ਕਿਸਾਨਾਂ ਦੇ ਸਬਰ ਦਾ ਬੰਨ੍ਹ ਟੁੱਟਿਆ, ਧਰਨਾ ਲਾ ਕੇ ਕੀਤਾ ਚੱਕਾ ਜਾਮ

05/13/2018 5:58:00 AM

ਅਬੋਹਰ,   (ਸੁਨੀਲ)–  ਲੰਬੀ ਮਾਈਨਰ ਦੇ ਅਧੀਨ ਟੇਲਾਂ ’ਤੇ ਵਸੇ ਪਿੰਡਾਂ ’ਚ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਸ਼ਨੀਵਾਰ ਨੂੰ ਪਿੰਡ ਪੱਟੀ ਸਦੀਕ, ਝੂਰਡ਼ਖੇਡ਼ਾ, ਸ਼ੇਰਗਡ਼੍ਹ, ਵਰਿਆਮ ਖੇਡ਼ਾ, ਢਾਣੀ ਹੀਰਾਂ ਵਾਲੀ ਅਤੇ ਢਾਣੀ ਹਰਗੋਬਿੰਦਪੁਰਾ ਦੇ ਕਿਸਾਨਾਂ ਨੇ ਹਨੂਮਾਨਗਡ਼੍ਹ ਰੋਡ ਵਿਖੇ ਪਿੰਡ ਰਾਜਪੁਰਾ ਦੇ ਨੇਡ਼ੇ ਸਡ਼ਕ ’ਤੇ ਧਰਨਾ ਲਾ ਕੇ ਚੱਕਾ  ਜਾਮ ਕਰ ਦਿੱਤਾ ਅਤੇ ਨਹਿਰੀ ਵਿਭਾਗ  ਖਿਲਾਫ ਰੱਜ ਕੇ ਨਾਅਰੇਬਾਜ਼ੀ ਕੀਤੀ। 
ਪਿੰਡ ਪੱਟੀ ਸਦੀਕ ਦੇ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਤਾਂ ਲੰਮੇ ਸਮੇਂ ਤੱਕ ਨਹਿਰਬੰਦੀ ਰਹੀ,  ਜਿਸ ਕਾਰਨ ਫਸਲਾਂ ਨੂੰ ਪਾਣੀ ਨਹੀਂ ਦਿੱਤਾ ਜਾ ਸਕਿਆ ਪਰ ਜਦ ਨਹਿਰਬੰਦੀ ਖਤਮ ਹੋਈ ਤਾਂ ਬਹੁਤ ਹੀ ਘੱਟ ਪਾਣੀ ਆਇਆ ਅਤੇ ਇਹ ਸਿਲਸਿਲਾ ਸਿਰਫ ਤਿੰਨ-ਚਾਰ ਦਿਨ ਹੀ ਚੱਲਿਆ, ਜਿਸ ਤੋਂ ਬਾਅਦ ਪਿਛਲੇ ਕਈ ਦਿਨਾਂ ਤੋਂ ਟੇਲਾਂ ’ਤੇ ਵਸੇ ਪਿੰਡਾਂ ’ਚ ਪਾਣੀ ਨਹੀਂ ਪਹੁੰਚ ਰਿਹਾ ਹੈ, ਜਿਸ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਅਤੇ ਬਾਗਾਂ ਨੂੰ ਜ਼ਬਰਦਸਤ ਨੁਕਸਾਨ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਆਪਣੀ ਫਸਲਾਂ ਦੀ ਰਾਖੀ ਕਿੰਝ ਕਰਨ?  ਅਤੇ ਆਉਣ ਵਾਲੇ ਸੀਜ਼ਨ ਲਈ ਨਰਮਾ ਲਾਉਣ ਜਾਂ ਨਹੀਂ। 
ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਬੰਧ ’ਚ ਸੀਨੀਅਰ ਕਿਸਾਨ ਅਜਾਇਬ ਸਿੰਘ ਦੀ ਅਗਵਾਈ ਵਿਚ ਕਿਸਾਨਾਂ ਨੇ ਨਹਿਰੀ ਵਿਭਾਗ ਦੇ ਐਕਸ. ਈ. ਐੱਨ. ਨਾਲ ਵੀ ਮੁਲਾਕਾਤ ਕੀਤੀ ਸੀ, ਉਦੋਂ ਦੋ-ਚਾਰ ਦਿਨਾਂ ਲਈ ਹੀ ਪਾਣੀ ਆਇਆ, ਉਸ ਤੋਂ ਬਾਅਦ ਹਾਲਤ ਉਹੀ ਹੋ ਗਈ ਅਤੇ ਹੁਣ ਨਹਿਰੀ ਵਿਭਾਗ ਕੋਈ ਸੁਣਵਾਈ ਨਹੀਂ ਕਰ ਰਿਹਾ, ਜਿਸ ਲਈ ਕਿਸਾਨਾਂ ਨੂੰ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇਹ ਦੱਸਿਆ ਜਾ ਚੁੱਕਿਆ ਹੈ ਕਿ ਕੁਝ ਪਿੰਡਾਂ ’ਚ ਪ੍ਰਭਾਵਸ਼ਾਲੀ ਲੋਕ ਮੋਘਿਆਂ ਨੂੰ ਹੇਠਾਂ ਕਰ ਕੇ ਟੇਲਾਂ ’ਤੇ ਵਸੇ ਪਿੰਡਾਂ ’ਚ ਆਉਣ ਵਾਲੇ ਪਾਣੀ ਨੂੰ ਰੋਕਦੇ ਹਨ। ਉਨ੍ਹਾਂ ’ਤੇ ਨਾ ਤਾਂ ਕੋਈ ਕਾਰਵਾਈ ਹੋਈ ਅਤੇ ਨਾ ਹੀ ਟੇਲਾਂ ’ਤੇ ਵਸੇ ਪਿੰਡਾਂ ਦੇ ਕਿਸਾਨਾਂ ਦੀ ਕੋਈ ਸੁਣਵਾਈ ਹੋਈ। ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।
ਲੱਗਭਗ 2 ਘੰਟੇ ਚੱਲੇ ਧਰਨੇ ਅਤੇ ਚੱਕਾ ਜਾਮ ਤੋਂ ਬਾਅਦ  ਮੌਕੇ ’ਤੇ ਨਹਿਰੀ ਵਿਭਾਗ ਦੇ ਐਕਸ. ਈ. ਐੱਨ. ਮੁਖਤਿਆਰ ਰਾਣਾ ਪੁੱਜੇ  ਜਿਨਾਂ ਵੱਲੋਂ  ਐਤਵਾਰ ਤੱਕ ਟੇਲਾਂ ’ਤੇ ਵਸੇ ਪਿੰਡਾਂ ’ਚ ਪਾਣੀ ਪਹੁੰਚਾਉਣ ਦੇ ਭਰੋਸੇ ਤੋਂ ਬਾਅਦ  ਕਿਸਾਨਾਂ ਨੈ ਆਪਣਾ ਧਰਨਾ ਚੁੱਕ ਲਿਆ।


Related News