ਦੇਸ਼ ਦੀਆਂ ਸਰਹੱਦਾਂ ਪੂਰੀ ਤਰ੍ਹਾਂ ਸੁਰੱਖਿਅਤ : ਕੋਵਿੰਦ

05/11/2018 10:28:30 AM

ਸ਼੍ਰੀਨਗਰ (ਮਜੀਦ, ਏਜੰਸੀਆਂ)— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀਰਵਾਰ ਦੁਨੀਆ ਦੀ ਸਭ ਤੋਂ ਵੱਧ ਉਚਾਈ 'ਤੇ ਸਥਿਤ ਜੰਗੀ ਖੇਤਰ ਸਿਆਚਿਨ ਵਿਖੇ ਫੌਜ ਦੇ ਬੇਸ ਕੈਂਪ ਦਾ ਦੌਰਾ ਕੀਤਾ ਅਤੇ ਉਥੇ ਤਾਇਨਾਤ ਜਵਾਨਾਂ ਦਾ ਸ਼ੁਕਰੀਆ ਅਦਾ ਕੀਤਾ।
ਰਾਸ਼ਟਰਪਤੀ ਨੇ ਕਿਹਾ ਕਿ ਪਿਛਲੇ ਲੱਗਭਗ 34 ਸਾਲ ਤੋਂ ਸਿਆਚਿਨ ਦੇ ਔਖੇ ਮੋਰਚੇ 'ਤੇ ਤਾਇਨਾਤ ਬਹਾਦਰ ਜਵਾਨਾਂ ਦੇ ਬਹਾਦਰੀ ਭਰੇ ਪ੍ਰਦਰਸ਼ਨ ਕਾਰਨ ਦੇਸ਼ਵਾਸੀਆਂ ਨੂੰ ਇਹ ਭਰੋਸਾ ਹੋਇਆ ਹੈ ਕਿ ਦੇਸ਼ ਦੀਆਂ ਸਰਹੱਦਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਉਹ ਇਥੇ ਤਾਇਨਾਤ ਜਵਾਨਾਂ ਨੂੰ ਇਹ ਭਰੋਸਾ ਦੇਣ ਲਈ ਆਏ ਹਨ ਕਿ ਹਰ ਦੇਸ਼ ਵਾਸੀ ਅਤੇ ਭਾਰਤ ਸਰਕਾਰ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਖੜ੍ਹੇ ਹਨ। 
ਫੌਜੀਆਂ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਉਹ ਫੌਜ ਦੇ 3 ਅੰਗਾਂ ਦੇ ਸਰਵਉੱਚ ਕਮਾਂਡਰ ਵਜੋਂ ਦੇਸ਼ ਵਾਸੀਆਂ ਵਲੋਂ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਨ ਲਈ ਇਥੇ ਆਏ ਹਨ। ਰਾਸ਼ਟਰਪਤੀ ਨੇ ਕਿਹਾ ਕਿ ਸਿਆਚਿਨ ਦੁਨੀਆ ਦਾ ਸਭ ਤੋਂ ਵੱਧ ਉਚਾਈ 'ਤੇ ਜੰਗੀ ਖੇਤਰ ਹੈ। ਇਥੋਂ ਦੇ ਮੌਸਮ ਵਿਚ ਆਮ ਜ਼ਿੰਦਗੀ ਜੀਣੀ ਔਖੀ ਹੈ। ਅਜਿਹੇ ਹਾਲਾਤ ਵਿਚ ਦੁਸ਼ਮਣ ਨਾਲ ਲੜਨ ਲਈ ਤਿਆਰ ਰਹਿਣਾ ਵੀ ਇਕ ਔਖਾ ਕੰਮ ਹੈ। ਉਨ੍ਹਾਂ ਕੁਮਾਰ ਚੌਕੀ ਦਾ ਵੀ ਦੌਰਾ ਕੀਤਾ। ਰਾਮਨਾਥ ਕੋਵਿੰਦ ਭਾਰਤ ਦੇ ਦੂਜੇ ਅਜਿਹੇ ਰਾਸ਼ਟਰਪਤੀ ਹਨ, ਜਿਨ੍ਹਾਂ ਸਿਆਚਿਨ ਦਾ ਦੌਰਾ ਕੀਤਾ ਹੈ।


Related News