚਤ ਹੋਵੇਗੀ ਅਤੇ ਉਹ ਆਪਣੇ ਨੇੜਲੇ ਸਟੋਰ 'ਤੇ ਜਾ ਕੇ ਸਬੰਧਤ ਵਸਤੂ ਪ੍ਰਾਪਤ ਕਰ ਸਕਣਗੇ। ਪੋਰਟਰ ਦਾ ਕਹਿਣਾ ਸੀ ਕਿ ਆਮ ਤੌਰ 'ਤੇ ਗਾਹਕ ਵਾਲਮਾਰਟ ਦੇ ਸਟੋਰ 'ਚ ਆਉਂਦੇ-ਜਾਂਦੇ ਰਹਿੰਦੇ ਹਨ ਅਤੇ ਅਜਿਹੇ 'ਚ ਉਨ੍ਹਾਂ ਨੂੰ ਡਲਿਵਰੀ ਫੀਸ ਅਦਾ ਕਰਨ ਤੋਂ ਮੁਕਤੀ ਮਿਲ ਜਾਵੇਗੀ।

ਇਸ ਪ੍ਰਕਿਰਿਆ ਨਾਲ ਉਨ੍ਹਾਂ ਨੂੰ ਵਧੇਰੇ ਫਾਇਦਾ ਹੋਵੇਗਾ ਜਿਨ੍ਹਾਂ ਦੀ ਗੈਰਹਾਜ਼ਰੀ 'ਚ ਸੰਬੰਧ ਵਸਤੂ ਘਰ ਪਹੁੰਚਦੀ ਸੀ ਅਤੇ ਘਰ ਨੂੰ ਜਿੰਦਾ ਲੱਗਿਆ ਹੋਣ ਕਾਰਨ ਡਲਿਵਰੀ ਵਾਲੇ ਵਸਤੂ ਨੂੰ ਬਾਹਰ ਹੀ ਛੱਡ ਕੇ ਚਲੇ ਜਾਂਦੇ ਸਨ। ਨਵੀਂ ਸੇਵਾ ਵਾਲਮਾਰਟ ਦੀ ਉਸ ਯੋਜਨਾ ਦਾ ਹਿੱਸਾ ਹੈ ਜਿਸ ਤਹਿਤ 2015 'ਚ ਚੋਣਵੇਂ ਸੋਟਰਾਂ ਗਰੌਸਰੀ ਪਿਕਅੱਪ ਦੀ ਸਹੂਲਤ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਲੋਬਲਾਜ਼ ਟੋਰਾਂਟੋ ਵਿਖੇ ਇਸੇ ਤਰ੍ਹਾਂ ਦੀ ਯੋਜਨਾ ਸ਼ੁਰੂ ਕਰ ਚੁੱਕੀ ਹੈ। ਵਾਲਮਾਰਟ ਕੈਨੇਡਾ ਨੇ ਗਰੇਟਰ ਟੋਰਾਂਟੋ ਏਰੀਆ ਤੋਂ ਇਲਾਵਾ ਕੈਲਗਰੀ ਅਤੇ ਐਡਮਿੰਟਨ 'ਚ ਆਪਣੇ ਕਾਰੋਬਾਰ ਨੂੰ ਵਧਾਇਆ ਹੈ।

ਕੰਪਨੀ ਵੱਲੋਂ ਪਿਛਲੇ ਸਾਲ ਅਗਸਤ 'ਚ ਆਨਲਾਈਨ ਗਾਹਕਾਂ ਤੋਂ ਵਸੂਲ ਕੀਤੀ ਜਾਂਦੀ 2.97 ਡਾਲਰ ਦੀ ਫੀਸ ਬੰਦ ਕਰ ਦਿੱਤੀ ਗਈ ਕਿਉਂਕਿ ਅੰਦਰੂਨੀ ਅਧਿਐਨ ਦੌਰਾਨ ਸਾਹਮਣੇ ਆਇਆ ਸੀ ਕਿ ਫੀਸ ਕਾਰ ਕਈ ਲੋਕ ਇਸ ਸੇਵਾ ਨੂੰ ਵਰਤਣ ਤੋਂ ਗੁਰੇਜ਼ ਕਰਦੇ ਹਨ। ਆਨਲਾਈਨ ਖਰੀਦਿਆ ਸਾਮਾਨ ਪਹੁੰਚਾਉਣ ਦੇ ਬਾਜ਼ਾਰ 'ਚ ਮੁਕਾਬਲੇਬਾਜ਼ੀ ਲਗਾਤਾਰ ਵਧਦੀ ਜਾ ਰਹੀ ਹੈ ਕਿਉਂਕਿ ਰਿਟੇਲਰਾਂ ਨੇ ਈ-ਕਾਮਰਸ ਖੇਤਰ 'ਚ ਤੇਜ਼ੀ ਨਾਲ ਫੈਲਦੀ ਐਮਾਜ਼ਾਨ ਦਾ ਟਾਕਰਾ ਕਰਨ ਦੀ ਠਾਣ ਲਈ ਹੈ। ਦੁਨੀਆ ਦੇ ਸਭ ਤੋਂ ਵੱਡੀ ਰਿਟੇਲ ਕੰਪਨੀ ਵਾਲਮਾਰਟ ਨੂੰ ਮੌਜੂਦਾ ਵਿੱਤੀ ਵਰ੍ਹੇ 'ਚ ਆਪਣੀ ਵਿਕਰੀ 40 ਫੀਸਦੀ ਵਧਣ ਦੀ ਆਸ ਹੈ। ਪਰ ਫਿਰ ਵੀ ਇਹ ਐਮਾਜ਼ਾਨ ਤੋਂ ਪਿਛੇ ਹੀ ਰਹੇਗੀ। ਵਾਲਮਾਰਟ ਮੁਤਾਬਕ ਇਸ ਸਾਲ ਦੀ ਪਹਿਲੀ ਤਿਮਾਹੀ 'ਚ ਇਸ ਦੀ ਆਨਲਾਈਨ ਵਿਕਰੀ 33 ਫੀਸਦੀ ਦੀ ਦਰ ਨਾਲ ਵਧੀ ਜਦਕਿ ਪਿਛਲੇ ਸਾਲ ਦੀ ਅੰਤਮ ਤਿਮਾਹੀ 'ਚ ਵਾਧਾ ਦਰ 23 ਫੀਸਦੀ ਦਰਜ ਕੀਤਾ ਗਿਆ ਸੀ। ਵਾਲਮਾਰਟ ਅਮਰੀਕਾ ਦੇ ਆਨਲਾਈਨ ਕਾਰੋਬਾਰ ਦੇ ਸੀ.ਈ.ਓ. ਮਾਕਰ ਲੋਰ ਨੇ ਕਿਹਾ ਕਿ ਉਹ ਆਨਲਾਈਨ ਕਾਰੋਬਾਰ 'ਚ 10 ਤੋਂ 20 ਫੀਸਦੀ ਦੀ ਤੇਜ਼ੀ ਵੇਖ ਰਹੇ ਹਨ।


Related News