ਬਿਨਾਂ ਪਰਮਿਟ 5368 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ, ਠੇਕਾ ਸੀਲ

06/03/2018 6:31:59 AM

ਸੁਲਤਾਨਪੁਰ ਲੋਧੀ, (ਧੀਰ)- ਆਰ. ਸੀ. ਐੱਫ. ਰੋਡ ਪਿੰਡ ਟਿੱਬਾ 'ਤੇ ਸਥਿਤ ਇਕ ਸ਼ਰਾਬ ਦੇ ਠੇਕੇ ਤੋਂ 5368 ਪੇਟੀਆਂ ਬਿਨਾਂ ਪਰਮਿਟ ਦੇ ਬਰਾਮਦ ਹੋਈਆਂ ਹਨ।  ਜਾਣਕਾਰੀ ਦਿੰਦੇ ਹੋਏ ਈ. ਟੀ. ਓ. ਦੀਵਾਨ ਚੰਦ ਨੇ ਦੱਸਿਆ ਕਿ ਬੀਤੀ ਰਾਤ ਜਲੰਧਰ ਤੋਂ ਆਈ ਐਕਸਾਈਜ਼ ਵਿਭਾਗ ਦੀ ਟੀਮ ਵਲੋਂ ਇਸ ਖੇਤਰ ਦੇ ਕਈ ਠੇਕਿਆਂ 'ਤੇ ਬਿਨਾਂ ਪਰਮਿਟ ਦੇ ਸ਼ਰਾਬ ਮਿਲਣ ਉਪਰੰਤ ਉਨ੍ਹਾਂ ਨੂੰ ਸੀਲ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਇਹ ਸ਼ਰਾਬ ਬਗੈਰ ਪਰਮਿੰਟ ਦੇ ਮਿਲੀ ਸੀ ਅਤੇ ਠੇਕੇਦਾਰ ਨੂੰ ਕਈ ਵਾਰ ਫੋਨ ਲਾਇਆ ਪਰ ਕੋਈ ਇਥੇ ਨਹੀਂ ਪਹੁੰਚਿਆ ਤੇ ਅਜੇ ਤਕ ਪਾਰਟੀ ਵਲੋਂ ਕੋਈ ਵੀ ਇਸ ਦਾ ਸਬੂਤ ਪੇਸ਼ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਪੂਰਥਲਾ ਐਕਸਾਈਜ਼ ਵਿਭਾਗ ਦੀ ਸਮੁੱਚੀ ਟੀਮ ਵੱਲੋਂ ਭਾਰੀ ਮਾਤਰਾ 'ਚ ਮਿਲੀ ਸ਼ਰਾਬ ਦੇ ਸਿਰਫ ਇਕ ਹੀ ਸਟੋਰ ਦੀ ਗਿਣਤੀ ਕੀਤੀ ਜਾ ਸਕੀ ਹੈ, ਜਿਸ ਵਿਚੋਂ 5368 ਪੇਟੀਆਂ ਫਸਟ ਚੋਆਇਸ ਵਿਸਕੀ ਦੀਆਂ ਬਰਾਮਦ ਹੋਈਆਂ ਤੇ ਪਿੰਡ ਠੱਟਾ ਪੁਰਾਣਾ ਦੇ ਠੇਕੇ ਦੀ ਗਿਣਤੀ ਅਜੇ ਤਕ ਨਹੀਂ ਕੀਤੀ ਜਾ ਸਕੀ, ਉਸ ਨੂੰ ਵੀ ਰਾਤ ਹੀ ਸੀਲ ਕੀਤਾ ਗਿਆ ਹੈ। ਇਸ ਮੌਕੇ ਰਣਬਹਾਦਰ ਸਿੰਘ ਐਕਸਾਈਜ਼ ਇੰਸਪੈਕਟਰ, ਭੁਪਿੰਦਰ ਸਿੰਘ ਇੰਸਪੈਕਟਰ ਆਦਿ ਹਾਜ਼ਰ ਸਨ।


Related News