ਵਿਸ਼ਵ ਕੱਪ ਲਈ ਫਿੱਟ ਹੋਣਾ ਸਭ ਤੋਂ ਵੱਡੀ ਚੁਣੌਤੀ : ਨੇਮਾਰ
Friday, May 18, 2018 - 02:00 AM (IST)

ਸਾਓ ਪਾਓਲੋ— ਦੁਨੀਆ ਦੇ ਸਭ ਤੋਂ ਬਿਹਤਰੀਨ ਫਾਰਵਰਡਾਂ ਵਿਚੋਂ ਇਕ ਤੇ ਬ੍ਰਾਜ਼ੀਲ ਦੀ ਸਭ ਤੋਂ ਵੱਡੀ ਉਮੀਦ ਨੇਮਾਰ ਆਪਣੇ ਪੈਰ ਦੀ ਸੱਟ ਨੂੰ ਲੈ ਕੇ ਸਭ ਤੋਂ ਵੱਧ ਚਿੰਤਿਤ ਹੈ ਤੇ ਸਰਜਰੀ ਤੋਂ ਬਾਅਦ ਵਿਸ਼ਵ ਕੱਪ ਤਕ ਫਿੱਟ ਹੋਣ ਨੂੰ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਚੁਣੌਤੀ ਮੰਨ ਰਿਹਾ ਹੈ।
26 ਸਾਲ ਦੇ ਨੇਮਾਰ ਨੇ ਇੱਥੇ ਇਕ ਪ੍ਰਮੋਸ਼ਨਲ ਪ੍ਰੋਗਰਾਮ ਵਿਚ ਕਿਹਾ, ''ਸੱਟ ਤੋਂ ਪੂਰੀ ਤਰ੍ਹਾਂ ਉਭਰਨਾ ਕਾਫੀ ਮੁਸ਼ਕਿਲ ਹੈ। ਇਸ ਤੋਂ ਵੀ ਵੱਧ ਮੁਸ਼ਕਿਲ ਗੱਲ ਤਾਂ ਇਹ ਹੈ ਕਿ ਮੈਂ ਤਿੰਨ ਮਹੀਨੇ ਤਕ ਕੋਈ ਫੁੱਟਬਾਲ ਨਹੀਂ ਖੇਡੀ ਤੇ ਹੁਣ ਮੈਨੂੰ ਸਿੱਧੇ ਵਿਸ਼ਵ ਕੱਪ ਵਿਚ ਉਤਰਨਾ ਹੈ। ਉਮੀਦਾਂ ਕਾਫੀ ਵੱਧ ਹਨ, ਨਾ ਸਿਰਫ ਪ੍ਰਸ਼ੰਸਕਾਂ ਨੂੰ, ਸਗੋਂ ਮੈਨੂੰ ਖੁਦ ਤੋਂ ਵੀ। ਇਹ ਹੀ ਕਾਰਨ ਹੈ ਕਿ ਮੈਂ ਇਸ ਨੂੰ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਚੁਣੌਤੀ ਮੰਨ ਰਿਹਾ ਹਾਂ।''
ਬ੍ਰਾਜ਼ੀਲੀ ਸਟਾਰ ਨੇਮਾਰ ਨੂੰ ਜ਼ਖ਼ਮੀ ਹੋਣ ਦੇ ਬਾਵਜੂਦ ਫੀਫਾ ਵਿਸ਼ਵ ਕੱਪ ਲਈ ਰਾਸ਼ਟਰੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਨੇਮਾਰ ਸੱਟ ਕਾਰਨ 25 ਫਰਵਰੀ ਤੋਂ ਐਕਸ਼ਨ ਤੋਂ ਬਾਹਰ ਹੈ, ਜਿਸ ਕਾਰਨ ਉਸ ਨੂੰ ਸਰਜਰੀ ਵੀ ਕਰਾਉਣੀ ਪਈ।