ਦੱਖਣੀ ਕੋਰੀਆ ਦੀ ਸਰਹੱਦ ''ਚ ਦਾਖਲ ਹੋਏ 2 ਉੱਤਰ ਕੋਰੀਆਈ ਨਾਗਰਿਕ
Saturday, May 19, 2018 - 06:37 PM (IST)

ਸਿਓਲ— ਉੱਤਰ ਕੋਰੀਆ ਦੇ ਦੋ ਨਾਗਰਿਕ ਸ਼ਨੀਵਾਰ ਨੂੰ ਪੀਲਾ ਸਾਗਰ ਪਾਰ ਕਰਕੇ ਦੱਖਣੀ ਕੋਰੀਆ 'ਚ ਦਾਖਲ ਹੋ ਗਏ। ਇਕ ਸਰਕਾਰੀ ਸੂਤਰ ਦੇ ਹਵਾਲੇ ਤੋਂ ਇਕ ਦੱਖਣੀ ਕੋਰੀਆਈ ਪੱਤਰਕਾਰ ਏਜੰਸੀ ਦੀ ਰਿਪੋਰਟ 'ਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਸੂਤਰ ਨੇ ਪੱਤਰਕਾਰ ਏਜੰਸੀ ਨੂੰ ਕਿਹਾ ਕਿ ਬਾਈਂਗਯਿਓਂਗ ਟਾਪੂ ਦੇ ਉੱਤਰ 'ਚ ਸਮੁੰਦਰੀ ਸਰਹੱਦ 'ਚ ਇਕ ਕਿਸ਼ਤੀ ਦੇਖੀ ਗਈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਦੱਖਣੀ ਕੋਰੀਆ 'ਚ ਆਉਣ ਦੀ ਇੱਛਾ ਵਿਅਕਤ ਕੀਤੀ। ਕੋਰੀਆਈ ਕੋਸਟ ਗਾਰਡਜ਼ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਬੰਧਤ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਇਸ ਮਾਮਲੇ 'ਚ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।
ਯੋਨਹਾਪ ਪੱਤਰਕਾਰ ਏਜੰਸੀ ਨੇ ਦੱਸਿਆ ਕਿ ਇਕ ਵਿਅਕਤੀ ਨੂੰ ਪਹਿਲਾਂ ਗਲਤੀ ਨਾਲ ਇਕ ਫੌਜੀ ਮੰਨ ਲਿਆ ਗਿਆ ਸੀ ਤੇ ਬਾਅਦ 'ਚ ਸਰਕਾਰ ਨੇ ਆਪਣਾ ਬਿਆਨ ਠੀਕ ਕਰਦਿਆਂ ਕਿਹਾ ਕਿ ਉਹ ਦੋਵੇਂ ਆਮ ਨਾਗਰਿਕ ਹਨ।