ਹਵਾਈ : ਜਵਾਲਾਮੁਖੀ ਦਾ ਲਾਵਾ ਸਮੁੰਦਰ ''ਚ ਹੋਇਆ ਦਾਖਲ, ਬਣੇ ਜ਼ਹਿਰੀਲੇ ਬੱਦਲ
Tuesday, May 22, 2018 - 10:41 AM (IST)

ਹੋਨੋਲੂਲੂ (ਬਿਊਰੋ)— ਬੀਤੀ 3 ਮਈ ਤੋਂ ਹਵਾਈ ਵਿਚ ਜਵਾਲਾਮੁਖੀ ਕਿਲਾਇਆ ਵਿਚ ਧਮਾਕੇ ਹੋ ਰਹੇ ਹਨ। ਧਮਾਕਿਆਂ ਕਾਰਨ ਨਿਕਲਿਆ ਲਾਵਾ ਪ੍ਰਸ਼ਾਂਤ ਮਹਾਸਾਗਰ ਤੱਕ ਪਹੁੰਚ ਗਿਆ ਹੈ, ਜਿਸ ਕਾਰਨ ਪ੍ਰਸ਼ਾਸਨ ਨੇ 'ਲੇਜ਼' (ਸਮੁੰਦਰ ਤੋਂ ਲਾਵਾ ਪਹੁੰਚਣਾ) ਚਿਤਾਵਨੀ ਜਾਰੀ ਕਰ ਦਿੱਤੀ ਹੈ। ਜਵਾਲਾਮੁਖੀ ਕਾਰਨ ਇਲਾਕੇ ਵਿਚ ਜ਼ਹਿਰੀਲੀ ਗੈਸ ਫੈਲਦੀ ਜਾ ਰਹੀ ਹੈ। ਇਸ ਨਾਲ ਫੇਫੜਿਆਂ 'ਤੇ ਬੁਰਾ ਅਸਰ ਪੈ ਸਕਦਾ ਹੈ, ਅੱਖਾਂ ਅਤੇ ਸਕਿਨ ਵਿਚ ਜਲਨ ਹੋ ਸਕਦੀ ਹੈ। ਹੁਣ ਤੱਕ ਕਰੀਬ 2 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਆਪਣਾ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ ਹੈ।
ਅਮਰੀਕੀ ਤੱਟ ਰੱਖਿਅਕਾਂ ਨੇ ਐਤਵਾਰ ਨੂੰ ਜਵਾਲਾਮੁਖੀ ਦੇ ਚਾਰੇ ਪਾਸੇ ਸ਼ਿਪਿੰਗ ਲਈ ਲੋੜੀਂਦੇ ਪਾਣੀ ਲਈ ਲਾਵਾ ਪ੍ਰਵੇਸ਼ ਸੁਰੱਖਿਆ ਖੇਤਰ ਤਿਆਰ ਕਰਨ 'ਤੇ ਜ਼ੋਰ ਦਿੱਤਾ। ਤੱਟ ਰੱਖਿਅਕਾਂ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸੁੱਰਖਿਆ ਖੇਤਰ ਲਾਵਾ ਦੇ ਪ੍ਰਵੇਸ਼ ਬਿੰਦੂ ਦੇ ਚਾਰੇ ਪਾਸੀਂ ਲੱਗਭਗ 300 ਮੀਟਰ ਦੇ ਦਾਇਰੇ ਵਿਚ ਫੈਲਿਆ ਹੋਇਆ ਹੈ।
ਹਵਾਈ ਦੇ ਵਾਲਕੇਨੋ ਆਬਜ਼ਰਵੇਟਰੀ (ਐੱਚ. ਵੀ. ਓ.) ਨੇ ਕਿਹਾ,''ਇਸ ਗਰਮ, ਖੋਰਨ ਅਤੇ ਗੈਸ ਮਿਸ਼ਰਣ ਦੇ ਸਾਲ 2000 ਵਿਚ ਤੱਟੀ ਪ੍ਰਵੇਸ਼ ਬਿੰਦੂ ਤੱਕ ਪਹੁੰਚਣ ਦੇ ਤੁਰੰਤ ਬਾਅਦ ਦੋ ਲੋਕਾਂ ਦੀ ਮੌਤ ਹੋ ਗਈ ਸੀ। ਹਾਲ ਵਿਚ ਹੀ ਹੋਰ ਸਰਗਰਮ ਲਾਵਾ ਸਮੁੰਦਰੀ ਪਾਣੀ ਵਿਚ ਬਹਿ ਚੁੱਕਾ ਹੈ।'' ਇਕ ਨਿਊਜ਼ ਏਜੰਸੀ ਮੁਤਾਬਕ ਲੈਫਟੀਨੈਂਟ ਕਮਾਂਡਰ ਜੌਨ ਬੈਨਲ ਨੇ ਕਿਹਾ ਕਿ ਲਾਵਾ ਦੇ ਬਹੁਤ ਕਰੀਬ ਜਾਣ ਦੇ ਨਤੀਜੇ ਗੰਭੀਰ ਹੋ ਸਕਦੇ ਹਨ। ਮੌਤ ਵੀ ਹੋ ਸਕਦੀ ਹੈ।
ਐੱਚ. ਵੀ. ਓ. ਨੇ ਕਿਹਾ ਕਿ ਸ਼ਨੀਵਾਰ ਦੇਰ ਸ਼ਾਮ ਲਾਵਾ ਹਾਈਵੇ 137 ਪਾਰ ਕਰ ਕੇ ਪ੍ਰਸ਼ਾਂਤ ਮਹਾਸਾਗਰ ਵਿਚ ਦਾਖਲ ਹੋ ਗਿਆ। ਇਹ ਵੀ ਕਿਹਾ ਗਿਆ ਹੈ ਕਿ ਪਾਣੀ ਵਿਚ ਲਾਵਾ ਦੇ ਮਿਲਣ ਨਾਲ ਸਲਫਰ ਡਾਈਆਕਸਾਈਡ ਦਾ ਨਿਕਲਣਾ ਤਿੰਨ ਗੁਣਾ ਵੱਧ ਗਿਆ ਹੈ।